02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਅਜੇ ਵੀ ਅਸਪੱਸ਼ਟ ਹੈ ਪੰਜਾਬ ਦੀ ਰਾਜਨੀਤਕ ਸਥਿਤੀ

Ad Position 21
No active advertisement
ਅਜੀਤ ਡੈਸਕ 24-07-2026

ਐ ਪੰਜਾਬ ਕਰਾਂ ਕੀ ਸਿਫ਼ਤ ਤੇਰੀ,
ਸ਼ਾਨਾਂ ਦੇ ਸਭ ਸਾਮਾਨ ਤੇਰੇ।
ਜਲ-ਪੌਣ ਤੇਰਾ, ਹਰਿਆਲ ਤੇਰੀ,
ਦਰਿਆ ਪਰਬਤ ਮੈਦਾਨ ਤੇਰੇ।
ਸ਼ਿਮਲਾ ਡਲਹੌਜ਼ੀ ਮਰੀ ਤੇਰੇ,
ਕਸ਼ਮੀਰ ਤੇਰਾ ਗ਼ੁਲਮਰਗ ਤੇਰਾ,
ਦਿੱਲੀ ਤੇਰੀ ਲਾਹੌਰ ਤੇਰਾ
ਅੰਮ੍ਰਿਤਸਰ ਸੋਹੇ ਸਵਰਗ ਤੇਰਾ।

ਪ੍ਰਸਿੱਧ ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਦੀ 1932 ਵਿਚ ਛਪੀ ਕਿਤਾਬ 'ਚੰਦਨਵਾੜੀ' ਦੀ ਇਹ ਕਵਿਤਾ ਨਵੀਂ ਪੀੜ੍ਹੀ ਦੇ ਨੌਜਵਾਨ ਪੰਜਾਬੀਆਂ ਨੇ ਸ਼ਾਇਦ ਹੀ ਪੜ੍ਹੀ ਹੋਵੇ, ਪਰ ਸਾਡੀ ਉਮਰ ਦੇ ਲਗਭਗ ਹਰ ਬੰਦੇ ਨੇ ਪੜ੍ਹੀ ਹੋਵੇਗੀ। ਜਿਸ ਪੰਜਾਬ ਦੀ ਗੱਲ ਚਾਤ੍ਰਿਕ ਜੀ ਨੇ ਕੀਤੀ, ਉਹ ਪੰਜਾਬ ਫਿਰ ਦੁਬਾਰਾ ਕਦੇ ਬਣ ਸਕੇਗਾ, ਅੱਜ ਤਾਂ ਇਸ ਦਾ ਸੁਪਨਾ ਲੈਣਾ ਵੀ ਔਖਾ ਜਾਪਦਾ ਹੈ। ਗ਼ੌਰਤਲਬ ਹੈ ਕਿ 1858 ਵਿਚ ਦਿੱਲੀ ਪੰਜਾਬ ਦਾ ਹਿੱਸਾ ਬਣਾ ਦਿੱਤੀ ਗਈ ਸੀ। ਕਿਉਂਕਿ ਜਿਨ੍ਹਾਂ ਇਲਾਕਿਆਂ ਦੀ ਗੱਲ ਤੇ ਜਿਸ ਸ਼ਾਨ ਦੀ ਗੱਲ ਚਾਤ੍ਰਿਕ ਜੀ ਨੇ ਕੀਤੀ ਹੈ, ਉਹ ਤਾਂ ਸਮੇਂ ਦੇ ਦੌਰਾਂ ਅਤੇ ਰਾਜਨੀਤੀ ਦੀ ਭੇਟ ਚੜ੍ਹ ਗਈ। ਜਿਨ੍ਹਾਂ ਇਲਾਕਿਆਂ ਦਾ, ਉਨ੍ਹਾਂ ਨੇ ਜ਼ਿਕਰ ਕੀਤਾ ਹੈ, ਉਨ੍ਹਾਂ ਵਿਚੋਂ ਇਕੱਲਾ ਅੰਮ੍ਰਿਤਸਰ ਹੀ ਹੁਣ ਪੰਜਾਬ ਕੋਲ ਬਚਿਆ ਹੈ। ਪੰਜਾਬ ਦੇ ਸਰੀਰ ਦੇ ਕਿੰਨੇ ਫੱਟ ਪਏ, ਕਿੰਨੇ ਟੋਟੇ ਹੋਏ, ਉਨ੍ਹਾਂ ਦਾ ਅਹਿਸਾਸ ਤਾਂ ਕਵਿਤਾ ਦੇ ਉਪਰੋਕਤ ਦੋ ਬੰਦਾਂ ਤੋਂ ਹੀ ਹੋ ਜਾਂਦਾ ਹੈ। ਖ਼ੈਰ, ਪੁਰਾਣੇ ਜ਼ਖ਼ਮਾਂ ਨੂੰ ਕੁਰੇਦਣਾ ਦਰਦ ਦੀ ਇੰਤਹਾ ਨੂੰ ਸਹਿਣ ਵਰਗਾ ਜਾਪਦਾ ਹੈ। ਪਰ ਅੱਜ ਦਾ ਪੰਜਾਬ ਉਸ ਵੇਲੇ ਦੇ 3 ਲੱਖ 57 ਹਜ਼ਾਰ ਵਰਗ ਕਿਲੋਮੀਟਰ ਵਿਚ ਫੈਲੇ ਪੰਜਾਬ ਦਾ ਸਿਰਫ਼ 7ਵਾਂ ਹਿੱਸਾ ਭਾਵ ਸਿਰਫ਼ 50 ਕੁ ਹਜ਼ਾਰ ਵਰਗ ਕਿਲੋਮੀਟਰ ਦਾ ਹੀ ਬਚਿਆ ਹੈ, ਇਸ ਦੀ ਹਾਲਤ ਵੇਖ ਕੇ ਸਿਰਫ਼ ਝੂਰਿਆ ਹੀ ਜਾ ਸਕਦਾ ਹੈ। ਅਜਿਹਾ ਬਿਲਕੁਲ ਨਹੀਂ ਜਾਪਦਾ ਕਿ ਕੋਈ ਅਜਿਹੀ ਸਮੂਹਿਕ ਲੀਡਰਸ਼ਿਪ ਜਾਂ ਕੋਈ ਕ੍ਰਿਸ਼ਮਾਈ ਨਾਇਕ ਪੰਜਾਬ ਨੂੰ ਛੇਤੀ ਮਿਲ ਸਕੇਗਾ, ਜੋ ਪੰਜਾਬ ਦੀ 1932 ਵਾਲੀ ਸ਼ਾਨ ਨਾ ਸਹੀ ਪਰ 1966 ਤੋਂ 1978 ਤੱਕ ਵਾਲੀ ਸ਼ਾਨ ਹੀ ਮੁੜ ਬਹਾਲ ਕਰ ਸਕੇ। ਇਸ ਵੇਲੇ ਪੰਜਾਬ ਦੀ ਰਾਜਨੀਤਕ ਹਾਲਤ ਤਾਂ ਬੁਰੀ ਤਰ੍ਹਾਂ ਭੰਬਲਭੂਸੇ ਵਾਲੀ ਬਣੀ ਹੋਈ ਹੈ। ਪੰਜਾਬ ਸਿਰ ਕਰਜ਼ੇ ਦੀ ਨਿੱਤ ਭਾਰੀ ਹੁੰਦੀ ਪੰਡ, ਨਸ਼ਾ, ਮਾਫੀਆ ਤੇ ਪੁਲਿਸ ਰਾਜ ਤਾਂ ਜਿਵੇਂ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਹਿੱਸਾ ਹੀ ਬਣ ਗਏ ਹਨ। ਹਰ ਪਾਰਟੀ ਪੰਜਾਬੀਆਂ ਨੂੰ ਮੁਫ਼ਤ ਦੀਆਂ ਸਹੂਲਤਾਂ ਦੇ ਕੇ ਜਾਂ ਦੇਣ ਦਾ ਲਾਲਚ ਦੇ ਚੋਣਾਂ ਜਿੱਤਣ ਦੇ ਆਹਰ ਵਿਚ ਲੱਗੀ ਹੋਈ ਹੈ। ਪੰਜਾਬ ਦੇ ਅਸਲ ਮਸਲੇ ਤੇ ਸਵੈਮਾਣ ਦੀ ਕਿਸੇ ਨੂੰ ਕੋਈ ਫ਼ਿਕਰ ਨਹੀਂ ਹੈ।
ਖ਼ੈਰ ਗੱਲ ਤਾਂ ਪੰਜਾਬ ਦੀ ਰਾਜਨੀਤੀ ਦੇ ਭੰਬਲਭੂਸੇ ਦੀ ਹੀ ਕਰਨੀ ਸੀ। ਪੰਜਾਬ ਦੀ ਰਾਜਨੀਤੀ ਵਿਧਾਨ ਸਭਾ ਚੋਣਾਂ ਸਿਰ 'ਤੇ ਹੋਣ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਅਸਪੱਸ਼ਟ ਸਥਿਤੀ ਵਿਚ ਹੈ। ਕੁਝ ਮਹੀਨੇ ਪਹਿਲਾਂ ਤਾਂ ਜਾਪਦਾ ਸੀ ਕਿ ਕਾਂਗਰਸ ਇਸ ਵਾਰ ਪੰਜਾਬ ਵਿਚ ਸਪੱਸ਼ਟ ਰੂਪ ਵਿਚ ਜੇਤੂ ਹੋ ਸਕਦੀ ਹੈ। ਪਰ ਉਸ ਦੇ ਲੀਡਰਾਂ ਦੀ ਆਪਸੀ ਫੁੱਟ ਨੇ ਕਾਂਗਰਸ ਦਾ ਜਿੰਨਾ ਨੁਕਸਾਨ ਕੀਤਾ ਹੈ, ਉਸ ਦੀ ਸ਼ਾਇਦ ਪੰਜਾਬ ਦੇ ਕਾਂਗਰਸ ਆਗੂਆਂ ਦੇ ਨਾਲ-ਨਾਲ ਹਾਈਕਮਾਨ ਨੂੰ ਵੀ ਸਮਝ ਨਹੀਂ ਆ ਰਹੀ। ਇਕ ਵੇਲੇ ਅਕਾਲੀ ਦਲ (ਬਾਦਲ) ਦੀ ਚੜ੍ਹਤ ਵੀ ਹੌਲੀ-ਹੌਲੀ ਦੁਬਾਰਾ ਸ਼ੁਰੂ ਹੁੰਦੀ ਜਾਪੀ ਸੀ, ਪਰ ਹੁਣ ਫਿਰ ਉਹ ਇਕ ਖੜੋਤ ਵਾਲੀ ਸਥਿਤੀ ਵਿਚ ਜਾਪਦਾ ਹੈ। ਇਕ ਵਾਰ ਅਜਿਹਾ ਬਿਰਤਾਂਤ ਵੀ ਬਣਿਆ ਸੀ ਕਿ ਅਕਾਲੀ ਦਲ (ਪੁਨਰ ਸੁਰਜੀਤ) ਕਾਮਯਾਬ ਹੋ ਸਕਦਾ ਹੈ ਪਰ ਉਨ੍ਹਾਂ ਦੀ ਆਪਸੀ ਖਿੱਚੋਤਾਣ ਅਤੇ ਸੁਸਤੀ ਨੇ ਉਸ ਦੀ ਸਥਿਤੀ ਵੀ ਖ਼ਰਾਬ ਕਰ ਦਿੱਤੀ ਹੈ। ਭਾਜਪਾ ਜਾਂ ਤਾਂ ਅਜੇ ਤੱਕ ਫ਼ੈਸਲਾ ਹੀ ਨਹੀਂ ਕਰ ਸਕੀ ਕਿ ਉਸ ਨੇ ਪੰਜਾਬ ਵਿਚ ਕੀ ਕਰਨਾ ਹੈ ਜਾਂ ਫਿਰ ਇਹ ਉਸ ਦੀ ਰਣਨੀਤੀ ਦਾ ਹਿੱਸਾ ਹੀ ਹੈ ਕਿ ਭੰਬਲਭੂਸਾ ਪਾਈ ਰੱਖਿਆ ਜਾਵੇ। ਕਿਉਂਕਿ ਕੇਂਦਰ ਵਿਚ ਸੱਤਾ ਵਿਚ ਹੋਣ ਦੇ ਬਾਵਜੂਦ ਉਹ ਕੇਂਦਰ ਨਾਲ ਸੰਬੰਧਿਤ ਪੰਜਾਬ ਦੀਆਂ ਤੇ ਸਿੱਖਾਂ ਦੀਆਂ ਮੰਗਾਂ ਮੰਨਣ ਵਿਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ, ਸਗੋਂ ਉਲਟਾ ਕਦੇ-ਕਦੇ ਪੰਜਾਬ ਨੂੰ ਕੋਈ ਨਵਾਂ ਝਟਕਾ ਜ਼ਰੂਰ ਦੇ ਦਿੰਦੀ ਹੈ। ਹੁਣ ਫਿਰ ਸ਼ੁਰੂ ਹੋ ਰਿਹਾ ਕਿਸਾਨੀ ਅੰਦੋਲਨ ਤੇ ਵਿਦਿਆਰਥੀ ਅੰਦੋਲਨ ਵੀ ਭਾਜਪਾ ਲਈ ਨੁਕਸਾਨਦੇਹ ਹੀ ਸਾਬਤ ਹੋਵੇਗਾ। ਪੰਜਾਬ ਦੀ ਹੁਕਮਰਾਨ 'ਆਪ' ਮੁਫ਼ਤ ਬਿਜਲੀ, 1000-1500 ਰੁਪਏ ਮਹੀਨਾ ਔਰਤਾਂ ਨੂੰ ਦੇਣ ਦੀ ਸਕੀਮ ਕਾਰਨ ਅਤੇ ਵਿਰੋਧੀ ਪਾਰਟੀਆਂ ਦੀ ਭੰਬਲਭੂਸੇ ਵਾਲੀ ਸਥਿਤੀ ਕਾਰਨ ਮਾਸਟਰ ਸਟਰੋਕ ਮਾਰਨ ਦੀ ਕੋਸ਼ਿਸ਼ ਵਿਚ ਹੈ। ਪਰ ਜਿਸ ਤਰ੍ਹਾਂ ਪੁਲਿਸ ਰਾਜ ਤੇ ਡਰ ਦਾ ਮਾਹੌਲ ਇਸ ਸਰਕਾਰ ਨੇ ਸਿਰਜਿਆ ਹੈ ਤੇ ਜਿਸ ਤਰ੍ਹਾਂ ਪੰਜਾਬ ਦੇ ਬਹੁਤੇ ਕਰਮਚਾਰੀਆਂ ਵਿਚ ਸਰਕਾਰ ਪ੍ਰਤੀ ਗੁੱਸਾ ਹੈ, ਉਸ ਨੂੰ ਦੇਖਦੇ ਹੋਏ ਉਨ੍ਹਾਂ ਦੀ ਵੀ ਪੱਕੀ ਜਿੱਤ ਦੀ ਗਾਰੰਟੀ ਨਹੀਂ ਕੀਤੀ ਜਾ ਸਕਦੀ। ਰਹੀ ਗੱਲ ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੀ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਦਲ ਉਭਾਰ ਵਿਚ ਹੈ, ਪਰ ਅਜੇ ਉਹ ਪੂਰੇ ਪੰਜਾਬ ਵਿਚ ਨਹੀਂ ਸਗੋਂ ਕੁਝ ਖ਼ਾਸ-ਖ਼ਾਸ ਹਿੱਸਿਆਂ ਵਿਚ ਹੀ ਉਭਾਰ ਵਿਚ ਨਜ਼ਰ ਆ ਰਿਹਾ ਹੈ। ਬੇਸ਼ੱਕ ਇਹ ਹੋ ਸਕਦਾ ਹੈ 2022 ਵਾਂਗ 2027 ਦੇ ਆਖਰੀ ਮਹੀਨੇ ਵਿਚ ਕਿਸੇ ਵੀ ਪਾਰਟੀ ਜਾਂ ਗਰੁੱਪ ਵੱਲ ਪੰਜਾਬ ਦੇ ਲੋਕਾਂ ਦਾ ਕੋਈ ਆਪ-ਮੁਹਾਰਾ ਝੁਕਾਅ ਹੋ ਜਾਵੇ। ਪਰ ਹਾਲ ਦੀ ਘੜੀ ਤਾਂ 2027 ਦੇ ਨਤੀਜਿਆਂ ਬਾਰੇ ਸਥਿਤੀ ਪੂਰੀ ਤਰ੍ਹਾਂ ਅਸਪੱਸ਼ਟ ਹੀ ਨਜ਼ਰ ਆ ਰਹੀ ਹੈ। ਹਾਲ ਦੀ ਘੜੀ ਕੋਈ ਵੀ ਭਵਿੱਖਬਾਣੀ ਕਰਨੀ ਸੰਭਵ ਨਹੀਂ ਜਾਪਦੀ। ਇਹ ਹਾਲਤ ਤਾਂ ਮੁਨੀਰ ਨਿਆਜ਼ੀ ਦੇ ਇਸ ਸ਼ਿਅਰ ਵਰਗੀ ਹੀ ਹੈ:
ਮੈਂ ਉਸਕੀ ਆਖੋਂ ਮੇਂ ਦੇਖਤਾ ਰਹਿਤਾ ਹੂੰ,
ਮਗ਼ਰ ਮੇਰੀ ਸਮਝ ਮੇਂ ਕੁਛ ਨਹੀਂ ਆਤਾ।
ਨੀਟ ਅੰਦੋਲਨ ਖਿਲਾਫ਼ ਐਨ.ਐਸ.ਏ. ਦੀ ਵਰਤੋਂ

ਨੀਟ ਪੇਪਰ ਲੀਕ ਤੋਂ ਬਾਅਦ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਦਾ ਅੰਦੋਲਨ ਦਿਨੋ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਭਾਵੇਂ ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਹਮੋ-ਸਾਹਮਣੇ ਆ ਗਈਆਂ ਹਨ ਤੇ ਇਕ-ਦੂਜੇ ਨੂੰ ਭਾਜਪਾ ਦੀ ਬੀ ਟੀਮ ਗ਼ਰਦਾਨ ਰਹੀਆਂ ਹਨ। ਪਰ ਫਿਰ ਵੀ ਇਹ ਪ੍ਰਭਾਵ ਜ਼ਰੂਰ ਹੈ ਕਿ ਕੇਂਦਰ ਸਰਕਾਰ ਇਸ ਅੰਦੋਲਨ ਤੋਂ ਕੁਝ-ਕੁਝ ਡਰੀ ਹੋਈ ਹੈ ਕਿ ਕਿਤੇ ਇਹ ਅੰਦੋਲਨ ਨਜ਼ਦੀਕੀ ਮੁਲਕਾਂ ਵਿਚ ਹੋਏ ਜੈਨ-ਜ਼ੀ ਅੰਦੋਲਨ ਵਰਗਾ ਰੂਪ ਨਾ ਲੈ ਲਵੇ। ਇਹੀ ਕਾਰਨ ਮੰਨਿਆ ਜਾਂਦਾ ਹੈ ਕਿ ਦਿੱਲੀ ਪੁਲਿਸ ਦੇ ਮੁਖੀ ਨੂੰ 19 ਜੁਲਾਈ ਤੋਂ 18 ਅਕਤੂਬਰ ਤੱਕ 3 ਮਹੀਨੇ ਲਈ ਐਨ.ਐਸ.ਏ. ਵਰਗੇ ਕਾਨੂੰਨ ਦੀ ਵਰਤੋਂ ਲਈ ਅਧਿਕਾਰ ਦੇ ਦਿੱਤੇ ਗਏ ਹਨ। ਇਸ ਅਧੀਨ ਕਿਸੇ ਨੂੰ ਵੀ, ਬਿਨਾਂ ਉਸ 'ਤੇ ਦੋਸ਼ ਲਾਏ 12 ਦਿਨਾਂ ਤੋਂ ਲੈ ਕੇ 12 ਮਹੀਨੇ ਤੱਕ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ। ਯਾਦ ਰਹੇ ਇਹੀ ਐਨ.ਐਸ.ਏ. ਭਾਈ ਅੰਮ੍ਰਿਤਪਾਲ ਸਿੰਘ 'ਤੇ ਵੀ ਲਾਇਆ ਗਿਆ ਸੀ। ਅਸੀਂ ਸਮਝਦੇ ਹਾਂ ਕੇਂਦਰ ਸਰਕਾਰ ਨੂੰ ਲੋਕ-ਰਾਜੀ ਵਿਰੋਧ ਦੇ ਖਿਲਾਫ਼ ਅਜਿਹਾ ਅਖ਼ੀਰਲਾ ਕਦਮ ਨਹੀਂ ਚੁੱਕਣਾ ਚਾਹੀਦਾ, ਕਿਉਂਕਿ ਲੋਕਰਾਜ ਵਿਚ ਵਿਰੋਧ ਕਰਨ ਦੀ ਇਜਾਜ਼ਤ ਦੇਣ ਦੇ ਨਾਲ-ਨਾਲ ਵਿਰੋਧ ਨੂੰ ਸੁਣਨ ਤੇ ਸਮਝਣ ਦੀ ਵੀ ਲੋੜ ਹੁੰਦੀ ਹੈ। ਪਰ ਐਨ.ਐਸ.ਏ. ਵਰਗੇ ਕਾਨੂੰਨ ਤਾਂ ਲੋਕਰਾਜ ਦੇ ਦਮਨ ਤੇ ਜਬਰ ਦੇ ਹੀ ਨਿਸ਼ਾਨ ਹਨ। ਕੋਈ ਵੀ ਹੋਸ਼ਮੰਦ ਵਿਅਕਤੀ ਇਸ ਦੀ ਹਮਾਇਤ ਨਹੀਂ ਕਰ ਸਕਦਾ। ਯਾਦ ਰੱਖੋ ਕਿਸੇ ਵੀ ਜਬਰ ਦੀ ਇੰਤਹਾ ਲੋਕਾਂ ਦੇ ਸਬਰ ਦੇ ਖ਼ਤਮ ਹੋਣ ਤੱਕ ਹੀ ਹੁੰਦੀ ਹੈ।
ਤੁਮ ਭੀ ਕਰੋਗੇ ਜਬਰ ਸ਼ਬ-ਓ-ਰੋਜ਼ ਇਸ ਕਦਰ,
ਹਮ ਭੀ ਕਰੇਂਗੇ ਸਬਰ ਮਗਰ ਇਖ਼ਤਿਆਰ ਤੱਕ।
(ਮੇਲਾ ਰਾਮ ਵਫਾ)
(ਸ਼ਬ-ਓ-ਰੋਜ਼=ਦਿਨ-ਰਾਤ, ਇਖ਼ਤਿਆਰ=ਵੱਸ, ਹੱਕ)
ਪੰਜਾਬ ਕਾਂਗਰਸ ਵਿਚ ਟੁੱਟ-ਭੱਜ ਦਾ ਖ਼ਤਰਾ ਵਧਿਆ

ਹਾਲਾਂਕਿ ਦੇਸ਼ ਭਰ ਦੇ ਮੀਡੀਆ ਵਿਚ ਕੱਲ੍ਹ ਪੰਜਾਬ ਕਾਂਗਰਸ ਦੀ ਹਾਈਕਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਵਿਚ ਹੁਣ ਸਭ ਅੱਛਾ ਹੋ ਗਿਆ ਹੈ। ਪਰ ਜਿਸ ਤਰ੍ਹਾਂ ਦੀਆਂ 'ਸਰਗੋਸ਼ੀਆਂ' ਸਾਨੂੰ ਸੁਣਾਈ ਦੇ ਰਹੀਆਂ ਹਨ ਉਨ੍ਹਾਂ ਅਨੁਸਾਰ ਇਹ ਤੂਫ਼ਾਨ ਤੋਂ ਪਹਿਲਾਂ ਦੀ ਖ਼ਾਮੋਸ਼ੀ ਹੀ ਹੈ। ਕਿਉਂਕਿ ਦੱਸੀ ਜਾਂਦੀ ਮੀਟਿੰਗ ਤੋਂ ਬਾਅਦ ਹੋਰ ਮੀਟਿੰਗ ਦੀ ਵੀ ਚਰਚਾ ਹੈ, ਜਿਸ ਵਿਚ ਕੁਝ ਪ੍ਰਮੁੱਖ ਨੇਤਾਵਾਂ ਨੇ ਸ਼ਾਮਿਲ ਹੋਣਾ ਪ੍ਰਵਾਨ ਨਹੀਂ ਕੀਤਾ। ਸਾਡੀ ਜਾਣਕਾਰੀ ਅਨੁਸਾਰ ਭਾਵੇਂ ਹੇਠਲੇ ਪੱਧਰ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਆਵਾਜ਼ ਉੱਠ ਰਹੀ ਹੈ, ਪਰ ਕਾਂਗਰਸ ਹਾਈਕਮਾਨ ਚੰਨੀ 'ਤੇ ਪੂਰਾ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਜਾਪਦੀ। ਇਸ ਦੇ ਕਾਰਨਾਂ ਵਿਚ ਦਿੱਤੀਆਂ ਜਾ ਰਹੀਆਂ ਸੱਚੀਆਂ ਝੂਠੀਆਂ ਦਲੀਲਾਂ ਵਿਚੋਂ ਪਹਿਲੀ ਦਲੀਲ ਇਹ ਹੈ ਕਿ ਜਦੋਂ ਚੰਨੀ ਨੂੰ ਪਿਛਲੀ ਵਾਰ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਉਸ ਵੇਲੇ ਉਹ ਹਾਈਕਮਾਨ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੇ ਸਨ। ਜਦੋਂ ਕਿ ਦੂਸਰਾ ਖ਼ਦਸ਼ਾ ਇਹ ਜਤਾਇਆ ਜਾ ਰਿਹਾ ਹੈ ਕਿ ਚੰਨੀ ਕਿਸੇ ਵੇਲੇ ਵੀ ਈ.ਡੀ. ਜਾਂ ਕੇਂਦਰੀ ਏਜੰਸੀਆਂ ਦੇ ਦਬਾਅ ਹੇਠ ਆ ਸਕਦੇ ਹਨ। ਜਦੋਂਕਿ ਦੂਜੇ ਪਾਸੇ ਰਾਜਾ ਵੜਿੰਗ ਦੇ ਵਿਰੋਧੀ ਵੀ ਉਨ੍ਹਾਂ 'ਤੇ ਪੰਜਾਬ ਸਰਕਾਰ ਨਾਲ ਕੰਪਰੋਮਾਈਜ਼ਡ (ਸਮਝੌਤਾ ਕਰ ਚੁੱਕੇ) ਹੋਣ ਦੇ ਦੋਸ਼ ਲਾ ਰਹੇ ਹਨ। ਸਾਡੀ ਜਾਣਕਾਰੀ ਅਨੁਸਾਰ ਜੇ ਕਾਂਗਰਸ ਸੱਚਮੁੱਚ ਇਕ ਹੋ ਕੇ ਚੋਣ ਲੜਦੀ ਹੈ, ਤਾਂ ਉਹ ਮੁੱਖ ਮੁਕਾਬਲੇ ਵਿਚ ਹੋ ਸਕਦੀ ਹੈ, ਪਰ ਅੰਦਰੂਨੀ ਫੁੱਟ ਕਰਕੇ ਉਸ ਦੀ ਹਾਲਤ ਬਹੁਤ ਖ਼ਰਾਬ ਹੈ। ਜੇਕਰ ਅਗਲੇ ਕੁਝ ਹਫ਼ਤਿਆਂ ਵਿਚ ਹੀ ਕਾਂਗਰਸ ਹਾਈਕਮਾਨ ਕੋਈ ਸਖ਼ਤ ਪਰ ਸਰਬ-ਪ੍ਰਵਾਨਿਤ ਫ਼ੈਸਲਾ ਨਾ ਕਰ ਸਕੀ ਤਾਂ ਪੰਜਾਬ ਕਾਂਗਰਸ ਦੇ ਕਈ ਨੇਤਾ ਹੋਰ ਪਾਰਟੀਆਂ ਵਿਚ ਜਾਣ ਨੂੰ ਤਰਜੀਹ ਦੇ ਸਕਦੇ ਹਨ। ਜਿਨ੍ਹਾਂ ਵਿਚੋਂ ਮਾਝੇ ਦੇ ਕੁਝ ਨੇਤਾ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲ, ਲੁਧਿਆਣਾ, ਫਾਜ਼ਿਲਕਾ ਤੇ ਗੁਰਦਾਸਪੁਰ ਦੇ ਕੁਝ ਨੇਤਾ ਭਾਜਪਾ ਵੱਲ ਅਤੇ ਦੁਆਬੇ ਦੇ ਕੁਝ ਨੇਤਾਵਾਂ ਦੇ 'ਆਪ' ਵੱਲ ਝੁਕਣ ਦੀ ਚਰਚਾ ਹੈ।
ਖਾਮੋਸ਼ੀ ਤੂਫਾਨ ਸੇ ਪਹਿਲੇ ਕੀ ਤਾਰੀ ਹੈ,
ਟੁਕੜੇ ਟੁਕੜੇ ਹੋ ਨਾ ਜਾਏ ਤੇਰੀ ਬਸਤੀ ਸੋਚ।

(ਲਾਲ ਫਿਰੋਜ਼ਪੁਰੀ)
-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com

Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ’ਚ ਪਏ ਮੀਂਹ ਨੇ ਪ੍ਰਬੰਧਾਂ ਦੀ ਖੋਲ੍ਹੀ ਪੋਲ ਅਗਲੀ ਖ਼ਬਰ ਊਰਜਾ ਦੇ ਖੇਤਰ ਵਿਚ ਨਵੀਆਂ ਤਬਦੀਲੀਆਂ
Ad Position 24
No active advertisement