ਭਾਰਤ ਤੇ ਪਾਕਿਸਤਾਨ ਦੇ ਲੋਕਾਂ ਨੂੰ ਅਮਨ ਤੇ ਦੋਸਤੀ ਦਾ ਪੈਗਾਮ ਦੇਣ ਲਈ ਪਿਛਲੇ ਤਿੰਨ ਦਹਾਕਿਆਂ ਤੋਂ ਅਟਾਰੀ-ਵਾਹਗਾ ਸਰਹੱਦ 'ਤੇ ਮੋਮਬੱਤੀਆਂ ਜਗਾਉਂਦੀਆਂ ਆ ਰਹੀਆਂ ਸੰਸਥਾਵਾਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕੈਡਮੀ ਅਤੇ ਸਾਊਥ ਏਸ਼ੀਆ ਫ੍ਰੀ ਮੀਡੀਆ ਐਸੋਸੀਏਸ਼ਨ (ਸਾਫਮਾ) ਵਲੋਂ ਇਸ ਵਾਰ ਵੀ 14 ਅਗਸਤ ਦੀ ਰਾਤ ਨੂੰ ਸਰਹੱਦ 'ਤੇ ਮੋਮਬੱਤੀਆਂ ਜਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪਾਕਿਸਤਾਨ ਵਾਲੇ ਪਾਸੇ ਮੋਮਬੱਤੀਆਂ ਜਗਾਉਣ ਦਾ ਪ੍ਰੋਗਰਾਮ ਸਾਫ਼ਮਾ ਵਲੋਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਲਾਹੌਰ ਵਿਚ ਸਾਫ਼ਮਾ ਦੇ ਆਡੀਟੋਰੀਅਮ 'ਚ 'ਸ਼ਾਂਤੀ ਨੂੰ ਇਕ ਮੌਕਾ ਹੋਰ ਦਿਓ' ਵਿਸ਼ੇ 'ਤੇ ਭਾਰਤ-ਪਾਕਿਸਤਾਨ ਸੰਬੰਧਾਂ ਬਾਰੇ ਸ਼ਾਮ 4 ਤੋਂ 6 ਵਜੇ ਤੱਕ ਸੈਮੀਨਾਰ ਹੋਵੇਗਾ, ਜਿਸ ਦੇ ਮੁੱਖ ਬੁਲਾਰੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਮੁਹੰਮਦ ਕਸੂਰੀ, ਰਾਸ਼ਿਦ ਰਹਿਮਾਨ (ਪੱਤਰਕਾਰ), ਮੁਜੀਜ਼ਦ ਰਹਿਮਾਨ ਸਾਮੀ (ਪੱਤਰਕਾਰ), ਡਾ. ਅਮਰ ਜਾਨ ਜਨਰਲ ਸਕੱਤਰ ਖਲਕ ਪਾਰਟੀ, ਹੁਮਾ ਜ਼ਮਾਨ ਖ਼ਾਨ ਫਿਕਰ-ਓ-ਅਮਨ ਜਥੇਬੰਦੀ ਦੇ ਆਗੂ ਅਤੇ ਸਾਫ਼ਮਾ ਦੇ ਸਕੱਤਰ ਜਨਰਲ ਇਮਤਿਆਜ਼ ਆਲਮ ਹੋਣਗੇ। ਸਾਫ਼ਮਾ ਦੇ ਆਡੀਟੋਰੀਅਮ 'ਚ ਹੀ ਸ਼ਾਮ 6:30 ਤੋਂ 8:30 ਵਜੇ ਤੱਕ ਮਨੁੱਖੀ ਅਧਿਕਾਰਾਂ ਸੰਬੰਧੀ ਕਾਨਫ਼ਰੰਸ ਹੋਵੇਗੀ, ਜਿਸ ਦਾ ਵਿਸ਼ਾ 'ਮਨੁੱਖੀ ਅਧਿਕਾਰਾਂ ਦੀ ਸਥਿਤੀ ਤੇ ਵਿਵਾਦਾਂ ਦਾ ਹੱਲ' ਹੋਵੇਗਾ। ਇਹ ਸੈਮੀਨਾਰ ਪੀਪਲਜ਼ ਰਾਈਟਸ ਇਨਫੋਰਸਮੈਂਟ ਮੂਵਮੈਂਟ (ਪ੍ਰੇਮ) ਵਲੋਂ ਕਰਵਾਇਆ ਜਾਵੇਗਾ। ਇਸ ਉਪਰੰਤ ਰਾਤ 11 ਤੋਂ 12:30 ਵਜੇ ਤੱਕ ਪਾਕਿਸਤਾਨ ਵਾਲੇ ਪਾਸੇ ਵਾਹਗੇ ਦੀ ਸਰਹੱਦ 'ਤੇ ਮੋਮਬੱਤੀਆਂ ਜਗਾਈਆਂ ਜਾਣਗੀਆਂ।
ਇਸੇ ਦੌਰਾਨ ਸਰਹੱਦ 'ਤੇ ਭਾਰਤ ਵਾਲੇ ਪਾਸੇ ਮੋਮਬੱਤੀਆਂ ਜਗਾਉਣ ਦਾ ਪ੍ਰਬੰਧ ਕਰਨ ਵਾਲੀਆਂ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ ਤੇ ਫੋਕਲੋਰ ਰਿਸਰਚ ਅਕੈਡਮੀ ਅੰਮ੍ਰਿਤਸਰ ਨੇ ਵੀ ਇਹ ਫ਼ੈਸਲਾ ਕੀਤਾ ਹੈ ਕਿ ਉਹ ਵੀ 14 ਅਗਸਤ ਨੂੰ ਭਾਰਤ ਵਾਲੇ ਪਾਸੇ ਅਟਾਰੀ-ਵਾਹਗਾ ਸਰਹੱਦ 'ਤੇ ਰਾਤ 12 ਵਜੇ ਮੋਮਬੱਤੀਆਂ ਜਗਾਉਣ ਦਾ ਪ੍ਰਬੰਧ ਕਰਨਗੇ। ਇਸ ਤੋਂ ਪਹਿਲਾਂ ਵਿਰਸਾ ਵਿਹਾਰ, ਅੰਮ੍ਰਿਤਸਰ ਵਿਚ ਸਵੇਰੇ 10.30 ਤੋਂ 2:30 ਵਜੇ ਤੱਕ 'ਭਾਰਤ-ਪਾਕਿਸਤਾਨ ਸੰਬੰਧ ਸਮੱਸਿਆਵਾਂ ਤੇ ਸੰਭਾਵਨਾਵਾਂ' ਵਿਸ਼ੇ 'ਤੇ ਸੈਮੀਨਾਰ ਹੋਵੇਗਾ। ਇਸ ਕਾਰਜ ਲਈ ਉਕਤ ਜਥੇਬੰਦੀਆਂ ਦੇ ਆਗੂ ਸਤਨਾਮ ਸਿੰਘ ਮਾਣਕ ਤੇ ਰਮੇਸ਼ ਯਾਦਵ, ਉੱਘੇ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਅਤੇ ਪ੍ਰਗਤੀਸ਼ੀਲ ਲੇਖਕ ਸਭਾ ਪੰਜਾਬ ਦੇ ਪ੍ਰਧਾਨ ਸ੍ਰੀ ਸੁਰਜੀਤ ਜੱਜ ਪੂਰੀ ਤਰ੍ਹਾਂ ਸਰਗਰਮ ਹਨ।
ਇਥੇ ਇਹ ਵਰਨਣਯੋਗ ਹੈ ਕਿ ਅਟਾਰੀ-ਵਾਹਗੇ ਦੀ ਸਰਹੱਦ 'ਤੇ ਦੋਵਾਂ ਦੇਸ਼ਾਂ ਦੇ ਲੋਕਾਂ ਅਤੇ ਸਰਕਾਰਾਂ ਨੂੰ ਅਮਨ ਤੇ ਦੋਸਤੀ ਦਾ ਪੈਗ਼ਾਮ ਦੇਣ ਲਈ ਮੋਮਬੱਤੀਆਂ ਜਗਾਉਣ ਦਾ ਸਿਲਸਿਲਾ 1996 ਵਿਚ ਭਾਰਤ ਦੇ ਪ੍ਰਸਿੱਧ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਦੀ ਪਹਿਲਕਦਮੀ ਨਾਲ ਸ਼ੁਰੂ ਕੀਤਾ ਗਿਆ ਸੀ। ਉਹ 14 ਅਗਸਤ, 1996 ਨੂੰ ਦਿੱਲੀ ਤੋਂ ਆਪਣੇ ਸਾਥੀਆਂ ਸ੍ਰੀ ਨਿਖਲ ਚੱਕਰਵਰਤੀ, ਵਿਨੋਦ ਮਹਿਤਾ, ਸਈਦਾ ਹਮੀਦ, ਜਸਟਿਸ ਰਜਿੰਦਰ ਸੱਚਰ ਅਤੇ ਸਹਿਮਤ ਗਰੁੱਪ ਦੇ ਕਲਾਕਾਰਾਂ ਨੂੰ ਲੈ ਕੇ ਅੰਮ੍ਰਿਤਸਰ ਆਏ ਸਨ। ਪੰਜਾਬ ਤੋਂ ਇਸ ਸੰਬੰਧ ਵਿਚ ਉਨ੍ਹਾਂ ਨੂੰ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਅੰਮ੍ਰਿਤਸਰ ਦੇ ਉੱਘੇ ਸਨਅਤਕਾਰ ਸਤਬੀਰ ਸਿੰਘ, ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਮੈਨੇਜਮੈਂਟ ਅਤੇ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਆਦਿ ਨੇ ਸਹਿਯੋਗ ਦਿੱਤਾ ਸੀ। 1997 ਵਿਚ ਬਾਕਾਇਦਾ ਇਸ ਮਕਸਦ ਲਈ ਹਿੰਦ-ਪਾਕਿ ਦੋਸਤੀ ਮੰਚ ਦੀ ਸਥਾਪਨਾ ਕੀਤੀ ਗਈ ਤੇ ਉਸ ਤੋਂ ਬਾਅਦ ਹਰ 14 ਅਗਸਤ ਦੀ ਸ਼ਾਮ ਨੂੰ ਅਟਾਰੀ-ਵਾਹਗੇ ਦੀ ਸਰਹੱਦ 'ਤੇ ਮੋਮਬੱਤੀਆਂ ਜਗਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਇਸ ਲੰਮੇ ਸਫ਼ਰ ਦੌਰਾਨ ਅਮਨ ਤੇ ਦੋਸਤੀ ਦੀ ਇਸ ਲਹਿਰ ਵਿਚ ਅਨੇਕਾਂ ਉਤਰਾਅ-ਚੜ੍ਹਾਅ ਆਏ। ਪ੍ਰਧਾਨ ਮੰਤਰੀ ਵਜੋਂ ਡਾ. ਮਨਮੋਹਨ ਸਿੰਘ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਅਮਨ ਤੇ ਦੋਸਤੀ ਲਈ ਕੰਮ ਕਰਨ ਵਾਲੀਆਂ ਉਕਤ ਜਥੇਬੰਦੀਆਂ ਅਤੇ ਦੋਹਾਂ ਦੇਸ਼ਾਂ ਵਿਚ ਅਮਨ ਲਈ ਸਰਗਰਮ ਹੋਰ, ਜਥੇਬੰਦੀਆਂ ਨੂੰ ਆਪਣੀ ਸਰਗਰਮੀਆਂ ਕਰਨ ਲਈ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਲੋੜੀਂਦਾ ਸਹਿਯੋਗ ਪ੍ਰਾਪਤ ਹੁੰਦਾ ਰਿਹਾ। ਪਾਕਿਸਤਾਨ ਵਾਲੇ ਪਾਸੇ ਤੋਂ ਅਮਨ ਤੇ ਦੋਸਤੀ ਦੀਆਂ ਇਨ੍ਹਾਂ ਸਰਗਰਮੀਆਂ ਵਿਚ ਭਾਗ ਲੈਣ ਲਈ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਸੰਸਦ ਮੈਂਬਰ, ਕਲਾਕਾਰ ਤੇ ਪੱਤਰਕਾਰ ਹੁੰਮ-ਹੁਮਾ ਕੇ ਪੁੱਜਦੇ ਰਹੇ। ਭਾਰਤ ਵਾਲੇ ਪਾਸਿਓਂ ਵੀ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ, ਪੱਤਰਕਾਰ ਅਤੇ ਕਲਾਕਾਰ ਇਸ ਮਕਸਦ ਲਈ ਲਾਹੌਰ ਜਾਂਦੇ ਰਹੇ। ਅੰਮ੍ਰਿਤਸਰ ਅਤੇ ਲਾਹੌਰ ਦੇ ਨਾਟਕ ਕਲਾਕਾਰਾਂ ਨੇ ਵੀ ਸ੍ਰੀ ਕੇਵਲ ਧਾਲੀਵਾਲ ਅਤੇ ਮਦੀਹਾ ਗੌਹਰ ਦੀ ਅਗਵਾਈ ਹੇਠ ਦੋਵਾਂ ਦੇਸ਼ਾਂ ਦਰਮਿਆਨ ਆਪੋ-ਆਪਣੇ ਨਾਟਕਾਂ ਰਾਹੀਂ ਅਮਨ ਤੇ ਦੋਸਤੀ ਦਾ ਸੁਨੇਹਾ ਦੇਣ ਲਈ ਨਿਰੰਤਰ ਕੰਮ ਕੀਤਾ। ਅੰਮ੍ਰਿਤਸਰ ਵਿਚ ਸਪ੍ਰਿੰਗਡੇਲ ਸਕੂਲ ਦੀ ਸੰਚਾਲਕ ਸਵਰਗਵਾਸੀ ਡਾ. ਮਨਵੀਨ ਕੌਰ ਤੇ ਉਨ੍ਹਾਂ ਦੇ ਹਮਸਫ਼ਰ ਸਵਰਗਵਾਸੀ ਡਾ. ਸ਼ਵਿੰਦਰ ਸਿੰਘ ਸੰਧੂ ਨੇ ਵੀ ਲੰਮੇ ਸਮੇਂ ਤੱਕ ਇਨ੍ਹਾਂ ਸਰਗਰਮੀਆਂ ਨੂੰ ਭਰਪੂਰ ਸਹਿਯੋਗ ਦਿੱਤਾ। ਅੰਮ੍ਰਿਤਸਰ ਦੀ ਨਾਟਸ਼ਾਲਾ ਦੇ ਸੰਚਾਲਕ ਜਤਿੰਦਰ ਸਿੰਘ ਬਰਾੜ ਨੇ ਆਪਣੇ ਵਲੋਂ ਅਮਨ ਤੇ ਦੋਸਤੀ ਦੀਆਂ ਸਰਗਰਮੀਆਂ ਲਈ ਨਾਟਸ਼ਾਲਾ ਵਲੋਂ ਹਰ ਤਰ੍ਹਾਂ ਦੇ ਸਾਧਨ ਮੁਹੱਈਆ ਕੀਤੇ। ਇਕ ਸਮਾਂ ਸੀ ਜਦੋਂ ਅਟਾਰੀ ਦੀ ਦਾਣਾ ਮੰਡੀ ਵਿਚ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿਚ ਭਾਰਤ ਤੇ ਪਾਕਿਸਤਾਨ ਦੇ ਕਲਾਕਾਰ ਇਕੋ ਸਟੇਜ ਤੋਂ ਆਪਣੀਆਂ ਪੇਸ਼ਕਾਰੀਆਂ ਦਿੰਦੇ ਸਨ ਅਤੇ ਅਮਨ ਅਤੇ ਦੋਸਤੀ ਲਈ ਕੰਮ ਕਰਨ ਵਾਲੇ ਸਿਆਸੀ ਪਾਰਟੀਆਂ ਦੇ ਆਗੂ, ਪੱਤਰਕਾਰ ਤੇ ਸ਼ਾਂਤੀ ਪ੍ਰੇਮੀ ਲੋਕਾਂ ਨੂੰ ਸੰਬੋਧਿਤ ਹੁੰਦੇ ਸਨ।
ਪਰ ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਸੰਬੰਧਾਂ ਵਿਚ ਆਈ ਖ਼ਰਾਬੀ ਕਾਰਨ ਸਰਹੱਦਾਂ ਦੇ ਆਰ-ਪਾਰ ਦੋਸਤੀ ਲਈ ਕੰਮ ਕਰਨ ਵਾਲੀਆਂ ਤਨਜ਼ੀਮਾਂ ਦੀਆਂ ਸਰਗਰਮੀਆਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਇਸ ਸੰਬੰਧ ਵਿਚ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਪਣੀਆਂ ਨੀਤੀਆਂ ਦਾ ਮੁੜ ਤੋਂ ਮੁੱਲਾਂਕਣ ਕਰਨਾ ਚਾਹੀਦਾ ਹੈ ਅਤੇ ਅਮਨ ਤੇ ਦੋਸਤੀ ਲਈ ਕੰਮ ਕਰਨ ਵਾਲੀਆਂ ਤਨਜ਼ੀਮਾਂ ਨੂੰ ਲੋਂੜੀਂਦਾ ਸਹਿਯੋਗ ਦੇਣ ਦੀ ਲੋੜ ਹੈ।
ਪਿਛਲੇ ਦਿਨੀਂ ਅੰਮ੍ਰਿਤਸਰ ਵਿਚ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕੈਡਮੀ ਅਤੇ ਸਾਫ਼ਮਾ ਨਾਲ ਸੰਬੰਧਿਤ ਕਾਰਕੁੰਨਾਂ ਦੀ ਹੋਈ ਮੀਟਿੰਗ ਵਿਚ ਅਮਨ ਲਹਿਰ ਦੇ ਆਗੂਆਂ ਵਲੋਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ 'ਤੇ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਜੰਮੂ-ਕਸ਼ਮੀਰ ਸਮੇਤ ਸਾਰੇ ਮਸਲੇ ਗੱਲਬਾਤ ਰਾਹੀਂ ਹੱਲ ਕੀਤੇ ਜਾਣ। ਪਾਕਿਸਤਾਨ ਭਾਰਤ ਵੱਲ ਸੇਧਤ ਦਹਿਸ਼ਤਗਰਦੀ ਨੂੰ ਪੂਰੀ ਤਰ੍ਹਾਂ ਬੰਦ ਕਰੇ ਅਤੇ ਭਾਰਤ ਸਰਕਾਰ ਵੀ ਮੁਲਤਵੀ ਕੀਤੇ ਗਏ ਸਿਧੂ ਜਲ ਸਮਝੌਤੇ ਨੂੰ ਮੁੜ ਤੋਂ ਬਹਾਲ ਕਰਨ ਲਈ ਲੋੜੀਂਦੇ ਕਦਮ ਚੁੱਕੇ। ਇਨ੍ਹਾਂ ਆਗੂਆਂ ਵਲੋਂ ਦੋਵਾਂ ਦੇਸ਼ਾਂ ਦਰਮਿਆਨ ਅਟਾਰੀ ਤੇ ਵਾਹਗੇ ਦੀ ਸਰਹੱਦ ਲੋਕਾਂ ਦੀ ਆਵਾਜਾਈ ਅਤੇ ਵਪਾਰ ਲਈ ਖੋਲ੍ਹਣ ਦੀ ਵੀ ਮੰਗ ਕੀਤੀ ਗਈ।
ਆਪਣੇ ਸੀਮਤ ਸਾਧਨਾਂ ਨਾਲ ਅਮਨ ਤੇ ਦੋਸਤੀ ਲਈ ਕੰਮ ਕਰਨ ਵਾਲੀਆਂ ਇਨ੍ਹਾਂ ਸੰਸਥਾਵਾਂ ਨੇ ਆਪਣਾ 30 ਸਾਲ ਦਾ ਸਫ਼ਰ ਪੂਰਾ ਕਰ ਲਿਆ ਹੈ, ਪਰ ਇਸ ਸੰਬੰਧੀ ਠੋਸ ਪ੍ਰਾਪਤੀਆਂ ਤਾਂ ਹੀ ਹੋ ਸਕਦੀਆਂ ਹਨ ਜੋ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੀ ਇਹੋ ਜਿਹੇ ਯਤਨਾਂ ਲਈ ਸਹਿਯੋਗ ਦੇਣ ਅਤੇ ਖ਼ੁਦ ਵੀ ਦੁਵੱਲੇ ਸੰਬੰਧਾਂ ਨੂੰ ਬਿਹਰਤ ਬਣਾਉਣ ਲਈ ਪ੍ਰਤੀਬੱਧਤਾ ਨਾਲ ਯਤਨ ਕਰਨਾ।
ਈਮੇਲ : sandhu{u&੍ਰar0਼ahoo.com