ਫ਼ਾਜ਼ਿਲਕਾ, 23 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ’ਚ ਮਾਨਸੂਨ ਤੋਂ ਪਹਿਲਾ ਹੋਈ ਵਰਖਾ ਨੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬੀਤੀ ਰਾਤ ਪਏ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕੇ ਪਾਣੀ ਵਿਚ ਡੁੱਬੇ ਨਜ਼ਰ ਆਏ। ਸੜਕਾਂ ’ਤੇ ਭਰੇ ਪਾਣੀ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਸਕੂਲੀ ਬੱਚੇ ਵੀ ਪਾਣੀ ਕਾਰਨ ਪ੍ਰੇਸ਼ਾਨ ਹੋਏ। ਸ਼ਹਿਰ ’ਚ ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸਫ਼ਾਈ ਵਿਵਸਥਾ ਜਿੱਥੇ ਬੁਰੀ ਤਰ੍ਹਾਂ ਨਾਲ ਵਿਗੜੀ ਹੋਈ ਹੈ ਉੱਥੇ ਹੀ ਸੀਵਰੇਜ ਸਿਸਟਮ ਹੁਣ ਜਾਮ ਹੁੰਦਾ ਦਿਖਾਈ ਦੇ ਰਿਹਾ ਹੈ। ਮੀਂਹ ਦੇ ਕਾਰਨ ਗੰਦਗੀ ਨਾਲੀਆਂ ਦੇ ਜ਼ਰੀਏ ਸੀਵਰੇਜ ਵਿਚ ਜਾ ਰਹੀ ਹੈ। ਕਈ ਇਲਾਕਿਆਂ ਵਿਚ ਸੀਵਰੇਜ ਅਤੇ ਜ਼ਮੀਨ ਦੋਜ਼ ਨਾਲੀਆਂ ਵੀ ਬੰਦ ਹੋ ਰਹੀਆਂ ਹਨ। ਸੜਕਾਂ ’ਤੇ ਪਈ ਗੰਦਗੀ ਪਾਣੀ ਨਾਲ ਭਿੱਜਣ ਕਾਰਨ ਗੰਦੀ ਬਦਬੂ ਪੈਦਾ ਕਰ ਰਹੀ ਹੈ। ਜਿਸ ਕਾਰਨ ਆਲ਼ੇ ਦੁਆਲੇ ਦੇ ਲੋਕਾਂ ਦੇ ਨਾਲ-ਨਾਲ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਲੋਕਾਂ ਨੂੰ ਹੁਣ ਬਿਮਾਰੀਆਂ ਫੈਲਣ ਦਾ ਡਰ ਸਤਾ ਰਿਹਾ ਹੈ। ਫ਼ਾਜ਼ਿਲਕਾ ਦੇ ਆਰਿਆ ਸਮਾਜ ਰੋਡ, ਇਸਤਰੀ ਭਵਨ ਗਲੀ, ਸਰਕਾਰੀ ਕੰਨਿਆ ਸਕੂਲ ਰੋਡ, ਬੱਸ ਸਟੈਂਡ, ਦਾਣਾ ਮੰਡੀ, ਜ਼ਮੀਨਦੋਜ਼ ਪੁਲ ਆਦਿ ’ਚ ਪਾਣੀ ਭਰਿਆ ਦਿਖਾਈ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਕੋਈ ਨਹੀਂ ਆ ਰਿਹਾ। ਥਾਂ-ਥਾਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਉੱਪਰੋਂ ਵਰਖਾ ਕਾਰਨ ਗੰਦਗੀ ਸੜਕਾਂ ’ਤੇ ਘਰਾਂ ਅਤੇ ਦੁਕਾਨਾਂ ਅੱਗੇ ਆ ਰਹੀ ਹੈ। ਜਿਸ ਨਾਲ ਉਨ੍ਹਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਵਰਖਾ ਹੁੰਦੀ ਹੈ, ਮਾਨਸੂਨ ਆਉਂਦਾ ਹੈ, ਪਰ ਨਗਰ ਕੌਂਸਲ ਵਲੋਂ ਪਹਿਲਾ ਤੋਂ ਕੋਈ ਪੁਖ਼ਤਾ ਇੰਤਜ਼ਾਮ ਨਹੀਂ ਕੀਤੇ ਜਾਂਦੇ। ਦੂਸਰੇ ਪਾਸੇ ਸਫ਼ਾਈ ਸੇਵਕਾਂ ਦੀ ਹੜਤਾਲ ਦੇ ਕਾਰਨ ਸ਼ਹਿਰ ਦਾ ਹੁਣ ਬੁਰਾ ਹਾਲ ਹੋ ਚੁੱਕਿਆ ਹੈ।