ਪਿਛਲੇ ਤਕਰੀਬਨ 50 ਸਾਲਾਂ 'ਚ ਪੰਜਾਬ ਤੋਂ ਵਿਦੇਸ਼ਾਂ ਵੱਲ ਪ੍ਰਵਾਸ ਲਗਾਤਾਰ ਵਧਿਆ ਹੈ, ਉਹ ਨਾ ਰੁਕਿਆ ਤੇ ਨਾ ਘਟ ਰਿਹਾ ਹੈ। ਦਰਅਸਲ 1849 ਤੋਂ ਪਹਿਲਾਂ ਭਾਰਤ ਦੇ ਹੋਰ ਪ੍ਰਾਂਤਾਂ ਤੋਂ ਬ੍ਰਿਟਿਸ਼ ਕਾਲੋਨੀਆਂ ਵੱਲ ਪ੍ਰਵਾਸ ਸ਼ੁਰੂ ਹੋ ਗਿਆ ਸੀ, ਪਰ ਪੰਜਾਬ ਤੋਂ ਬਹੁਤਾ ਨਹੀਂ ਸੀ, ਕਿਉਂਕਿ ਉਸ ਵਕਤ ਪੰਜਾਬ ਦੁਨੀਆ ਦਾ ਸਭ ਤੋਂ ਖੁਸ਼ਹਾਲ ਇਲਾਕਾ ਹੋਣ ਤੋਂ ਇਲਾਵਾ ਭਾਰਤ ਦੇ ਬਾਕੀ ਖੇਤਰਾਂ ਤੋਂ ਉਲਟ ਅੰਗਰੇਜ਼ਾਂ ਦੇ ਕਬਜ਼ੇ ਤੋਂ ਵੀ ਬਾਹਰ ਸੀ। ਭਾਵੇਂ 1849 ਤੋਂ ਬਾਅਦ ਪੰਜਾਬ ਤੋਂ ਹੌਲੀ-ਹੌਲੀ ਸ਼ੁਰੂ ਹੋਏ ਪ੍ਰਵਾਸ 'ਚ ਵਾਧਾ ਹੁੰਦਾ ਗਿਆ, ਫਿਰ ਵੀ 1960 ਤੱਕ ਇਹ ਬਹੁਤ ਹੀ ਘੱਟ ਸੀ। ਇੰਗਲੈਂਡ ਦੀ ਸਰਕਾਰ ਨੇ 1960 ਤੋਂ ਬਾਅਦ ਪ੍ਰਵਾਸ ਨੂੰ ਇਸ ਕਰ ਕੇ ਉਤਸ਼ਾਹਿਤ ਕੀਤਾ ਸੀ, ਕਿਉਂਕਿ ਉਨ੍ਹਾਂ ਨੂੰ ਤਕਨੀਕੀ ਕਾਮਿਆਂ ਦੀ ਲੋੜ ਸੀ। ਉਸ ਵਕਤ ਕੈਨੇਡਾ 'ਚ ਵੀ ਬਹੁਤ ਘੱਟ ਲੋਕ ਜਾਂਦੇ ਸਨ ਕਿਉਂਕਿ 1972 ਤੱਕ ਕੈਨੇਡਾ ਵਿਚ ਕੋਈ ਵੀ ਯਾਤਰੀ ਉੱਥੇ ਪਹੁੰਚ ਕੇ ਹੀ ਪੱਕੇ ਪ੍ਰਵਾਸ ਲਈ ਅਰਜ਼ੀ ਦੇ ਸਕਦਾ ਸੀ। ਉਸ ਨੂੰ ਪ੍ਰਵਾਸ ਦੀ ਇਜਾਜ਼ਤ ਇਸ ਕਰ ਕੇ ਮਿਲ ਜਾਂਦੀ ਸੀ ਕਿਉਂਕਿ ਉੱਥੇ ਕਿਰਤੀਆਂ ਅਤੇ ਖਾਸ ਕਰਕੇ ਤਕਨੀਕੀ ਕਿਰਤੀਆਂ ਦੀ ਘਾਟ ਸੀ। ਇਸ ਲਈ ਇੰਗਲੈਂਡ ਤੋਂ ਬਾਅਦ ਕੈਨੇਡਾ ਵੱਲ ਭਾਰਤੀ ਪ੍ਰਵਾਸੀਆਂ ਦੀ ਰੁਚੀ ਵਿਚ ਵਾਧਾ ਹੋ ਗਿਆ।
1970 ਤੋਂ ਪਹਿਲਾਂ ਅਮਰੀਕਾ ਤੇ ਅਫ਼ਰੀਕੀ ਦੇਸ਼ਾਂ-ਕੀਨੀਆ, ਯੂਗਾਂਡਾ, ਦੱਖਣੀ ਅਫ਼ਰੀਕਾ, ਅਲਜੀਰੀਆ ਆਦਿ ਵੱਲ ਵੀ ਭਾਰਤੀ ਕਿਰਤੀ ਤੇ ਤਕਨੀਕੀ ਮਾਹਿਰ ਜਾਣ ਲੱਗ ਪਏ ਸੀ। ਪਰ 1980 ਤੋਂ ਪਹਿਲਾਂ ਪ੍ਰਵਾਸੀ ਇਨ੍ਹਾਂ ਦੇਸ਼ਾਂ ਤੋਂ ਪੈਸੇ ਕਮਾ ਕੇ ਇਧਰ ਭੇਜਦੇ ਸਨ ਤੇ ਉਨ੍ਹਾਂ ਦੇ ਵਾਰਿਸ ਉਸ ਪੈਸੇ ਨਾਲ ਜ਼ਮੀਨਾਂ ਖ਼ਰੀਦਦੇ ਤੇ ਆਪਣੇ ਘਰਾਂ 'ਚ ਸੁਧਾਰ ਕਰਦੇ ਸਨ। ਸਭ ਤੋਂ ਪਹਿਲਾਂ ਪੰਜਾਬ ਦੇ ਦੁਆਬਾ ਖੇਤਰ ਤੋਂ ਕਾਫੀ ਕਿਰਤੀ ਇੰਗਲੈਂਡ, ਸਿੰਘਾਪੁਰ, ਮਲੇਸ਼ੀਆ ਤੇ ਫ਼ਿਜ਼ੀ ਜਿਹੇ ਦੇਸ਼ਾਂ 'ਚ ਗਏ। ਪਰ 1980 ਤੋਂ ਬਾਅਦ ਪ੍ਰਵਾਸੀਆਂ ਨੇ ਆਪਣੀਆਂ ਬੱਚਤਾਂ ਭੇਜਣ ਦੀ ਬਜਾਏ ਉੱਥੇ ਰਹਿਣ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ। ਅਜੇ ਤੱਕ ਕੇਰਲਾ ਭਾਰਤ ਦਾ ਪਹਿਲਾ ਪ੍ਰਾਂਤ ਹੈ ਜਿਸ ਦੇ ਜ਼ਿਆਦਾ ਲੋਕ ਵਿਦੇਸ਼ਾਂ ਵਿਚ ਹਨ ਤੇ ਉਨ੍ਹਾਂ ਦੀਆਂ ਬੱਚਤਾਂ ਫਿਰ ਵੀ ਸੂਬੇ 'ਚ ਆ ਰਹੀਆਂ ਹਨ, ਉਸ ਤੋਂ ਬਾਅਦ ਪੰਜਾਬ ਦਾ ਨੰਬਰ ਆਉਂਦਾ ਹੈ, ਜਿਸ ਦੇ ਪ੍ਰਵਾਸੀਆਂ ਦੀ ਗਿਣਤੀ ਵਧ ਰਹੀ ਹੈ ਤੇ ਉਨ੍ਹਾਂ ਦੀਆਂ ਵਾਪਸ ਆ ਰਹੀਆਂ ਬੱਚਤਾਂ ਵੀ ਵਧ ਰਹੀਆਂ ਹਨ। ਜਿਹੜੀਆਂ ਪੰਜਾਬ ਦੀ ਆਰਥਿਕਤਾ ਦਾ ਬਹੁਤ ਵੱਡਾ ਆਧਾਰ ਬਣ ਚੁੱਕੀਆਂ ਹਨ ਤੇ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਇਹ ਬੱਚਤਾਂ ਪੰਜਾਬ ਨਾ ਆਉਣ ਤਾਂ ਪੰਜਾਬ ਦੀ ਪਿਛਲੇ ਸਮਿਆਂ ਤੋਂ ਨਿਘਰਦੀ ਹਾਲਤ ਹੋਰ ਕਮਜ਼ੋਰ ਹੋ ਸਕਦੀ ਸੀ। ਭਾਵੇਂ ਕਈ ਵਿਚਾਰਵਾਨਾਂ ਦਾ ਕਹਿਣਾ ਹੈ ਕਿ ਪੰਜਾਬ ਤੋਂ ਨੌਜਵਾਨਾਂ ਦਾ ਪ੍ਰਵਾਸ ਨਹੀਂ ਹੋਣਾ ਚਾਹੀਦਾ, ਪਰ ਇਸ ਪ੍ਰਚਾਰ ਦਾ ਕੋਈ ਅਸਰ ਨਹੀਂ ਹੋ ਰਿਹਾ, ਕਿਉਂਕਿ ਕੁੱਲੀ, ਗੁੱਲੀ ਤੇ ਜੁੱਲੀ ਦੀਆਂ ਜੀਵਨ ਲੋੜਾਂ ਨੂੰ ਪ੍ਰਾਪਤ ਕਰਨ ਲਈ ਪ੍ਰਵਾਸ ਉਨ੍ਹਾਂ ਨੂੰ ਉਤਸ਼ਾਹਿਤ ਕਰਦਾ ਹੈ।
ਇਕ ਅੰਕੜੇ ਅਨੁਸਾਰ ਹੁਣ ਤੱਕ 15 ਲੱਖ ਪੰਜਾਬੀ ਵਿਦਿਆਰਥੀ ਪੜ੍ਹਨ ਦੇ ਉਦੇਸ਼ ਨਾਲ ਕੈਨੇਡਾ, ਆਸਟ੍ਰੇਲੀਆ, ਅਫ਼ਰੀਕਾ, ਨਿਊਜ਼ੀਲੈਂਡ, ਜਰਮਨੀ ਆਦਿ ਦੇਸ਼ਾਂ 'ਚ ਗਏ ਤੇ ਹੁਣ ਉਥੋਂ ਦੇ ਪੱਕੇ ਵਸਨੀਕ ਬਣ ਚੁੱਕੇ ਹਨ। ਕੈਨੇਡਾ ਦੀ ਆਬਾਦੀ ਉਸ ਦੇ ਖੇਤਰਫਲ ਅਨੁਸਾਰ ਬਹੁਤ ਘੱਟ 4 ਕਰੋੜ ਦੇ ਕਰੀਬ ਹੈੈ, ਕੈਨੇਡਾ ਦੀ ਪ੍ਰਤੀ ਕਿਲੋਮੀਟਰ ਆਬਾਦੀ ਘਣਤਾ ਸਿਰਫ਼ 4 ਜੀਅ ਹੈ ਜਦੋਂ ਕਿ ਪੰਜਾਬ ਦੀ ਆਬਾਦੀ ਘਣਤਾ 497 ਜੀਅ ਪ੍ਰਤੀ ਕਿਲੋਮੀਟਰ ਹੈ। ਕੈਨੇਡਾ ਦੀ ਵਸੋਂ ਹਰ ਸਾਲ ਇਕ ਫ਼ੀਸਦੀ ਦੀ ਰਫ਼ਤਾਰ ਨਾਲ ਘਟ ਰਹੀ ਹੈ, ਜਿਸ ਦਾ ਅਰਥ ਹੈ ਕਿ ਉਸ ਨੂੰ ਹਰ ਸਾਲ 4 ਲੱਖ ਨਵੇਂ ਕਿਰਤੀਆਂ ਦੀ ਲੋੜ ਹੈ, ਇਸ ਲਈ ਕੈਨੇਡਾ ਸਰਕਾਰ ਵਲੋਂ ਏਸ਼ੀਅਨ ਪ੍ਰਵਾਸੀਆਂ ਨੂੰ ਦਿੱਤੀਆਂ ਕਈ ਰਿਆਇਤਾਂ ਨੂੰ ਪੰਜਾਬੀ ਆਸਾਨੀ ਨਾਲ ਪ੍ਰਾਪਤ ਕਰ ਲੈਂਦੇ ਹਨ। ਅੱਜ-ਕੱਲ੍ਹ ਪੰਜਾਬੀਆਂ ਦਾ ਪ੍ਰਵਾਸ ਦੁਨੀਆ ਦੇ ਸਾਰੇ ਵਿਕਸਿਤ ਦੇਸ਼ਾਂ ਵੱਲ ਵਧ ਰਿਹਾ ਹੈ, ਉਹ ਜਿਹੜੇ ਮਰਜ਼ੀ ਦੇਸ਼ ਚਲੇ ਜਾਣ ਪਰ ਉਹ ਹਰ ਹਾਲ ਕੈਨੇਡਾ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਮੈਂ 2018 ਵਿਚ ਜਦੋਂ ਯੂਨਾਨ (ਗ੍ਰੀਸ) ਗਿਆ ਤਾਂ ਇਕ ਐਤਵਾਰ ਏਥਨਜ਼ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਗਿਆ। ਮੈਂ ਉੱਥੇ ਜਿੰਨੇ ਵੀ ਲੋਕਾਂ ਨੂੰ ਮਿਲਿਆ, ਉਹ ਸਭ ਯੂਨਾਨ 'ਚ ਚੰਗੀ ਕਮਾਈ ਕਰ ਰਹੇ ਸਨ, ਪਰ ਉਨ੍ਹਾਂ 'ਚੋਂ ਬਹੁਤਿਆਂ ਨੇ ਕੈਨੇਡਾ ਲਈ ਅਰਜ਼ੀਆਂ ਲਾਈਆਂ ਹੋਈਆਂ ਸਨ। ਆਸਟ੍ਰੇਲੀਆ ਪੰਜਾਬੀ ਪ੍ਰਵਾਸੀਆਂ ਦੀ ਦੂਸਰੀ ਮੰਜ਼ਿਲ ਹੈ, ਪਰ ਆਸਟ੍ਰੇਲੀਆ ਦੀ ਸਰਕਾਰ ਪ੍ਰਵਾਸੀਆਂ 'ਤੇ ਪੂਰੀ ਨਜ਼ਰ ਰੱਖਦੀ ਹੈ ਤੇ ਸਿਰਫ਼ ਯੋਗ ਤੇ ਹੁਨਰਮੰਦ ਪ੍ਰਵਾਸੀਆਂ ਨੂੰ ਹੀ ਆਪਣੀ ਲੋੜ ਅਨੁਸਾਰ ਪੱਕੇ ਰਹਿਣ ਦੀ ਇਜਾਜ਼ਤ ਦਿੰਦੀ ਹੈ, ਹਾਲਾਂਕਿ ਇਸ ਦੇਸ਼ ਦੀ ਵਸੋਂ ਸਿਰਫ਼ 3 ਕਰੋੜ ਹੈ ਤੇ ਕੈਨੇਡਾ ਤੋਂ ਵੀ ਘੱਟ ਹੈ।
ਭਾਰਤ ਵਸੋਂ ਦੇ ਹਿਸਾਬ ਨਾਲ ਦੁਨੀਆ 'ਚ ਪਹਿਲੇ ਨੰਬਰ 'ਤੇ ਹੈ ਅਤੇ ਇਸ ਦੀ ਵਸੋਂ ਘਣਤਾ 382 ਜੀਅ ਪ੍ਰਤੀ ਕਿਲੋਮੀਟਰ ਹੈ। ਹਾਲਾਂਕਿ ਦੁਨੀਆ ਦੇ 10 ਦੇਸ਼ਾਂ ਦੀ ਵਸੋਂ ਘਣਤਾ ਭਾਰਤ ਤੋਂ ਕਿਤੇ ਜ਼ਿਆਦਾ ਵੱਧ ਹੈ, ਜਿਵੇਂ ਸਿੰਗਾਪੁਰ 8200, ਬਹਿਰੀਨ 2000, ਮਾਲਟਾ 1600 ਤੇ ਬੰਗਲਾਦੇਸ਼ ਦੀ 1333 ਹੈ। 1975 ਤੋਂ ਪਹਿਲਾਂ ਜਰਮਨੀ, ਇੰਗਲੈਂਡ ਤੇ ਜਪਾਨ ਦੀ ਵਸੋਂ ਘਣਤਾ ਵੀ ਭਾਰਤ ਤੋਂ ਜ਼ਿਆਦਾ ਸੀ, ਜੋ ਦੁਨੀਆ ਦੇ ਪਹਿਲੇ 8 ਵਿਕਸਿਤ ਦੇਸ਼ਾਂ 'ਚ ਸ਼ਾਮਿਲ ਸਨ। ਵਸੋਂ ਦੇ ਜ਼ਿਆਦਾ ਭਾਰ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਪਰ ਰਹਿਣ-ਸਹਿਣ ਦਾ ਮਿਆਰ ਦੇਸ਼ ਦੇ ਵਿਕਸਿਤ ਹੋਣ 'ਤੇ ਨਿਰਭਰ ਕਰਦਾ ਹੈ। ਪੰਜਾਬ ਦੀ ਖੇਤੀ ਦੁਨੀਆ ਦੇ ਵਿਕਸਿਤ ਦੇਸ਼ਾਂ ਦਾ ਮੁਕਾਬਲਾ ਕਰਦੀ ਹੈ, ਪਰ ਸੂਬਾ ਉਦਯੋਗਿਕ ਤੌਰ 'ਤੇ ਬਹੁਤ ਪਿੱਛੇ ਹੈ। ਦੁਨੀਆ ਦਾ ਕੋਈ ਵੀ ਦੇਸ਼ ਉਦਯੋਗ ਬਿਨਾਂ ਵਿਕਸਿਤ ਨਹੀਂ ਹੋ ਸਕਦਾ, ਕਿਉਂਕਿ ਉਦਯੋਗਿਕ ਵਸਤੂਆਂ ਦੀ ਮੰਗ ਖੇਤੀ ਵਸਤੂਆਂ ਦੀ ਮੰਗ ਨਾਲੋਂ ਕਿਤੇ ਵੱਧ ਲਚਕਦਾਰ ਹੁੰਦੀ ਹੈ। ਫਿਰ ਉਹ ਕਿਹੜੇ ਤੱਤ ਹਨ, ਜੋ ਪੰਜਾਬ ਤੋਂ ਨੌਜਵਾਨਾਂ ਦਾ ਪ੍ਰਵਾਸ ਨਹੀਂ ਰੋਕ ਸਕੇ? ਪ੍ਰਵਾਸ ਨੂੰ ਆਕਰਸ਼ਿਤ ਕਰਨ ਵਾਲੇ ਤੱਤ- ਪਹਿਲਾ ਆਰਥਿਕ ਤੇ ਦੂਸਰਾ ਸਮਾਜਿਕ ਹੈ।
ਆਰਥਿਕ ਤੱਤ : ਪੰਜਾਬ 'ਚ ਬੇਰੁਜ਼ਗਾਰੀ ਹੋਣ ਕਰਕੇ ਇਥੋਂ ਦੇ ਨੌਜਵਾਨ ਵਿਕਸਿਤ ਦੇਸ਼ਾਂ 'ਚ ਜਾ ਕੇ ਵੱਡੀ ਕਮਾਈ ਕਰਦੇ ਹਨ। ਜਦੋਂ ਅਮਰੀਕਾ ਦਾ ਡਾਲਰ ਭਾਰਤ 'ਚ 96 ਰੁਪਏ, ਯੂਰਪੀਨ ਦੇਸ਼ਾਂ ਦਾ ਯੂਰੋ 109 ਰੁਪਏ, ਇੰਗਲੈਂਡ ਦਾ ਪੌਂਡ 129 ਰੁਪਏ ਤੇ ਕੈਨੇਡਾ ਦਾ ਡਾਲਰ 65 ਰੁਪਏ 'ਚ ਬਦਲਦਾ ਹੈ ਤਾਂ ਵਿਦੇਸ਼ਾਂ 'ਚ ਗਏ ਭਾਰਤੀਆਂ ਦੀ ਕਮਾਈ 'ਤੇ ਨਿਰਭਰ ਉਨ੍ਹਾਂ ਦੇ ਪਰਿਵਾਰ ਖੁਸ਼ ਹੋ ਜਾਂਦੇ ਹਨ। ਜੇਕਰ ਪ੍ਰਵਾਸੀ ਵਿਦੇਸ਼ 'ਚ ਮਿਆਰੀ ਜੀਵਨ ਜਿਊਂਦੇ ਹਨ ਤਾਂ ਉਨ੍ਹਾਂ 'ਤੇ ਨਿਰਭਰ ਭਾਰਤੀ ਪਰਿਵਾਰ ਵੀ ਵਿਦੇਸ਼ੀ ਕਮਾਈ ਨਾਲ ਇੱਥੇ ਚੰਗਾ ਮਿਆਰ ਅਪਣਾ ਲੈਂਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਰਿਪੋਰਟ 'ਚ ਪੰਜਾਬ ਦੇ ਪ੍ਰਤੀ ਖੇਤੀ ਘਰ ਦੀ ਸਾਲਾਨਾ ਆਮਦਨ ਸਿਰਫ਼ 26,000 ਰੁਪਏ ਦੱਸੀ ਗਈ ਸੀ, ਮਤਲਬ 5 ਮੈਂਬਰਾਂ ਦੇ ਪਰਿਵਾਰ 'ਚ ਹਰੇਕ ਮੈਂਬਰ ਦੇ ਹਿੱਸੇ 5,200 ਰੁਪਏ ਆਉਂਦੇ ਹਨ, ਜਦਕਿ ਭਾਰਤ 'ਚ ਪ੍ਰਤੀ ਵਿਅਕਤੀ ਆਮਦਨ ਹੁਣ 2 ਲੱਖ ਰੁਪਏ ਸਾਲਾਨਾ ਦੇ ਕਰੀਬ ਪਹੁੰਚ ਗਈ ਹੈ। ਪੰਜਾਬ 'ਚ ਖੇਤੀ ਪਰਿਵਾਰਾਂ ਦੀ ਬਹੁਗਿਣਤੀ ਹੋਣ ਕਰਕੇ ਉਨ੍ਹਾਂ ਦੇ ਬੱਚੇ ਜ਼ਮੀਨ ਵੇਚ ਕੇ ਵੀ ਬਾਹਰ ਜਾਣ ਨੂੰ ਤਰਜੀਹ ਦਿੰਦੇ ਹਨ। ਜਿੰਨਾ ਚਿਰ ਉਦਯੋਗ ਵਿਕਸਿਤ ਕਰਕੇ ਪ੍ਰਵਾਸੀਆਂ ਦੇ ਬਰਾਬਰ ਜਾਂ ਉਨ੍ਹਾਂ ਤੋਂ ਵੱਧ ਕਮਾਈ ਇੱਥੇ ਨਹੀਂ ਮਿਲੇਗੀ ਤਾਂ ਬਾਹਰ ਜਾਣ ਦੀ ਖਿੱਚ ਜਾਰੀ ਰਹੇਗੀ।
ਸਮਾਜਿਕ ਤੱਤ: ਵਿਕਸਿਤ ਦੇਸ਼ਾਂ ਦੀ ਸਮਾਜਿਕ ਸੁਰੱਖਿਆ ਤੇ ਮਨੁੱਖੀ ਅਧਿਕਾਰਾਂ ਤੋਂ ਬਜ਼ੁਰਗ ਵੀ ਪ੍ਰਭਾਵਿਤ ਹੁੰਦੇ ਹਨ। ਵਿਕਸਿਤ ਦੇਸ਼ਾਂ 'ਚ ਉੱਥੋਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਦੇ ਰੁਜ਼ਗਾਰ ਲਈ ਜ਼ਿੰਮੇਵਾਰ ਹਨ, ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਮਿਲਦਾ ਹੈ। ਬਿਮਾਰ ਹੋਣ 'ਤੇ ਇਲਾਜ ਕਰਵਾਉਣਾ ਸਰਕਾਰ ਜਾਂ ਬੀਮਾ ਕੰਪਨੀ ਦੀ ਜ਼ਿੰਮੇਵਾਰੀ ਹੈ। 12ਵੀਂ ਤੱਕ ਹਰ ਬੱਚੇ ਦੀ ਪੜ੍ਹਾਈ ਮੁਫ਼ਤ ਹੈ। ਬੱਸ 'ਚ ਟਿਕਟ ਕੱਟੀ ਜਾਣ 'ਤੇ ਸੀਟ ਦੇਣਾ ਬੱਸ ਕੰਪਨੀ ਦੀ ਜ਼ਿੰਮੇਵਾਰੀ ਹੈ। ਕਿਸੇ ਨੂੰ ਨਾਜਾਇਜ਼ ਪ੍ਰੇਸ਼ਾਨ ਕਰਨਾ, ਮਨੁੱਖੀ ਅਧਿਕਾਰਾਂ ਦੀ ਘੋਰ ਉੁਲੰਘਣਾ ਹੈ। ਪੰਜਾਬ ਤੋਂ ਨੌਜਵਾਨਾਂ ਦਾ ਪ੍ਰਵਾਸ ਪ੍ਰਚਾਰ ਨਾਲ ਨਹੀਂ, ਸਗੋਂ ਉਪਰੋਕਤ ਆਰਥਿਕ ਤੇ ਸਮਾਜਿਕ ਮਾਹੌਲ ਬਣਾਏ ਬਗੈਰ ਨਹੀਂ ਰੁਕ ਸਕਦਾ।