ਮਲੋਟ (ਸ਼੍ਰੀ ਮੁਕਤਸਰ ਸਾਹਿਬ), 2 ਅਗਸਤ (ਪਾਟਿਲ)- ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਅੱਜ ਮਲੋਟ ਵਿਖੇ ਪੁੱਜਣ 'ਤੇ ਇਲਾਕੇ ਦੀਆਂ ਹਜ਼ਾਰਾਂ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ। ਮਾਰਚ ਦੌਰਾਨ ਸੰਗਤਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸਮੂਹ ਸੰਗਤ 'ਤੇ ਫੁੱਲਾਂ ਦੀ ਵਰਖਾ ਕਰਕੇ ਆਪਣੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਪੂਰਾ ਮਾਹੌਲ ਜੈਕਾਰਿਆਂ ਅਤੇ ਧਾਰਮਿਕ ਜੋਸ਼ ਨਾਲ ਗੂੰਜ ਉੱਠਿਆ।
ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਲੋਟ ਦੀਆਂ ਸੰਗਤਾਂ ਵਲੋਂ ਕੀਤੇ ਗਏ ਨਿੱਘੇ ਸਵਾਗਤ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਿੱਖੀ, ਗੁਰਬਾਣੀ ਅਤੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਤਾਕਤ ਉਸ ਦੀਆਂ ਪਰੰਪਰਾਵਾਂ, ਗੁਰਬਾਣੀ ਅਤੇ ਏਕਤਾ ਵਿਚ ਹੈ, ਜਿਸ ਨੂੰ ਹਰ ਹਾਲਤ ਵਿਚ ਕਾਇਮ ਰੱਖਣਾ ਸਮੇਂ ਦੀ ਲੋੜ ਹੈ।
ਮੀਰੀ-ਪੀਰੀ ਖ਼ਾਲਸਾ ਮਾਰਚ ਵਿਚ ਮਲੋਟ ਹਲਕੇ ਤੋਂ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਭਾਜਪਾ ਦੇ ਆਗੂਆਂ ਅਤੇ ਵਰਕਰਾਂ, ਆਮ ਆਦਮੀ ਪਾਰਟੀ ਦੇ ਵਰਕਰਾਂ, ਕਾਂਗਰਸੀ ਆਗੂਆਂ ਅਤੇ ਵਰਕਰਾਂ ਸਮੇਤ ਹਰ ਵਰਗ ਨਾਲ ਸੰਬੰਧਿਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਵਰਗਾਂ ਨਾਲ ਸਬੰਧਤ ਲੋਕਾਂ ਨੇ ਧਾਰਮਿਕ ਭਾਵਨਾ ਨਾਲ ਮਾਰਚ ਵਿਚ ਹਾਜ਼ਰੀ ਭਰ ਕੇ ਏਕਤਾ ਦਾ ਸੰਦੇਸ਼ ਦਿੱਤਾ।
ਮਲੋਟ ਦੀਆਂ ਸੰਗਤਾਂ ਨੇ ਨਾ ਸਿਰਫ਼ ਮਾਰਚ ਦਾ ਨਿੱਘਾ ਸਵਾਗਤ ਕੀਤਾ, ਸਗੋਂ ਪਹਿਲਾਂ ਤੋਂ ਮਾਰਚ ਨਾਲ ਜੁੜ ਕੇ ਆ ਰਹੀਆਂ ਸੰਗਤਾਂ ਦਾ ਵੀ ਫੁੱਲਾਂ ਅਤੇ ਜੈਕਾਰਿਆਂ ਨਾਲ ਭਰਵਾਂ ਸਨਮਾਨ ਕੀਤਾ। ਇਸ ਦੌਰਾਨ ਮਾਰਚ ਵਿਚ ਧਾਰਮਿਕ ਉਤਸ਼ਾਹ, ਅਨੁਸ਼ਾਸਨ ਅਤੇ ਸੰਗਤਾਂ ਦੀ ਅਦੁੱਤੀ ਸ਼ਰਧਾ ਦੇਖਣ ਨੂੰ ਮਿਲੀ, ਜਿਸ ਨੇ ਮਲੋਟ ਵਿਚ ਇਕ ਵਿਲੱਖਣ ਧਾਰਮਿਕ ਮਾਹੌਲ ਸਿਰਜ ਦਿੱਤਾ।