ਮਜਾਰੀ/ਸਾਹਿਬਾ (ਨਵਾਸ਼ਹਿਰ), 2 ਅਗਸਤ (ਨਿਰਮਲਜੀਤ ਸਿੰਘ ਚਾਹਲ)- ਸ਼ਾਮ ਵੇਲੇ ਚੰਡੀਗੜ੍ਹ-ਹੁਸ਼ਿਆਰਪੁਰ ਰਾਜ ਮਾਰਗ 'ਤੇ ਧਾਰਮਿਕ ਸਥਾਨ ਚਸ਼ਮਾ ਨੇੜੇ ਅਤੇ ਬੰਦ ਹੋਏ ਟੋਲ ਪਲਾਜਾ ਦੇ ਵਿਚਕਾਰ ਇਕ ਕੈਂਟਰ ਅਤੇ ਘੋੜਾ ਟਰੱਕ ਦੀ ਅਹਮੋ ਸਾਹਮਣੇ ਟੱਕਰ ਹੋਣ ਕਾਰਨ ਕੈਂਟਰ ਚਾਲਕ ਬੁਰੀ ਤਰ੍ਹਾਂ ਗੰਭੀਰ ਜ਼ਖ਼ਮੀ ਹੋ ਗਿਆ। ਦੋਵਾਂ ਬਹਾਨਾ ਦੇ ਅਗਲੇ ਹਿੱਸੇ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ।
ਮੌਕੇ ਤੇ ਪ੍ਰਾਪਤ ਜਾਣਕਾਰੀਂ ਅਨੁਸਾਰ ਲੋਕਾਂ ਨੇ ਦੱਸਿਆ ਕਿ ਕੈਂਟਰ ਨੰਬਰ ਪੀ.ਬੀ. 07 ਸੀ.ਜੇ. 9861 ਜਿਸ ਨੂੰ ਅਸ਼ਵਨੀ ਕੁਮਾਰ ਪੁੱਤਰ ਸੋਖੀ ਰਾਮ ਪਿੰਡ ਇਬਰਾਹੀਮਪੁਰ ਗੜਸ਼ੰਕਰ ਹੁਸ਼ਿਆਰਪੁਰ ਚਲਾ ਰਿਹਾ ਸੀ ਜੋ ਸਮਾਨ ਲੱਦ ਕੇ ਬਲਾਚੌਰ ਵੱਲ ਜਾ ਰਿਹਾ ਸੀ। ਦੂਸਰੇ ਪਾਸੇ ਤੋਂ ਇਕ ਘੋੜਾ ਟਰੱਕ ਨੰਬਰ ਪੀ. ਬੀ.02 ਈ. ਐਚ.5800 ਜਿਸ ਨੂੰ ਜੋਰਾਵਰ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਅੱਲੋਵਾਲ ਖਡੂਰ ਸਾਹਿਬ ਚਲਾ ਰਿਹਾ ਸੀ। ਜੋ ਰੋਪੜ ਤੋਂ ਸੀਮੈਂਟ ਭਰ ਕੇ ਹੁਸ਼ਿਆਰਪੁਰ ਜਾ ਰਿਹਾ ਸੀ।
ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਟਰੱਕ ਚਾਲਕ ਆਪਣੀ ਸਹੀ ਸਾਈਡ ਤੇ ਆ ਰਿਹਾ ਸੀ। ਬਲਾਚੌਰ ਵੱਲ ਜਾ ਰਿਹਾ ਕੈਂਟਰ ਕਿਸੇ ਕਾਰਨ ਕਰਕੇ ਦੂਸਰੀ ਸਾਈਡ ਚਲਾ ਗਿਆ। ਟਰੱਕ ਚਾਲਕ ਨੇ ਸਾਹਮਣੇ ਤੋਂ ਕੈਂਟਰ ਆਉਂਦਾ ਵੇਖ ਕੇ ਬਚਾਅ ਕਰਦਿਆਂ ਟਰੱਕ ਦੂਸਰੇ ਪਾਸੇ ਘੁੰਮਾ ਦਿੱਤਾ। ਤੇਜ਼ ਕੈਂਟਰ ਦਾ ਮੋਹਰਲਾ ਹਿੱਸਾ ਟਰੱਕ ਦੇ ਵਿਚ ਵੱਜ ਗਿਆ ਤੇ ਟਰੱਕ ਵੀ ਅੱਗੇ ਦਰਖਤਾਂ ਨਾਲ ਜਾ ਟਕਰਾਇਆ ਜਿਸ ਕਾਰਨ ਦੋਵੇਂ ਬਹਾਨਾ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਕੈਂਟਰ ਚਾਲਕ ਕੈਂਟਰ ਦੇ ਵਿਚ ਹੀ ਫਸ ਗਿਆ।
ਸੜਕ ਬੰਦ ਹੋਣ ਕਾਰਨ ਦੋਵੇਂ ਪਾਸੇ ਲੰਮੇ ਜਾਮ ਲੱਗ ਗਏ। ਮੌਕੇ ਤੇ ਪਹੁੰਚੇ ਰਜਿੰਦਰ ਪਾਲ ਏ. ਐਸ. ਆਈ. ਦੀ ਅਗਵਾਈ ਵਿਚ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਇਕੱਠੇ ਹੋਏ ਲੋਕਾਂ ਦੀ ਮਦਦ ਦੇ ਨਾਲ ਬੜੀ ਜਦੋ ਜਹਿਦ ਕਰਕੇ ਕੈਂਟਰ ਚਾਲਕ ਨੂੰ ਬਾਹਰ ਕੱਢਿਆ ਤੇ 108 ਐਬੂਲੈਂਸ ਰਾਹੀਂ ਸਿਵਿਲ ਹਸਪਤਾਲ ਬਲਾਚੌਰ ਭੇਜਿਆ। ਉਪਰੰਤ ਦੋ ਜੇ.ਸੀ.ਬੀ. ਮਸ਼ੀਨਾਂ ਮੰਗਾਂ ਕੇ ਹਾਦਸਾ ਗ੍ਰਸਤ ਹੋਏ ਬਹਾਨਾ ਨੂੰ ਸੜਕ ਤੋਂ ਪਾਸੇ ਕਰਕੇ ਟਰੈਫਿਕ ਨੂੰ ਚਾਲੂ ਕੀਤਾ।