02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਊਰਜਾ ਦੇ ਖੇਤਰ ਵਿਚ ਨਵੀਆਂ ਤਬਦੀਲੀਆਂ

Ad Position 21
No active advertisement
ਅਜੀਤ ਡੈਸਕ 24-07-2026

ਚੱਲ ਰਹੇ ਅਮਰੀਕਾ ਈਰਾਨ ਯੁੱਧ ਦੇ ਭਿਆਨਕ ਨਤੀਜੇ ਸਭ ਦੇ ਸਾਹਮਣੇ ਹਨ। ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਯੁੱਧ ਦੇ ਹੋਰ ਲੰਮੇ ਹੋ ਜਾਣ ਨਾਲ ਦੁਨੀਆ ਭਰ 'ਤੇ ਇਸ ਦੇ ਪੈਣ ਵਾਲੇ ਪ੍ਰਭਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਰਤ ਲਈ ਵੀ ਇਹ ਇਸ ਲਈ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ, ਕਿਉਂਕਿ ਦੇਸ਼ ਵਿਚ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਇੱਥੇ ਬਹੁਤੀ ਦਰਾਮਦ ਬਾਹਰੋਂ ਹੀ ਹੁੰਦੀ ਹੈ। ਇਸ ਵਿਚ ਈਰਾਨ ਅਤੇ ਖਾੜੀ ਦੇਸ਼ਾਂ ਦਾ ਵੱਡਾ ਹਿੱਸਾ ਹੈ। ਸਾਊਦੀ ਅਰਬ ਭਾਰਤ ਦਾ ਤੀਸਰਾ ਸਭ ਤੋਂ ਵੱਡਾ ਕੱਚੇ ਤੇਲ ਦਾ ਸਪਲਾਇਰ ਹੈ, ਜੋ ਆਪ ਵੀ ਹੋਰ ਖਾੜੀ ਦੇਸ਼ਾਂ ਨਾਲ ਇਸ ਮਸਲੇ 'ਤੇ ਵੱਡੀ ਮੁਸ਼ਕਿਲ ਵਿਚ ਫਸ ਚੁੱਕਾ ਹੈ। ਈਰਾਨ ਨੇ ਪਹਿਲਾਂ ਹੀ ਹੋਰਮੁਜ਼ ਜਲਡਮਰੂ 'ਤੇ ਕਬਜ਼ਾ ਕੀਤਾ ਹੋਇਆ ਹੈ, ਜਿਸ ਰਸਤੇ ਤੋਂ ਭਾਰਤ ਨੂੰ ਵੱਡੀ ਮਾਤਰਾ ਵਿਚ ਤੇਲ ਭੇਜਿਆ ਜਾਂਦਾ ਹੈ। ਅਮਰੀਕਾ ਇਸ ਸਮੁੰਦਰੀ ਰਸਤੇ ਨੂੰ ਹਰ ਸੂਰਤ ਵਿਚ ਖੁਲ੍ਹਵਾਉਣ ਲਈ ਯਤਨਸ਼ੀਲ ਹੈ, ਪਰ ਹੁਣ ਤੱਕ ਈਰਾਨ ਦੀ ਅੜੀ ਅੱਗੇ ਉਹ ਬੇਬੱਸ ਹੋਇਆ ਦਿਖਾਈ ਦਿੰਦਾ ਹੈ। ਦੋਵਾਂ ਵਿਚ ਲੜਾਈ ਜਾਰੀ ਰਹਿਣ ਦਾ ਇਹ ਇਕ ਵੱਡਾ ਕਾਰਨ ਹੈ, ਜਿਸ ਨੂੰ ਲੈ ਕੇ ਅਮਰੀਕਾ ਨੇ ਹੁਣ ਈਰਾਨ 'ਤੇ ਲਗਾਤਾਰ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੱਛਮੀ ਏਸ਼ੀਆ ਦੇ ਇਸ ਤਣਾਅ ਵਿਚ ਹੁਣ ਲਾਲ ਸਾਗਰ ਨਾਲ ਜੁੜੇ ਬਾਬ-ਅਲ-ਮੰਦੇਬ ਸਮੁੰਦਰੀ ਰਸਤੇ ਦੇ ਵੀ ਬੰਦ ਹੋਣ ਦੀ ਚਿੰਤਾ ਪੈਦਾ ਹੋ ਗਈ ਹੈ। ਈਰਾਨ ਦੇ ਯਮਨ ਦੇ ਹੂਤੀ ਵਿਦਰੋਹੀਆਂ ਨਾਲ ਲੰਮੇ ਸਮੇਂ ਤੋਂ ਸੰਬੰਧ ਰਹੇ ਹਨ। ਉਹ ਇਜ਼ਰਾਈਲ ਨਾਲ ਲੜਾਈ ਵਿਚ ਹਮੇਸ਼ਾ ਈਰਾਨ ਦਾ ਸਾਥ ਦਿੰਦੇ ਰਹੇ ਹਨ, ਜੇਕਰ ਹੂਤੀ ਵਿਦਰੋਹੀ ਲਾਲ ਸਾਗਰ ਦੇ ਇਸ ਰਸਤੇ 'ਤੇ ਵੀ ਗੜਬੜ ਕਰਨ ਲਗਦੇ ਹਨ ਤਾਂ ਕੱਚੇ ਤੇਲ ਦੀ ਸਪਲਾਈ 'ਤੇ ਹੋਰ ਵੀ ਮਾੜਾ ਅਸਰ ਪੈ ਸਕਦਾ ਹੈ। ਹੋਰਮੁਜ਼ ਰਸਤਾ ਬੰਦ ਹੋਣ ਕਰਕੇ ਸਾਊਦੀ ਅਰਬ ਅਤੇ ਹੋਰ ਖਾੜੀ ਦੇਸ਼ਾਂ ਨੇ ਤੇਲ ਦੇ ਨਿਰਯਾਤ ਲਈ ਲਾਲ ਸਾਗਰ ਦਾ ਇਹ ਰਸਤਾ ਚੁਣ ਲਿਆ ਸੀ। ਜੇਕਰ ਇੱਥੇ ਵੀ ਗੜਬੜ ਹੁੰਦੀ ਹੈ ਤਾਂ ਭਾਰਤ ਦੀਆਂ ਮੁਸ਼ਕਿਲਾਂ ਵਿਚ ਹੋਰ ਵੀ ਵਾਧਾ ਹੋ ਜਾਵੇਗਾ। ਭਾਰਤ ਨੇ ਪਹਿਲਾਂ ਹੀ ਇਸ ਸੰਕਟ ਨੂੰ ਘੱਟ ਕਰਨ ਲਈ ਰੂਸ, ਵੈਂਨਜ਼ੁਏਲਾ, ਬ੍ਰਾਜ਼ੀਲ ਅਤੇ ਅਮਰੀਕਾ ਤੋਂ ਤੇਲ ਦੀ ਦਰਾਮਦ ਸ਼ੁਰੂ ਕੀਤੀ ਹੋਈ ਹੈ। ਰੂਸ ਤੋਂ ਰੋਜ਼ਾਨਾ 25 ਲੱਖ ਬੈਰਲ ਤੋਂ ਵਧੇਰੇ ਤੇਲ ਇਥੇ ਪੁੱਜ ਰਿਹਾ ਹੈ। ਅਰਬਾਂ ਦਾ ਇਹ ਆਯਾਤ ਕੌਮਾਂਤਰੀ ਮੰਡੀ ਨਾਲ ਜੁੜਿਆ ਹੋਇਆ ਹੈ। ਜੇਕਰ ਉਥੇ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਇਸ ਦਾ ਸਿੱਧਾ ਅਸਰ ਭਾਰਤ 'ਤੇ ਪੈਂਦਾ ਹੈ। ਊਰਜਾ ਦੀ ਇਸ ਪੂਰਤੀ ਲਈ ਭਾਰਤ ਨੇ ਲਗਾਤਾਰ ਅਜਿਹੇ ਯਤਨ ਸ਼ੁਰੂ ਕੀਤੇ ਹਨ, ਕਿ ਉਹ ਇਸ ਦਾ ਬਦਲ ਲੱਭ ਸਕੇ।
ਹੁਣ ਤੱਕ ਇਨ੍ਹਾਂ ਯਤਨਾਂ ਵਿਚ ਕਾਫ਼ੀ ਸਫ਼ਲਤਾ ਵੀ ਪ੍ਰਾਪਤ ਕੀਤੀ ਜਾ ਚੁੱਕੀ ਹੈ। ਖ਼ਾਸ ਤੌਰ 'ਤੇ ਇਲੈਕਟ੍ਰਿਕ ਸਕੂਟਰ, ਕਾਰਾਂ, ਬੱਸਾਂ ਤੇ ਟਰੱਕ ਵੱਡੀ ਮਾਤਰਾ ਵਿਚ ਦੇਸ਼ ਵਿਚ ਹੀ ਤਿਆਰ ਕੀਤੇ ਜਾਣ ਨੂੰ ਤਰਜੀਹੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਥਾਨੋਲ ਨੂੰ ਵੀ ਪਟਰੋਲ ਵਿਚ ਮਿਲਾ ਕੇ ਵਾਹਨਾਂ 'ਚ ਵਰਤਿਆ ਜਾਣ ਲੱਗਾ ਹੈ। ਹਾਈਡਰੋਜਨ ਨਾਲ ਰੇਲ ਗੱਡੀਆਂ ਚਲਾਉਣ ਦੀ ਪਹਿਲ ਵੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਦਿਨੀਂ ਹਰਿਆਣੇ ਵਿਚ ਇਕ ਹਾਈਡਰੋਜਨ ਨਾਲ ਚੱਲਣ ਵਾਲੀ ਰੇਲ ਗੱਡੀ ਨੂੰ ਵੀ ਹਰੀ ਝੰਡੀ ਦਿੱਤੀ ਹੈ। ਇਸ ਦੇ ਨਾਲ ਹੀ ਇਥਾਨੋਲ ਦਾ ਵੀ ਇਸਤੇਮਾਲ ਵਧੇਰੇ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਥਾਨੋਲ ਦੇ ਵਾਹਨਾਂ ਵਿਚ ਇਸਤੇਮਾਲ ਨਾਲ ਇਸ ਖੇਤਰ ਵਿਚ ਇਕ ਵੱਡੀ ਤਬਦੀਲੀ ਆ ਸਕਦੀ ਹੈ। ਇਸ ਦੇ ਇਸਤੇਮਾਲ ਨਾਲ ਪ੍ਰਦੂਸ਼ਣ ਦੇ ਘੱਟ ਹੋਣ ਅਤੇ ਕਿਸਾਨਾਂ ਦੀ ਆਮਦਨੀ ਵਧਣ ਦੀਆਂ ਹੋਰ ਵੀ ਸੰਭਾਵਨਾਵਾਂ ਬਣ ਗਈਆਂ ਹਨ। ਇਥਾਨੋਲ ਇਕ ਅਜਿਹਾ ਤੇਲ ਹੈ, ਜੋ ਮੁੱਖ ਤੌਰ 'ਤੇ ਗੰਨੇ ਦੇ ਰਸ, ਮੱਕੀ ਅਤੇ ਸੀਰੇ ਨਾਲ ਤਿਆਰ ਹੁੰਦਾ ਹੈ। ਭਾਰਤ ਵਿਚ ਇਕ ਅੰਦਾਜ਼ੇ ਅਨੁਸਾਰ ਇਸ ਸਮੇਂ 30 ਕਰੋੜ ਦੇ ਲਗਭਗ ਦੋਪਹੀਆ ਵਾਹਨ ਹਨ ਅਤੇ 8 ਕਰੋੜ ਦੇ ਲਗਭਗ ਕਾਰਾਂ ਹਨ। ਪੈਟਰੋਲ ਦੇ ਨਾਲ 20 ਫ਼ੀਸਦੀ ਤੱਕ ਇਥਾਨੋਲ ਦੀ ਵਰਤੋਂ ਇਕ ਵੱਡੀ ਰਾਹਤ ਬਣ ਗਈ ਹੈ। ਇਸ ਸੰਬੰਧੀ ਸਮੇਂ-ਸਮੇਂ ਕਈ ਸ਼ੰਕੇ ਵੀ ਪ੍ਰਗਟ ਕੀਤੇ ਜਾਂਦੇ ਰਹੇ ਹਨ ਪਰ ਇਹ ਗੱਲ ਯਕੀਨੀ ਤੌਰ 'ਤੇ ਪਰਖੀ ਗਈ ਹੈ, ਕਿ ਇਸ ਨਾਲ ਵਾਹਨ ਦੇ ਇੰਜਣ 'ਤੇ ਕੋਈ ਅਸਰ ਨਹੀਂ ਪੈਂਦਾ। ਇਸ ਨੂੰ ਵਰਤੋਂ ਵਿਚ ਲਿਆਉਣ ਤੋਂ ਪਹਿਲਾਂ ਦਹਾਕਿਆਂ ਤੱਕ ਇਸ ਬਾਰੇ ਖੋਜ ਕੀਤੀ ਜਾਂਦੀ ਰਹੀ ਹੈ।
ਬ੍ਰਾਜ਼ੀਲ ਵਰਗੇ ਦੇਸ਼ ਵਿਚ 1970 ਤੋਂ ਹੀ ਵਾਹਨਾਂ ਲਈ 100 ਫ਼ੀਸਦੀ ਇਥਾਨੋਲ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਵਰਤੋਂ ਟੋਇਟਾ, ਹਾਂਡਾ, ਸੁਜ਼ੂਕੀ ਆਦਿ ਬਿਹਤਰੀਨ ਗੱਡੀਆਂ ਵਿਚ ਵੀ ਹੁੰਦੀ ਹੈ। ਭਾਰਤ ਵਿਚ ਸਾਲ 2004 ਤੋਂ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਪੂਰੇ ਵਿਗਿਆਨਕ ਤਜਰਬਿਆਂ ਨਾਲ ਹੁਣ ਇਸ ਨੂੰ 20 ਫ਼ੀਸਦੀ ਤੱਕ ਵਧਾਇਆ ਗਿਆ ਹੈ। ਇਸ ਸੰਬੰਧੀ ਪੈਟਰੋਲੀਅਮ ਤੇ ਕੁਦਰਤੀ ਗੈਸ ਬਾਰੇ ਰਾਜ ਮੰਤਰੀ ਸੁਰੇਸ਼ ਗੋਪੀ ਨੇ ਸੋਮਵਾਰ ਨੂੰ ਰਾਜ ਸਭਾ ਵਿਚ ਇਹ ਦੱਸਿਆ ਸੀ ਕਿ ਭਵਿੱਖ ਵਿਚ ਵਾਹਨਾਂ ਵਿਚ ਇਥਾਨੋਲ ਦੀ ਮਾਤਰਾ ਵਿਚ ਕੋਈ ਵੀ ਵਾਧਾ ਵਿਗਿਆਨਕ ਅਧਿਐਨਾਂ ਅਤੇ ਉਦਯੋਗਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਕੀਤਾ ਜਾਵੇਗਾ। ਇਸ ਲਈ ਆਟੋਮੋਬਾਈਲ ਨਿਰਮਾਤਾਵਾਂ, ਤੇਲ ਕੰਪਨੀਆਂ ਅਤੇ ਖੋਜ ਸੰਸਥਾਵਾਂ ਨੂੰ ਵੀ ਵਿਸਥਾਰਤ ਸਲਾਹ-ਮਸ਼ਵਰੇ ਵਿਚ ਸ਼ਾਮਿਲ ਕੀਤਾ ਜਾਏਗਾ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਨੇ ਪਿਛਲੇ 5 ਸਾਲਾਂ ਵਿਚ ਵਾਹਨਾਂ ਵਿਚ ਪਟਰੋਲ ਨਾਲ ਮਿਲਾ ਕੇ 20 ਫ਼ੀਸਦੀ ਤੱਕ ਇਥਾਨੋਲ ਦੀ ਵਰਤੋਂ ਦਾ ਟੀਚਾ ਪ੍ਰਾਪਤ ਕਰ ਲਿਆ ਹੈ। ਇਸ ਯੋਜਨਾ ਤਹਿਤ ਦਹਾਕਿਆਂ ਤੋਂ ਵੀ ਵੱਧ ਪੜਾਵਾਂ ਵਿਚ ਇਸ ਨੂੰ ਲਾਗੂ ਕੀਤਾ ਗਿਆ ਹੈ। ਔਸਤ ਇਥਾਨੋਲ ਮਿਸ਼ਰਨ 2013-14 ਵਿਚ ਲਗਭਗ 1:53 ਫ਼ੀਸਦੀ ਤੋਂ ਵਧ ਕੇ ਹੁਣ 20 ਫ਼ੀਸਦੀ ਤੱਕ ਹੋ ਗਿਆ ਹੈ। ਇਸ ਖੇਤਰ ਨਾਲ ਜੁੜੇ ਵਿਗਿਆਨਕਾਂ ਨੇ ਵੀ ਲਗਾਤਾਰ ਇਹ ਸਪੱਸ਼ਟ ਕੀਤਾ ਹੈ ਕਿ ਇਸ ਨਾਲ ਵਾਹਨਾਂ ਦੇ ਇੰਜਣ 'ਤੇ ਕੋਈ ਅਸਰ ਨਹੀਂ ਪੈਂਦਾ। ਇਸ ਦੀ ਵਰਤੋਂ ਸੰਬੰਧੀ ਉਠਾਏ ਗਏ ਸਾਰੇ ਸ਼ੰਕਿਆਂ ਨੂੰ ਨਿਰਮੂਲ ਦੱਸਿਆ ਗਿਆ ਹੈ। ਇਸ ਲਈ ਹੋਰ ਵੀ ਵੱਧ ਤੋਂ ਵੱਧ ਯਤਨ ਕੀਤੇ ਜਾਣੇ ਜ਼ਰੂਰੀ ਹਨ।
ਜੇਕਰ ਦੇਸ਼ ਵਿਚ ਅਜਿਹੇ ਜੈਵਿਕ ਉਤਪਾਦਨ ਨੂੰ ਵਧਾਇਆ ਜਾਂਦਾ ਹੈ ਤਾਂ ਇਸ ਨਾਲ ਆਰਥਿਕਤਾ 'ਤੇ ਬੋਝ ਘਟਾਉਣ ਵਿਚ ਵੱਡੀ ਮਦਦ ਮਿਲ ਸਕਦੀ ਹੈ, ਜਿਨ੍ਹਾਂ ਵਿਕਸਿਤ ਦੇਸ਼ਾਂ ਵਿਚ ਵੀ ਅਜਿਹੇ ਤਜਰਬੇ ਹੋਏ ਹਨ, ਉਨ੍ਹਾਂ ਨੂੰ ਊਰਜਾ ਦੇ ਖੇਤਰ ਵਿਚ ਇਸ ਤੋਂ ਵੱਡੀ ਰਾਹਤ ਮਿਲੀ ਹੈ। ਭਾਰਤ ਨੂੰ ਵੀ ਆਤਮ-ਨਿਰਭਰਤਾ ਲਈ ਲਗਾਤਾਰ ਇਨ੍ਹਾਂ ਖੇਤਰਾਂ ਵਿਚ ਵੱਡੀਆਂ ਪ੍ਰਾਪਤੀਆਂ ਲਈ ਕਦਮ ਵਧਾਉਣੇ ਪੈਣਗੇ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਅਜੇ ਵੀ ਅਸਪੱਸ਼ਟ ਹੈ ਪੰਜਾਬ ਦੀ ਰਾਜਨੀਤਕ ਸਥਿਤੀ ਅਗਲੀ ਖ਼ਬਰ ਅਕਾਲੀ ਆਗੂਆਂ ਵਲੋਂ ਸਫ਼ਾਈ ਸੇਵਕਾਂ ’ਤੇ ਹੋਏ ਲਾਠੀਚਾਰਜ ਨਿਖੇਧੀ
Ad Position 24
No active advertisement