01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪੰਛੀ ਕਿਉਂ ਅਲੋਪ ਹੋ ਰਹੇ ਹਨ?

ਪੰਛੀ ਕਿਉਂ ਅਲੋਪ ਹੋ ਰਹੇ ਹਨ?

Ad Position 21
No active advertisement
ਅਜੀਤ ਡੈਸਕ 02-08-2026

ਪੰਛੀ ਕੁਦਰਤ ਦੀ ਅਨਮੋਲ ਦਾਤ ਹਨ। ਉਨ੍ਹਾਂ ਦੀ ਮਿੱਠੀ ਚਹਿਚਹਾਟ, ਰੰਗ-ਬਰੰਗੇ ਪਰ ਤੇ ਖੁੱਲ੍ਹੇ ਅਸਮਾਨ 'ਚ ਉਡਾਰੀ ਮਨੁੱਖ ਨੂੰ ਕੁਦਰਤ ਨਾਲ ਜੋੜਦੇ ਹਨ। ਪੰਛੀ ਸਿਰਫ਼ ਸੁੰਦਰਤਾ ਦਾ ਪ੍ਰਤੀਕ ਹੀ ਨਹੀਂ, ਸਗੋਂ ਵਾਤਾਵਰਨ ਦੇ ਸੰਤੁਲਨ ਨੂੰ ਬਣਾਈ ਰੱਖਣ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪੰਛੀ ਬੀਜਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣ, ਫੁੱਲਾਂ ਦੇ ਪਰਾਗਣ 'ਚ ਮਦਦ ਕਰਨ ਤੇ ਕੀੜੇ-ਮਕੌੜਿਆਂ ਦੀ ਗਿਣਤੀ ਨੂੰ ਕਾਬੂ 'ਚ ਰੱਖਦਿਆਂ  ਧਰਤੀ 'ਤੇ ਜੀਵਨ ਲੜੀ ਨੂੰ ਸੰਤੁਲਿਤ ਬਣਾਈ ਰੱਖਣ 'ਚ ਵੱਡਾ ਯੋਗਦਾਨ ਪਾਉਂਦੇ ਹਨ। ਅੱਜ ਦੁਨੀਆ ਭਰ 'ਚ ਬਹੁਤ ਸਾਰੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਤੇਜ਼ੀ ਨਾਲ ਘਟ ਰਹੀਆਂ ਹਨ ਅਤੇ ਕਈ ਹਮੇਸ਼ਾ ਲਈ ਧਰਤੀ ਤੋਂ ਅਲੋਪ ਹੋ ਚੁੱਕੀਆਂ ਹਨ। ਇਹ ਕੁਦਰਤ ਲਈ ਹੀ ਨਹੀਂ, ਸਗੋਂ ਮਨੁੱਖੀ ਜੀਵਨ ਲਈ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ। ਪੰਛੀਆਂ ਦੇ ਅਲੋਪ ਹੋਣ ਦਾ ਸਭ ਤੋਂ ਵੱਡਾ ਕਾਰਨ ਜੰਗਲਾਂ ਦੀ ਲਗਾਤਾਰ ਕਟਾਈ ਹੈ। ਜੰਗਲ ਪੰਛੀਆਂ ਦਾ ਕੁਦਰਤੀ ਘਰ ਹੁੰਦੇ ਹਨ, ਜਿੱਥੇ ਉਨ੍ਹਾਂ ਨੂੰ ਭੋਜਨ, ਆਲ੍ਹਣੇ ਬਣਾਉਣ ਲਈ ਦਰੱਖਤ ਤੇ ਸੁਰੱਖਿਅਤ ਵਾਤਾਵਰਣ ਮਿਲਦਾ ਹੈ। ਪਰ ਵਧਦੀ ਆਬਾਦੀ, ਨਵੀਆਂ ਕਾਲੋਨੀਆਂ, ਸੜਕਾਂ, ਫੈਕਟਰੀਆਂ ਤੇ ਖੇਤੀਬਾੜੀ ਜ਼ਮੀਨ ਲਈ ਰੋਜ਼ਾਨਾ ਹਜ਼ਾਰਾਂ ਦਰੱਖਤ ਕੱਟੇ ਜਾਣ ਨਾਲ ਪੰਛੀਆਂ ਨੂੰ ਆਪਣੇ ਆਲ੍ਹਣਿਆਂ ਲਈ ਢੁਕਵੀਂ ਥਾਂ ਨਾ ਮਿਲਣ ਕਰਕੇ  ਬਹੁਤ ਸਾਰੇ ਪੰਛੀ ਹੋਰ ਥਾਵਾਂ ਵੱਲ ਜਾਣ ਲਈ ਮਜਬੂਰ ਹਨ, ਜਿੱਥੇ ਉਹ ਜੀਵਿਤ ਨਹੀਂ ਰਹਿ ਸਕਦੇ। ਪ੍ਰਦੂਸ਼ਿਤ ਵਾਤਾਵਰਨ ਵੀ ਪੰਛੀਆਂ ਦੇ ਅਲੋਪ ਹੋਣ ਦਾ ਇਕ ਵੱਡਾ ਕਾਰਨ ਹੈ। ਉਦਯੋਗਾਂ ਤੇ ਵਾਹਨਾਂ 'ਚੋਂ ਨਿਕਲਣ ਵਾਲਾ ਧੂੰਆਂ ਤੇ ਰਸਾਇਣਕ ਗੈਸਾਂ ਹਵਾ ਨੂੰ ਦੂਸ਼ਿਤ ਕਰਦੀਆਂ ਹਨ,  ਇਸ ਨਾਲ ਪੰਛੀਆਂ ਨੂੰ ਸਾਹ ਲੈਣ 'ਚ ਮੁਸ਼ਕਿਲ ਆਉਂਦੀ ਹੈ। ਦਰਿਆਵਾਂ ਤੇ ਝੀਲਾਂ 'ਚ ਸੁੱਟਿਆ ਜਾਂਦਾ ਗੰਦਾ ਪਾਣੀ ਤੇ ਕੂੜਾ ਜਲ ਜੀਵਾਂ ਲਈ ਖਤਰਾ ਬਣ ਰਿਹਾ ਹੈ, ਪਾਣੀ ਦੇ ਪ੍ਰਦੂਸ਼ਿਤ ਹੋਣ ਨਾਲ ਮੱਛੀਆਂ ਤੇ ਹੋਰ ਜਲ-ਜੀਵਾਂ ਦੇ ਮਰਨ ਨਾਲ ਪੰਛੀਆਂ ਨੂੰ ਭੋਜਨ ਨਹੀਂ ਮਿਲਦਾ।

ਪ੍ਰਦੂਸ਼ਣ ਸਿੱਧੇ ਤੇ ਅਸਿੱਧੇ ਦੋਵੇਂ ਤਰੀਕਿਆਂ ਨਾਲ ਪੰਛੀਆਂ ਦੀ ਗਿਣਤੀ ਘਟਾਉਂਦਾ ਹੈ। ਖੇਤੀਬਾੜੀ 'ਚ ਕਿਸਾਨਾਂ ਵਲੋਂ ਕੀਟਨਾਸ਼ਕਾਂ ਤੇ ਰਸਾਇਣਕ ਖਾਦਾਂ ਦੀ ਬੇਹਿਸਾਬ ਵਰਤੋਂ ਵੀ ਪੰਛੀਆਂ ਲਈ ਘਾਤਕ ਸਾਬਤ ਹੋ ਰਹੀ ਹੈ, ਕਿਉਂਕਿ ਪੰਛੀਆਂ ਵਲੋਂ ਖੇਤਾਂ 'ਚੋਂ ਦਾਣੇ ਚੁਗਣ ਤੇ ਕੀੜੇ ਖਾਣ ਨਾਲ ਜ਼ਹਿਰੀਲੇ ਰਸਾਇਣ ਉਨ੍ਹਾਂ ਦੇ ਸਰੀਰ ਵਿਚ ਚਲੇ ਜਾਣ ਨਾਲ ਕਈ ਪੰਛੀ ਮਰ ਜਾਂਦੇ ਹਨ, ਕਈਆਂ ਦੀ ਪ੍ਰਜਣਨ ਸਮਰੱਥਾ ਘਟਣ ਨਾਲ ਨਵੇਂ ਬੱਚੇ ਪੈਦਾ ਨਹੀਂ ਹੁੰਦੇ ਜਾਂ ਕਮਜ਼ੋਰ ਪੈਦਾ ਹੋਣ ਨਾਲ ਉਨ੍ਹਾਂ ਦੀ ਗਿਣਤੀ ਘਟਦੀ ਜਾਂਦੀ ਹੈ।
ਜਲਵਾਯੂ ਪਰਿਵਰਤਨ ਵੀ ਪੰਛੀਆਂ ਲਈ ਇਕ ਵੱਡਾ ਸੰਕਟ ਬਣ ਗਿਆ ਹੈ। ਧਰਤੀ ਦਾ ਤਾਪਮਾਨ ਲਗਾਤਾਰ ਵਧਣ ਨਾਲ ਮੌਸਮ ਦਾ ਸੰਤੁਲਨ ਵਿਗੜ ਰਿਹਾ ਹੈ। ਕਦੇ ਬਹੁਤ ਜ਼ਿਆਦਾ ਗਰਮੀ, ਕਦੇ ਬਹੁਤ ਜ਼ਿਆਦਾ ਠੰਢ, ਕਦੇ ਸੋਕਾ ਤੇ ਕਦੇ ਭਾਰੀ ਮੀਂਹ ਪੈਂਦਾ ਹੈ। ਇਸ ਕਾਰਨ ਪੰਛੀਆਂ ਦੇ ਪ੍ਰਵਾਸ, ਪ੍ਰਜਣਨ ਤੇ ਭੋਜਨ ਪ੍ਰਾਪਤ ਕਰਨ ਦੇ ਤਰੀਕੇ ਪ੍ਰਭਾਵਿਤ ਹੋ ਰਹੇ ਹਨ। ਕੁਝ ਲੋਕਾਂ ਵਲੋਂ ਪੰਛੀਆਂ ਦਾ ਸ਼ਿਕਾਰ ਕਰਨ ਦਾ ਸ਼ੌਕ ਵੀ ਪੰਛੀਆਂ ਦੇ ਖ਼ਤਮ ਹੋਣ ਦਾ ਇਕ ਕਾਰਨ ਹੈ। ਕਈ ਲੋਕ ਦੁਰਲੱਭ ਪੰਛੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਫੜ ਕੇ ਵੇਚਦੇ ਹਨ, ਇਸ ਕਾਰਨ ਕਈ ਕੀਮਤੀ ਪ੍ਰਜਾਤੀਆਂ ਦੀ ਗਿਣਤੀ ਘਟ ਰਹੀ ਹੈ। ਮੋਬਾਈਲ ਟਾਵਰਾਂ ਤੋਂ ਨਿਕਲਣ ਵਾਲੀਆਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਨਾਲ ਕੁਝ ਪੰਛੀਆਂ ਦਾ ਵਿਹਾਰ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ, ਇਸ ਬਾਰੇ ਵਿਗਿਆਨਕ ਖੋਜ ਜਾਰੀ ਹੈ।
ਵੱਡੀਆਂ ਇਮਾਰਤਾਂ, ਕੱਚ ਦੀਆਂ ਦੀਵਾਰਾਂ ਤੇ ਬਿਜਲੀ ਦੀਆਂ ਤਾਰਾਂ ਵੀ ਪੰਛੀਆਂ ਲਈ ਖਤਰਾ ਬਣਦੀਆਂ ਹਨ। ਕਈ ਵਾਰ ਪੰਛੀ ਕੱਚ ਵਿਚ ਅਸਮਾਨ ਦਾ ਪ੍ਰਤੀਬਿੰਬ ਦੇਖ ਕੇ ਉਸ ਨਾਲ ਟਕਰਾ ਜਾਂਦੇ ਹਨ। ਬਿਜਲੀ ਦੀਆਂ ਉੱਚ ਵੋਲਟੇਜ ਤਾਰਾਂ ਨਾਲ ਟਕਰਾ ਕੇ ਰੋਜ਼ਾਨਾ ਬਹੁਤ ਸਾਰੇ ਪੰਛੀ ਮਰ ਜਾਂਦੇ ਹਨ। ਪਲਾਸਟਿਕ ਪ੍ਰਦੂਸ਼ਣ ਵੀ ਪੰਛੀਆਂ ਲਈ ਇਕ ਗੰਭੀਰ ਸਮੱਸਿਆ ਬਣ ਗਿਆ ਹੈ। ਲੋਕਾਂ ਵੱਲੋਂ ਸੁੱਟੀਆਂ ਪਲਾਸਟਿਕ ਦੀਆਂ ਥੈਲੀਆਂ, ਬੋਤਲਾਂ ਤੇ ਹੋਰ ਕੂੜੇ-ਕਰਕਟ ਨੂੰ ਕਈ ਪੰਛੀ ਭੋਜਨ ਸਮਝ ਕੇ ਖਾਣ ਨਾਲ ਤੇ ਪਲਾਸਟਿਕ ਦੀਆਂ ਰੱਸੀਆਂ ਜਾਂ ਜਾਲਾਂ 'ਚ ਫਸ ਕੇ ਵੀ ਮਾਰੇ ਜਾਂਦੇ ਹਨ। ਅੱਜਕੱਲ੍ਹ ਤੇਜ਼ੀ ਨਾਲ ਵਧ ਰਹੇ ਸ਼ਹਿਰੀਕਰਨ ਦੇ ਚਲਦਿਆਂ ਹਰ ਪਾਸੇ ਦਰੱਖਤ ਵੱਢ ਕੇ ਸੀਮੈਂਟ ਦੇ ਜੰਗਲ ਖੜ੍ਹੇ ਕੀਤੇ ਜਾ ਰਹੇ ਹਨ। ਜੰਗਲੀ ਅੱਗ, ਹੜ੍ਹਾਂ ਤੇ ਹੋਰ ਕੁਦਰਤੀ ਆਫ਼ਤਾਂ ਵੀ ਪੰਛੀਆਂ ਦੇ ਆਲ੍ਹਣੇ ਤੇ ਆਂਡੇ ਨਸ਼ਟ ਕਰ ਦਿੰਦੀਆਂ ਹਨ।  ਅਜਿਹੀਆਂ ਘਟਨਾਵਾਂ ਕਾਰਨ ਵੀ ਕਈ ਪ੍ਰਜਾਤੀਆਂ ਨੂੰ ਨੁਕਸਾਨ ਪਹੁੰਚਦਾ ਹੈ।
ਪੰਛੀਆਂ ਦੀ ਰੱਖਿਆ ਕਰਨਾ ਸਾਡਾ ਫ਼ਰਜ਼ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤੇ ਜੰਗਲਾਂ ਦੀ ਕਟਾਈ ਨੂੰ ਰੋਕਣਾ ਚਾਹੀਦਾ ਹੈ। ਕੀਟਨਾਸ਼ਕਾਂ ਦੀ ਵਰਤੋਂ ਘੱਟ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਚਾਹੀਦਾ ਹੈ। ਪਲਾਸਟਿਕ ਦੀ ਵਰਤੋਂ ਘਟਾ ਕੇ ਕੂੜੇ ਨੂੰ ਸਹੀ ਢੰਗ ਨਾਲ ਨਿਪਟਾਉਣਾ ਚਾਹੀਦਾ ਹੈ। ਘਰਾਂ, ਸਕੂਲਾਂ ਤੇ ਜਨਤਕ ਥਾਵਾਂ 'ਤੇ ਪੰਛੀਆਂ ਲਈ ਪਾਣੀ ਦੇ ਬਰਤਨ ਤੇ ਦਾਣਾ ਰੱਖਣਾ ਚਾਹੀਦਾ ਹੈ। ਲੋਕਾਂ 'ਚ ਜਾਗਰੂਕਤਾ ਪੈਦਾ ਕਰਕੇ ਉਨ੍ਹਾਂ ਨੂੰ ਪੰਛੀਆਂ ਦੀ ਰੱਖਿਆ ਲਈ ਪ੍ਰੇਰਿਤ ਕੀਤਾ ਜਾਵੇ। ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਪੰਛੀਆਂ ਦਾ ਅਲੋਪ ਹੋਣਾ ਸਿਰਫ਼ ਜੀਵ-ਜੰਤੂਆਂ ਦੀ ਸਮੱਸਿਆ ਨਹੀਂ, ਸਗੋਂ ਧਰਤੀ ਦੇ ਵਾਤਾਵਰਨ ਤੇ ਮਨੁੱਖੀ ਜੀਵਨ ਲਈ ਇਕ ਵੱਡਾ ਖਤਰਾ ਹੈ। ਜੇਕਰ ਪੰਛੀਆਂ ਦੀ ਗਿਣਤੀ ਇਸੇ ਤਰ੍ਹਾਂ ਘਟਦੀ ਰਹੀ ਤਾਂ ਕੁਦਰਤ ਦਾ ਸੰਤੁਲਨ ਵਿਗੜਨ ਦੇ ਗੰਭੀਰ ਨਤੀਜੇ ਮਨੁੱਖ ਨੂੰ ਵੀ ਭੁਗਤਣੇ ਪੈਣਗੇ।
ਇਸ ਲਈ ਸਭ ਲੋਕਾਂ, ਸਰਕਾਰ, ਖੇਤੀ ਵਿਗਿਆਨੀਆਂ ਤੇ ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਪੰਛੀਆਂ ਦੀ ਸੁਰੱਖਿਆ ਲਈ ਕੰਮ ਕਰਨਾ ਚਾਹੀਦਾ ਹੈ। ਜੇ ਅਸੀਂ ਅੱਜ ਕੁਦਰਤ ਤੇ ਪੰਛੀਆਂ ਦੀ ਸੰਭਾਲ ਕਰਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਨ੍ਹਾਂ ਦੀ ਮਿੱਠੀ ਚਹਿਕ ਦਾ ਅਨੰਦ ਮਾਣ ਸਕਣਗੀਆਂ ਅਤੇ ਧਰਤੀ ਵੀ ਹਰੀ-ਭਰੀ, ਸੁੰਦਰ ਤੇ ਜੀਵੰਤ ਬਣੀ ਰਹੇਗੀ।

ਬਰਨਾਲਾ।
ਮੋਬਾਈਲ : 99156-91115

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨੂੰ ਮਹਿੰਗਾ ਪਵੇਗਾ ਅੰਦਰੂਨੀ ਟਕਰਾਅ ਅਗਲੀ ਖ਼ਬਰ ਕਿਸ ਤਰ੍ਹਾਂ ਰੁਕ ਸਕਦਾ ਹੈ ਪੰਜਾਬ ਤੋਂ ਨੌਜਵਾਨਾਂ ਦਾ ਪ੍ਰਵਾਸ?
Ad Position 24
No active advertisement