01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕਾਂਗਰਸ ਨੂੰ ਮਹਿੰਗਾ ਪਵੇਗਾ ਅੰਦਰੂਨੀ ਟਕਰਾਅ

ਕਾਂਗਰਸ ਨੂੰ ਮਹਿੰਗਾ ਪਵੇਗਾ ਅੰਦਰੂਨੀ ਟਕਰਾਅ

Ad Position 21
No active advertisement
ਅਜੀਤ ਡੈਸਕ 02-08-2026

ਪੰਜਾਬ ਵਿਚ ਅਕਸਰ ਕਾਂਗਰਸ ਦਾ ਬੋਲਬਾਲਾ ਰਿਹਾ ਹੈ। 1947 ਤੋਂ ਲੈ ਕੇ ਹੁਣ ਤੱਕ ਇਸ ਨੇ ਸੂਬੇ 'ਤੇ 13 ਵਾਰ ਹਕੂਮਤ ਕੀਤੀ ਹੈ। ਇਸ ਸਮੇਂ ਦੌਰਾਨ ਇਸ ਪਾਰਟੀ ਦੇ ਇਕ ਦਰਜਨ ਤੋਂ ਵੀ ਵਧੇਰੇ ਮੁੱਖ ਮੰਤਰੀ ਬਣੇ ਹਨ। ਇਨ੍ਹਾਂ ਵਿਚ ਪ੍ਰਤਾਪ ਸਿੰਘ ਕੈਰੋਂ ਵਰਗਾ ਪ੍ਰਭਾਵਸ਼ਾਲੀ ਮੁੱਖ ਮੰਤਰੀ ਵੀ ਸ਼ਾਮਿਲ ਰਿਹਾ ਹੈ, ਜਿਸ ਦੇ ਕੰਮਾਂ ਨੂੰ ਅਕਸਰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਗਿਆਨੀ ਜ਼ੈਲ ਸਿੰਘ ਨੇ ਸੂਬੇ ਦੇ ਮੁੱਖ ਮੰਤਰੀ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਬਣਨ ਤੱਕ ਦਾ ਸਫ਼ਰ ਕੀਤਾ ਹੈ। ਬੇਅੰਤ ਸਿੰਘ ਨੇ ਰਾਜ ਦੇ ਬੇਹੱਦ ਚੁਣੌਤੀਆਂ ਭਰੇ ਸਮੇਂ ਵਿਚ ਕਮਾਨ ਸੰਭਾਲੀ ਅਤੇ ਹਾਲਾਤ ਦਾ ਦ੍ਰਿੜਤਾ ਨਾਲ ਸਾਹਮਣਾ ਕੀਤਾ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਫੂਲਕੀਆਂ ਰਿਆਸਤਾਂ ਵਿਚੋਂ ਪਟਿਆਲਾ ਦਾ ਨਾਂਅ ਵਧੇਰੇ ਉੱਭਰਵਾਂ ਸੀ। ਇਸੇ ਵੰਸ਼ ਦੇ ਮਹਾਰਾਜਾ ਅਮਰਿੰਦਰ ਸਿੰਘ ਨੇ ਵੀ ਦੋ ਵਾਰ ਸੂਬੇ ਦੀ ਕਮਾਨ ਸੰਭਾਲੀ। ਇਸ ਸਮੇਂ ਵਿਚ ਬਣੀਆਂ ਸਰਕਾਰਾਂ ਨੂੰ ਅਨੇਕਾਂ ਚੁਣੌਤੀਆਂ 'ਚੋਂ ਗੁਜ਼ਰਨਾ ਪਿਆ, ਪਰ ਇਸ ਦੇ ਬਾਵਜੂਦ ਅੱਜ ਤੱਕ ਵੀ ਇਸ ਕੌਮੀ ਪਾਰਟੀ ਦਾ ਪ੍ਰਭਾਵ ਸੂਬੇ ਵਿਚ ਬਣਿਆ ਰਿਹਾ ਹੈ। ਬਿਨਾਂ ਸ਼ੱਕ ਪਾਰਟੀ ਅੰਦਰ ਆਗੂਆਂ ਦੇ ਅਨੇਕਾਂ ਵਾਰ ਮਤਭੇਦ ਵੀ ਉਭਰਦੇ ਰਹੇ, ਜਿਨ੍ਹਾਂ ਨਾਲ ਇਸ ਪਾਰਟੀ ਦਾ ਪ੍ਰਭਾਵ ਘਟਦਾ ਵੀ ਨਜ਼ਰ ਆਇਆ।

ਕੈਪਟਨ ਅਮਰਿੰਦਰ ਸਿੰਘ ਸਾਲ 2017 ਤੋਂ 2021 ਤੱਕ ਵੀ ਸੂਬੇ ਦੇ ਮੁੱਖ ਮੰਤਰੀ ਰਹੇ ਪਰ ਰਾਜ ਕਾਲ ਦੇ ਆਖ਼ਰੀ ਮਹੀਨਿਆਂ ਵਿਚ ਲੀਡਰਸ਼ਿਪ ਵਿਚ ਅਜਿਹੀ ਅੰਦਰੂਨੀ ਖਹਿਬਾਜ਼ੀ ਸ਼ੁਰੂ ਹੋਈ, ਜੋ ਪਾਰਟੀ ਦੀ ਅੰਦਰੂਨੀ ਜੰਗ ਵਿਚ ਬਦਲ ਗਈ। ਇਸ ਦਾ ਨੁਕਸਾਨ ਪਾਰਟੀ ਨੂੰ ਭੁਗਤਣਾ ਪਿਆ ਅਤੇ ਸਾਲ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਕਦਰ ਵੱਡਾ ਹੁਲਾਰਾ ਮਿਲਿਆ, ਜਿਸ ਦੀ ਉਸ ਸਮੇਂ ਸ਼ਾਇਦ ਇਸ ਪਾਰਟੀ ਨੂੰ ਵੀ ਉਮੀਦ ਨਹੀਂ ਸੀ। ਹੁਣ ਜਦੋਂ ਸੂਬੇ ਵਿਚ ਕੁੱਝ ਮਹੀਨਿਆਂ ਪਿੱਛੋਂ ਚੋਣਾਂ ਹੋਣ ਜਾ ਰਹੀਆਂ ਹਨ, ਇਕ ਤਰ੍ਹਾਂ ਨਾਲ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ, ਤਾਂ ਸਾਰੀਆਂ ਹੀ ਪਾਰਟੀਆਂ ਨੇ ਚੋਣ ਮੈਦਾਨ ਵਿਚ ਉਤਰਨ ਲਈ ਆਪੋ-ਆਪਣੀ ਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਇਸ ਲਈ ਆਪਣੇ ਸਿਆਸੀ ਨਸ਼ਤਰ ਵੀ ਤਿੱਖੇ ਕਰ ਲਏ ਹਨ। ਪਰ ਇਸ ਸਮੇਂ ਸੂਬਾ ਕਾਂਗਰਸ ਵਿਚ ਜੋ ਅੰਦਰੂਨੀ ਵਿਵਾਦ ਪੈਦਾ ਹੋਇਆ ਹੈ, ਉਸ ਨੇ ਸਾਲ 2021 ਵਿਚ ਪਾਰਟੀ ਅਤੇ ਸਰਕਾਰ ਵਿਚ ਪਈ ਦੋਫਾੜ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਚਾਹੇ ਕਾਂਗਰਸੀ ਆਗੂ ਹਾਲੇ ਤੱਕ ਵੀ ਲਗਾਤਾਰ ਇਹ ਬਿਆਨ ਦਿੰਦੇ ਆ ਰਹੇ ਹਨ ਕਿ ਪਾਰਟੀ ਵਿਚ ਸਭ ਕੁੱਝ ਠੀਕ-ਠਾਕ ਹੈ, ਪਰ ਘਟਨਾ ਚੱਕਰ ਇਨ੍ਹਾਂ ਬਿਆਨਾਂ ਦੇ ਅਨੁਕੂਲ ਨਜ਼ਰ ਨਹੀਂ ਆਉਂਦਾ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬੇ ਦਾ ਪ੍ਰਧਾਨ ਬਣਾਈ ਰੱਖਣ ਦੇ ਹਾਈਕਮਾਨ ਦੇ ਫ਼ੈਸਲੇ ਸੰਬੰਧੀ ਪਾਰਟੀ ਅੰਦਰ ਵਿਰੋਧ ਦੀਆਂ ਆਵਾਜ਼ਾਂ ਉੱਚੀ ਸੁਰ ਵਿਚ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਹੋਰ ਕਈ ਵੱਡੇ ਆਗੂ ਹਾਈਕਮਾਨ ਦੇ ਇਸ ਫ਼ੈਸਲੇ ਦੇ ਵਿਰੋਧ ਵਿਚ ਖੜ੍ਹੇ ਦਿਖਾਈ ਦਿੰਦੇ ਹਨ। ਆਪਸੀ ਇਕਸੁਰਤਾ ਬਣਾਉਣ ਲਈ ਦਿੱਲੀ ਵਿਚ ਵੀ ਲਗਾਤਾਰ ਯਤਨ ਹੁੰਦੇ ਰਹੇ ਪਰ ਹਾਲੇ ਤੱਕ ਇਨ੍ਹਾਂ ਦਾ ਨਤੀਜਾ ਹਾਂ ਪੱਖੀ ਰਿਹਾ ਨਹੀਂ ਜਾਪਦਾ। ਇਕ ਵਾਰ ਫਿਰ ਹਾਈਕਮਾਨ ਦੀ ਹਿਦਾਇਤ 'ਤੇ ਪੰਜਾਬ ਮਸਲਿਆਂ ਦੇ ਮੁਖੀ ਭੁਪੇਸ਼ ਬਘੇਲ ਨੂੰ ਪੰਜਾਬ ਭੇਜਿਆ ਗਿਆ ਹੈ, ਜਿਨ੍ਹਾਂ ਨੇ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਯੋਜਨਾ ਬਣਾਈ ਹੈ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿਚ ਇਸ ਸੰਬੰਧੀ ਲਾਮਬੰਦੀ ਕਰਨ ਦੀ ਮੁਹਿੰਮ ਵੀ ਚਲਾਈ ਹੈ।
ਫ਼ਤਹਿਗੜ੍ਹ ਸਾਹਿਬ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਦੂਸਰਾ ਪਾਰਟੀ ਸਮਾਗਮ ਖਰੜ ਵਿਚ ਕੀਤਾ ਗਿਆ ਅਤੇ ਤੀਸਰਾ ਪਟਿਆਲੇ ਵਿਚ ਹੋਇਆ ਹੈ, ਜਿਸ ਵਿਚ ਕਾਂਗਰਸ ਪ੍ਰਧਾਨ, ਜ਼ਿਲ੍ਹਾ ਬਲਾਕ ਮੰਡਲ ਅਤੇ ਬੂਥ ਪੱਧਰ ਦੇ ਕਾਰਕੁੰਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਗਿਆ ਸੀ, ਪਰ ਇਨ੍ਹਾਂ ਪ੍ਰੋਗਰਾਮਾਂ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਵੱਡੇ ਆਗੂ ਅਤੇ ਕਈ ਵਿਧਾਇਕ ਸ਼ਿਰਕਤ ਕਰਦੇ ਨਜ਼ਰ ਨਹੀਂ ਆਏ। ਪਟਿਆਲਾ ਵਿਚ ਤਾਂ ਕਾਂਗਰਸ ਦੇ ਸਮਾਗਮ ਵਿਚ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਅਤੇ ਰਾਜਾ ਵੜਿੰਗ ਦੇ ਖ਼ਿਲਾਫ਼ ਖੁੱਲ੍ਹੇ ਰੂਪ ਵਿਚ ਨਾਅਰੇ ਵੀ ਲਗਾਏ ਜਾਂਦੇ ਰਹੇ। ਇਸ ਤੋਂ ਇਹ ਜ਼ਰੂਰ ਸਪੱਸ਼ਟ ਹੁੰਦਾ ਹੈ ਕਿ ਸੂਬਾ ਪਾਰਟੀ ਵਿਚ ਚੱਲਦੀ ਤਕਰਾਰਬਾਜ਼ੀ ਹਾਲੇ ਤੱਕ ਵੀ ਖ਼ਤਮ ਨਹੀਂ ਹੋਈ ਅਤੇ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ, ਇਸ ਦੇ ਛੇਤੀਂ ਖ਼ਤਮ ਹੋਣ ਦੇ ਆਸਾਰ ਵੀ ਨਜ਼ਰ ਨਹੀਂ ਆਉਂਦੇ। ਬਿਨਾਂ ਸ਼ੱਕ ਪੈਦਾ ਹੋਈ ਇਹ ਸਥਿਤੀ ਪਾਰਟੀ ਲਈ ਵੱਡੇ ਖਸਾਰੇ ਵਾਲੀ ਸਾਬਤ ਹੋ ਸਕਦੀ ਹੈ, ਜਿਸ ਦਾ ਆਉਂਦੇ ਸਮੇਂ ਵਿਚ ਪਾਰਟੀ ਨੂੰ ਇਕ ਵਾਰ ਫਿਰ ਖਮਿਆਜ਼ਾ ਭੁਗਤਣਾ ਪਵੇਗਾ।
-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ var di load ਅਗਲੀ ਖ਼ਬਰ ਪੰਛੀ ਕਿਉਂ ਅਲੋਪ ਹੋ ਰਹੇ ਹਨ?
Ad Position 24
No active advertisement