ਅਬੋਹਰ, 19 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਨਗਰ ਨਿਗਮ ਅਬੋਹਰ ਦੇ ਸਫ਼ਾਈ ਸੇਵਕਾਂ ਦੀ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ, ਗਲੀਆਂ-ਮੁਹੱਲਿਆਂ ਅਤੇ ਜਨਤਕ ਥਾਵਾਂ ’ਤੇ ਕੂੜੇ ਦੇ ਢੇਰ ਲੱਗ ਗਏ ਹਨ। ਸਮੇਂ ਸਿਰ ਕੂੜਾ ਨਾ ਚੁੱਕੇ ਜਾਣ ਕਾਰਨ ਗੰਦਗੀ ਲਗਾਤਾਰ ਵੱਧ ਰਹੀ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤੀ ਮੌਸਮ ਦੇ ਮੱਦੇਨਜ਼ਰ ਸੜਕਾਂ ਅਤੇ ਗਲੀਆਂ ਵਿਚ ਪਿਆ ਕੂੜਾ ਸੜਨ ਲੱਗ ਪਿਆ ਹੈ, ਜਿਸ ਕਾਰਨ ਬਦਬੂ ਫੈਲ ਰਹੀ ਹੈ। ਇਸ ਨਾਲ ਮੱਖੀਆਂ, ਮੱਛਰ ਅਤੇ ਹੋਰ ਕੀੜੇ-ਮਕੌੜਿਆਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ, ਜਿਸ ਕਰਕੇ ਡੇਂਗੂ, ਮਲੇਰੀਆ ਅਤੇ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੱਧ ਗਿਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਹਾਲਾਤ ਜਲਦੀ ਨਾ ਸੁਧਰੇ ਤਾਂ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਵਪਾਰੀਆਂ ਅਤੇ ਸਥਾਨਕ ਵਾਸੀਆਂ ਨੇ ਦੱਸਿਆ ਕਿ ਸਫ਼ਾਈ ਨਾ ਹੋਣ ਕਾਰਨ ਬਾਜ਼ਾਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੂੜੇ ਦੇ ਢੇਰਾਂ ਕਾਰਨ ਨਾ ਸਿਰਫ਼ ਸ਼ਹਿਰ ਦੀ ਸੁੰਦਰਤਾ ਪ੍ਰਭਾਵਿਤ ਹੋ ਰਹੀ ਹੈ, ਸਗੋਂ ਲੋਕਾਂ ਦਾ ਜਨਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕਈ ਥਾਵਾਂ ’ਤੇ ਕੂੜਾ ਸੜਕਾਂ ਤੱਕ ਫੈਲ ਗਿਆ ਹੈ, ਜਿਸ ਨਾਲ ਆਵਾਜਾਈ ਵਿਚ ਵੀ ਰੁਕਾਵਟ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੁੱਝ ਦਿਨ ਪਹਿਲਾਂ ਪ੍ਰਸ਼ਾਸਨ ਵਲੋਂ ਜੇ.ਸੀ.ਬੀ ਦੀ ਮਦਦ ਨਾਲ ਕੂੜਾ ਚੁਕਵਾਇਆ ਗਿਆ ਸੀ, ਪਰ ਹੜਤਾਲ ਜਾਰੀ ਰਹਿਣ ਕਾਰਨ ਮੁੜ ਕੂੜਾ ਡੰਪ ਦਾ ਅੰਬਾਰ ਲੱਗ ਗਿਆ ਹੈ। ਕੂੜੇ ਦੇ ਢੇਰ ਦੇ ਆਲੇ-ਦੁਆਲੇ ਆਵਾਰਾ ਪਸ਼ੂਆਂ ਦਾ ਜਮਾਵੜਾ ਲੱਗਾ ਰਹਿੰਦਾ ਹੈ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਫ਼ਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਨਾਲ ਤੁਰੰਤ ਗੱਲਬਾਤ ਕਰਕੇ ਹੜਤਾਲ ਦਾ ਹੱਲ ਕੱਢਿਆ ਜਾਵੇ, ਤਾਂ ਜੋ ਸ਼ਹਿਰ ਵਿਚ ਸਫ਼ਾਈ ਪ੍ਰਬੰਧ ਮੁੜ ਬਹਾਲ ਹੋ ਸਕੇ।