ਪਠਾਨਕੋਟ, 28 ਅਗਸਤ (ਵਿਨੋਦ)- ਪਠਾਨਕੋਟ ਦੇ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਦੇ ਬਾਹਰ ਇਕ ਜ਼ੋਰਦਾਰ ਧਮਾਕੇ ਨਾਲ ਪਠਾਨਕੋਟ ਵਿਚ ਸਨਸਨੀ ਫੈਲ ਗਈ। ਆਸ ਪਾਸ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਭੱਜ ਗਏ। ਸੂਚਨਾ ਮਿਲਣ 'ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਮੌਕੇ 'ਤੇ ਪਹੁੰਚੀਆਂ।
ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ਼ ਦੀ ਜਾਂਚ ਕੀਤੀ, ਜਿਸ ਵਿਚ ਇਕ ਨੌਜਵਾਨ ਦਾ ਖੁਲਾਸਾ ਹੋਇਆ। ਉਸਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਗਿਆ। ਅਸ਼ਵਨੀ ਸ਼ਰਮਾ ਦਾ ਘਰ ਨਿਊ ਬੈਂਕ ਕਲੋਨੀ ਵਿਚ ਸਥਿਤ ਹੈ। ਘਟਨਾ ਸਮੇਂ ਉਹ ਮੌਜੂਦ ਨਹੀਂ ਸੀ। ਸੂਚਨਾ ਅਨੁਸਾਰ, ਸ਼ਰਮਾ ਸਵੇਰੇ 4:30 ਵਜੇ ਦੇ ਕਰੀਬ ਚੰਡੀਗੜ੍ਹ ਲਈ ਆਪਣੀ ਰਿਹਾਇਸ਼ ਤੋਂ ਨਿਕਲੇ।
ਲਗਭਗ ਇਕ ਘੰਟੇ ਬਾਅਦ, ਸਵੇਰੇ 5:30 ਵਜੇ ਦੇ ਕਰੀਬ, ਉਨ੍ਹਾਂ ਦੇ ਘਰ ਤੋਂ ਲਗਭਗ 100 ਮੀਟਰ ਦੂਰ ਇਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ 'ਤੇ, ਪੁਲਿਸ, ਖੁਫੀਆ ਏਜੰਸੀਆਂ, ਫੋਰੈਂਸਿਕ ਟੀਮਾਂ ਅਤੇ ਇੱਕ ਕੁੱਤਾ ਦਸਤਾ ਮੌਕੇ 'ਤੇ ਪਹੁੰਚਿਆ। ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ, ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਦਲਜਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਵਿਧਾਇਕ ਅਸ਼ਨੀ ਸ਼ਰਮਾ ਦੇ ਘਰ ਤੋਂ ਲਾਗੇ ਇੱਕ ਪਲਾਂਟ ਵਿੱਚ ਸਵੇਰੇ ਧਮਾਕਾ ਹੋਣ ਕਾਰਨ ਸੂਚਨਾ ਮਿਲੀ ਸੀ ਜਿੱਥੇ ਪੁਲਿਸ ਮੌਕੇ ਤੇ ਪਹੁੰਚੀ। ਜਾਂਚ ਦੌਰਾਨ, ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਵਿਚ ਇਕ ਸਥਾਨਕ ਨੌਜਵਾਨ ਦੀ ਪਛਾਣ ਕੀਤੀ। ਨੌਜਵਾਨ ਦੀ ਪਛਾਣ ਅਭਿਸ਼ੇਕ ਵਜੋਂ ਕੀਤੀ ਗਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸਨੇ ਇਕ ਉੱਚੀ ਪਟਾਕੇ ਚਲਾਏ ਸਨ, ਜਿਸ ਕਾਰਨ ਲੋਕਾਂ ਨੂੰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।
ਪੁਲਿਸ ਨੇ ਸਾਵਧਾਨੀ ਵਜੋਂ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਦੌਰਾਨ ਪਤਾ ਚਲਿਆ ਕਿ ਉਹ ਇਹ ਪਟਾਕੇ ਲਿਆਇਆ ਸੀ, ਜੋ ਕਿ ਫੰਕਸ਼ਨਾਂ ਵਿਚ ਚਲਾਏ ਜਾਂਦੇ ਹਨ ਤੇ ਇਸ ਦੀ ਆਵਾਜ਼ ਬਹੁਤ ਹੁੰਦੀ ਹੈ, ਇਸਨੇ ਵਿਧਾਇਕ ਦੇ ਘਰ ਦੇ ਨੇੜੇ ਇਕ ਪਲਾਟ ਵਿਚ ਇਸ ਪਟਾਖੇ ਨੂੰ ਚਲਾਇਆ ਜਿਸ ਨਾਲ ਬਹੁਤ ਜ਼ੋਰ ਨਾਲ ਆਵਾਜ਼ ਹੋਈ ਸੀ, ਪਰ ਇਹ ਡਰ ਦੇ ਕਾਰਨ ਕੁਝ ਦੱਸ ਨਾ ਸਕਿਆ ਅਤੇ ਬਾਅਦ ਵਿਚ ਜਦੋਂ ਪੁਲਿਸ ਨੇ ਜਾਂਚ ਵਿਚ ਇਸ ਨੂੰ ਦੇਖਿਆ ਤਾਂ ਇਸ ਨੇ ਸਾਰੀ ਸੱਚਾਈ ਦੱਸੀ, ਉਸ ਕੋਲੋਂ ਪਟਾਕੇ ਬਰਾਮਦ ਵੀ ਕੀਤੇ ਗਏ ਹਨ, ਇਹ ਕੋਈ ਹੋਰ ਵੱਡੀ ਵਾਰਦਾਤ ਨਹੀਂ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪੁਲਿਸ ਨੇ ਜਨਤਾ ਨੂੰ ਅਫ਼ਵਾਹਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ।