ਹੋਤਾ ਰਹਾ ਮੁਕਾਬਲਾ ਪਾਨੀ ਕਾ ਔਰ ਪਿਆਸ ਕਾ,
ਸਹਰਾ ਉਮੜ ਉਮੜ ਪੜੇ, ਦਰਿਆ ਬਿਫ਼ਰ ਬਿਫ਼ਰ ਗਏ।
ਅਦੀਮ ਆਸ਼ਮੀ ਦਾ ਇਹ ਸ਼ਿਅਰ ਇਸ ਵੇਲੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਰਮਿਆਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਦੇ ਮਾਮਲੇ 'ਤੇ ਚਲ ਰਹੀ ਕਸ਼ਮਕਸ਼ ਦੀ ਹੀ ਤਰਜਮਾਨੀ ਕਰ ਰਿਹਾ ਹੈ। ਇਸ ਵੇਲੇ ਇਕ ਵਾਰ ਫਿਰ ਸਰਕਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਰਮਿਆਨ ਤਣਾਅ ਸਿਖਰ 'ਤੇ ਪਹੁੰਚ ਗਿਆ ਹੈ। ਅਸਲ ਵਿਚ ਕੱਲ੍ਹ 29 ਜੁਲਾਈ, 2026 ਨੂੰ ਚੀਫ਼ ਖ਼ਾਲਸਾ ਦੀਵਾਨ ਦੇ ਮੁਖੀ, ਆਪ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਇੰਦਰਬੀਰ ਸਿੰਘ ਨਿੱਝਰ ਅਤੇ ਸ੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰ ਜੀਤ ਸਿੰਘ ਨੇ ਇਸ ਕਾਨੂੰਨ ਵਿਚ ਸੋਧ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਿੱਤੀ ਤਾਰੀਖ਼ ਦੇ ਐਨ ਆਖਰੀ ਦਿਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਇਸ ਕਾਨੂੰਨ 'ਤੇ ਉਠਾਏ ਗਏ ਇਤਰਾਜ਼ਾਂ ਨੂੰ ਦੂਰ ਕਰਨ ਲਈ, ਕਾਨੂੰਨ ਵਿਚ ਸੋਧ ਦੀ ਥਾਂ, ਕਾਨੂੰਨ ਦੇ ਰੂਲਾਂ ਦੇ ਖਾਕੇ ਰਾਹੀਂ ਪਰਿਭਾਸ਼ਾ ਬਦਲ ਕੇ ਮਾਮਲਾ ਹੱਲ ਕਰਨ ਦੀ ਕੋਸ਼ਿਸ਼ ਕਰਦਿਆਂ ਇਕ ਖਰੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੂੰ ਸੌਂਪਿਆ ਸੀ, ਤਾਂ ਸਾਡਾ ਮੱਥਾ ਉਸ ਵੇਲੇ ਹੀ ਠਣਕਿਆ ਸੀ ਕਿ ਮਾਮਲਾ ਹੱਲ ਨਹੀਂ ਹੋਵੇਗਾ, ਸਗੋਂ ਨਵੇਂ ਟਕਰਾ ਵੱਲ ਵਧੇਗਾ, ਕਿਉਂਕਿ ਅਜਿਹਾ ਜਾਪਦਾ ਹੈ ਕਿ ਇਸ ਮਾਮਲੇ ਵਿਚ ਦਿਆਨਤਦਾਰੀ ਦੀ ਘਾਟ ਹੈ ਤੇ ਕੋਸ਼ਿਸ਼ ਇਨਸਾਫ਼ ਦੀ ਘੱਟ ਤੇ ਰਾਜਨੀਤਕ ਫਾਇਦੇ ਦੀ ਜ਼ਿਆਦਾ ਹੈ। ਇਸ ਬਾਰੇ ਜਿਥੇ ਸਰਕਾਰ 'ਤੇ ਸਵਾਲ ਖੜ੍ਹੇ ਹੁੰਦੇ ਹਨ, ਉਥੇ ਕੁਝ ਲੋਕ ਜਥੇਦਾਰ ਸਾਹਿਬ 'ਤੇ ਵੀ ਇਕ ਧਿਰ ਦੀ ਰਾਜਨੀਤੀ ਨੂੰ ਸਹਾਰਾ ਦੇਣ ਦੇ ਦੋਸ਼ ਮੜ੍ਹ ਰਹੇ ਹਨ। ਅਸਲ ਵਿਚ ਹੋਇਆ ਵੀ ਅਜਿਹਾ ਹੀ, ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਾਕਾਇਦਾ ਪ੍ਰੈੱਸ ਕਾਨਫ਼ਰੰਸ ਕਰ ਕੇ ਸਰਕਾਰ ਵਲੋਂ ਰੂਲ ਬਣਾਉਣ ਦੇ ਪੇਸ਼ ਕੀਤੇ ਪੁਲੰਦੇ ਨੂੰ ਰੱਦ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਖਰੜੇ ਦੀ ਘੋਖ ਕਰਨ ਤੋਂ ਬਾਅਦ ਉਹ ਇਸ ਨਤੀਜੇ 'ਤੇ ਪੁੱਜੇ ਹਨ ਕਿ 90 ਫ਼ੀਸਦੀ ਗੱਲਾਂ ਜੋਂ 29 ਜੂਨ, 2026 ਨੂੰ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਦੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ੀ ਵੇਲੇ ਮੰਨੀਆਂ ਗਈਆਂ ਸਨ, ਹੁਣ ਸਰਕਾਰ ਨਹੀਂ ਮੰਨ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਰੂਲਾਂ ਦੇ ਨਾਂਅ 'ਤੇ ਚਲਾਕੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਦੀ ਗੱਲ ਕਹੀ ਜਾ ਰਹੀ ਹੈ ਤੇ ਦੂਜੇ ਪਾਸੇ ਚਲਾਕੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸ੍ਰੀ ਗੁਰੂ ਘ੍ਰੰਥ ਸਾਹਿਬ ਦੇ ਅੰਗ 474 'ਤੇ ਆਸਾ ਮਹਲਾ 2 'ਤੇ ਦਰਜ ਇਸ ਤੁੱਕ-
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥
ਨਾਨਕ ਦੋਵੇਂ ਕੂੜੀਆ ਥਾਇ ਨ ਕਾਈ ਪਾਇ॥
ਦਾ ਜ਼ਿਕਰ ਵੀ ਕੀਤਾ।
ਸਰਕਾਰ ਵਲੋਂ ਕਾਨੂੰਨ ਵਿਚ ਸੋਧ ਕਰਨ ਦੀ ਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਉਠਾਏ ਨੁਕਤਿਆਂ ਦੇ ਹੱਲ ਲਈ ਕਿ ਅਨਜਾਣੇ ਵਿਚ ਹੋਈ ਗ਼ਲਤੀ ਜਾਂ ਲਾਪ੍ਰਵਾਹੀ ਨੂੰ ਬੇ-ਅਦਬੀ ਨਹੀਂ ਮੰਨਿਆ ਜਾਵੇਗਾ, ਸਿਰਫ਼ ਜਾਣ-ਬੁੱਝ ਕੇ ਬੇ-ਅਦਬੀ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਹੋਵੇਗੀ, ਧਾਰਮਿਕ ਖੋਜ, ਕਥਾ ਕੀਰਤਨ, ਪ੍ਰਚਾਰ ਤੇ ਡਿਜੀਟਲ ਮਾਧਿਅਮ ਰਾਹੀਂ ਗੁਰਬਾਣੀ ਪ੍ਰਚਾਰ 'ਤੇ ਰੋਕ ਨਹੀਂ ਹੋਵੇਗੀ। ਨਗਰ ਕੀਰਤਨ ਜਾਂ ਧਾਰਮਿਕ ਸਮਾਗਮਾਂ ਦੌਰਾਨ ਅਨਜਾਣੇ ਵਿਚ ਹੋਈ ਸਮੱਸਿਆ ਅਤੇ ਘਰਾਂ ਵਿਚ ਪ੍ਰਕਾਸ਼ ਤੇ ਸੁੱਖ ਆਸਣ ਉਤੇ ਐਕਟ ਦਾ ਅਸਰ ਨਹੀਂ ਹੋਵੇਗਾ। ਹਰ ਸਰੂਪ ਲਈ ਯੂਨੀਕ ਨੰਬਰ ਐਸ.ਜੀ.ਪੀ.ਸੀ. ਜਾਰੀ ਕਰੇਗੀ ਤੇ ਉਸ ਕੋਲ ਹੀ ਰਹੇਗਾ। ਅਜਿਹੇ ਕਈ ਹੋਰ ਰੂਲ ਬਣਾਏ ਗਏ, ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਰਾਜ਼ ਦੂਰ ਹੋ ਸਕਣ। ਕਸਟੋਡੀਅਨ ਦੀ ਪਰਿਭਾਸ਼ਾ ਵੀ ਸਾਫ਼ ਕੀਤੀ ਗਈ। ਕਿਹਾ ਗਿਆ ਕਿ ਐਕਟ ਦਾ ਇਕੋ-ਇਕ ਮਕਸਦ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣਾ ਹੈ, ਸੰਗਤ ਜਾਂ ਸੇਵਾਦਾਰਾਂ ਨੂੰ ਪ੍ਰੇਸ਼ਾਨ ਕਰਨਾ ਨਹੀਂ। ਪਰ ਜਥੇਦਾਰ ਗੜਗੱਜ ਨੇ ਸਿੱਖ ਵਿਧਾਇਕਾਂ ਨੂੰ ਅਤੇ ਮੰਤਰੀਆਂ ਨੂੰ ਕਿਹਾ ਹੈ ਕਿ 3 ਅਗਸਤ ਨੂੰ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿਚ ਤਦ ਤੱਕ ਇਸ ਕਾਨੂੰਨ 'ਤੇ ਕੋਈ ਚਰਚਾ ਨਾ ਕੀਤੀ ਜਾਵੇ, ਜਦ ਤੱਕ ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੋਈ ਅਗਾਊਂ ਸਹਿਮਤੀ ਨਹੀਂ ਬਣ ਜਾਂਦੀ। ਪਰ ਇਹ ਚੰਗੀ ਗੱਲ ਹੈ ਕਿ ਜਥੇਦਾਰ ਨੇ ਸਿੱਧਾ ਟਕਰਾ ਸ਼ੁਰੂ ਕਰਨ ਦੀ ਥਾਂ ਵਿਚਕਾਰਲਾ ਰਸਤਾ ਚੁਣਿਆ ਹੈ ਤੇ ਇਸ ਕਾਨੂੰਨ 'ਤੇ ਵਿਚਾਰ-ਵਟਾਂਦਰੇ ਲਈ ਜਸਟਿਸ ਰਿਟਾ. ਆਰ.ਐਸ. ਸੋਢੀ, ਜਸਟਿਸ ਮਹਿੰਦਰ ਮੋਹਨ ਸਿੰਘ ਬੇਦੀ, ਐਡਵੋਕੇਟ ਪੂਰਨ ਸਿੰਘ ਹੁੰਦਲ, ਡਾ. ਕਿਹਰ ਸਿੰਘ ਪਟਿਆਲਾ, ਸਿੱਖ ਕੁਲੈਕਟਿਵ ਸੰਸਥਾ ਦੇ ਮੁਖੀ ਪ੍ਰੋ. ਜਗਮੋਹਨ ਸਿੰਘ ਟੋਨੀ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਲਖਵੀਰ ਸਿੰਘ ਨੂੰ ਕੋਆਰਡੀਨੇਟਰ ਬਣਾ ਕੇ ਇਕ ਕਮੇਟੀ ਨਿਯੁਕਤ ਕਰ ਦਿੱਤੀ ਹੈ ਤੇ ਸਰਕਾਰ ਨੂੰ ਕਿਹਾ ਹੈ ਕਿ ਉਹ ਵੀ ਆਪਣੇ ਵਲੋਂ ਇਸ 'ਤੇ ਵਿਚਾਰ ਲਈ ਇਕ ਕਮੇਟੀ ਬਣਾਵੇ, ਤਾਂ ਜੋ ਦੋਵੇਂ ਕਮੇਟੀਆਂ ਸਹਿਮਤੀ 'ਤੇ ਪਹੁੰਚ ਸਕਣ।
ਹਾਲਾਂਕਿ ਸਾਡਾ ਇਹ ਸਪੱਸ਼ਟ ਪ੍ਰਭਾਵ ਹੈ ਕਿ ਦੋਵੇਂ ਧਿਰਾਂ ਇਸ ਮਾਮਲੇ 'ਤੇ ਹੁਸ਼ਿਆਰੀ ਅਤੇ ਅਕਲ ਦੋਵਾਂ ਤੋਂ ਕੰਮ ਲੈ ਰਹੀਆਂ ਹਨ ਅਤੇ ਇਹ ਹੁਸ਼ਿਆਰੀ ਤੇ ਅਕਲ ਮਾਮਲੇ ਦੇ ਹੱਲ ਲਈ ਘੱਟ ਤੇ ਆਪਣੇ-ਆਪਣੇ ਮਕਸਦ ਦੀ ਪ੍ਰਾਪਤੀ ਲਈ ਵਧੇਰੇ ਵਰਤੀ ਜਾ ਰਹੀ ਹੈ। ਪਰ ਫਿਰ ਵੀ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਾਰੇ ਵਿਰੋਧਾਂ ਦੇ ਬਾਵਜੂਦ ਇਸ ਕਮੇਟੀ ਰਾਹੀਂ ਦਰਵਾਜ਼ੇ ਖੁੱਲ੍ਹੇ ਰੱਖਣ ਅਤੇ ਸਹਿਮਤੀ ਦਾ ਰਸਤਾ ਦੇਣ ਦਾ ਸਵਾਗਤ ਕਰਦੇ ਹਾਂ। ਹੁਣ ਫਿਰ ਗੇਂਦ ਸਰਕਾਰ ਦੇ ਪਾਲੇ ਵਿਚ ਹੈ ਕਿ ਉਹ ਕਿਸ ਪਾਸੇ ਵੱਲ ਵਧਦੀ ਹੈ ਜਾਂ ਨਹੀਂ।
ਦੋਨੋਂ ਤਰਫ਼ ਸੇ ਅਕਲ ਮੁਕਾਬਿਲ ਹੈ ਆ ਗਈ,
ਦੇਖੇਂ ਕਿ ਕਿਸ ਕੀ ਜੀਤ ਹੋ ਬਾਜ਼ਾਰ-ਏ-ਹੋਸ਼ ਮੇਂ।
(ਲਾਲ ਫਿਰੋਜ਼ਪੁਰੀ)
ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਘਿਰਾਓ ਬਾਕੀ ਅਕਾਲੀ ਦਲ ਲਈ ਲਲਕਾਰ
ਬੇਸ਼ੱਕ ਪਹਿਲਾਂ ਅਕਾਲੀ ਦਲ (ਬਾਦਲ) ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਹੇਠ ਉਤੇ 40 ਕਾਨਫਰੰਸਾਂ ਕਰਕੇ ਪੰਥਕ ਹਲਕਿਆਂ ਵਿਚ ਕੁਝ ਬਰਤਰੀ ਹਾਸਿਲ ਕੀਤੀ ਸੀ ਪਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਕੱਲ੍ਹ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖ਼ਿਲਾਫ਼ ਕੀਤਾ ਗਿਆ, ਉਸ ਤੋਂ ਇਹ ਉਨ੍ਹਾਂ ਵਲੋਂ ਮੁੱਖ ਮੰਤਰੀ ਨੂੰ ਦਿੱਤੀ ਗਈ ਲਲਕਾਰ ਅਸਲ ਵਿਚ ਬਾਕੀ ਅਕਾਲੀ ਦਲਾਂ ਨੂੰ ਦਿੱਤੀ ਜਾ ਰਹੀ ਲਲਕਾਰ ਵਾਂਗ ਵੀ ਜਾਪਦੀ ਹੈ।
ਲਲਕਾਰਾ ਤੋ ਉਸ ਨੇ ਥਆ ਔਰੋਂ ਕੋ ਮਗਰ ਯਾਰ,
ਲਲਕਾਰ ਉਸਕੀ ਕਯੋਂ ਮੇਰੇ ਸੀਨੇ ਮੇਂ ਚੁਭੀ ਹੈ?
ਅਸਲ ਵਿਚ ਲੰਮੇ ਸਮੇਂ ਤੋਂ ਪੰਜਾਬ ਵਿਚ ਪੰਥਕ ਸਿਆਸਤ ਸੜਕਾਂ ਦੀ ਥਾਂ ਵੱਡੀਆਂ-ਵੱਡੀਆਂ ਰੈਲੀਆਂ ਤੇ ਇਕੱਠਾਂ ਰਾਹੀਂ ਤਾਕਤ ਦੇ ਵਿਖਾਵੇ ਵਿਚ ਲੱਗੀ ਰਹੀ ਹੈ। ਹਾਂ, ਪੰਜਾਬ ਵਿਚ ਕਿਸਾਨ ਜਥੇਬੰਦੀਆਂ ਜ਼ਰੂਰ ਮੋਰਚੇ ਲਾਉਂਦੀਆਂ ਹਨ ਪਰ ਉਨ੍ਹਾਂ ਦੀ ਆਪਸੀ ਫੁੱਟ ਤੇ ਦਰਜਨਾਂ ਜਥੇਬੰਦੀਆਂ ਵਲੋਂ ਰੋਜ਼ ਦੇ ਬੰਦਾਂ ਤੋਂ ਵੀ ਲੋਕ ਪ੍ਰੇਸ਼ਾਨ ਤੇ ਨਿਰਾਸ਼ ਰਹੇ ਹਨ।
ਪਰ ਕੱਲ੍ਹ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਜਿਸ ਤਾਕਤ ਦਾ ਵਿਖਾਵਾ ਕਰਨ ਲਈ ਰੈਲੀ ਜਾਂ ਕਾਨਫਰੰਸ ਕਰਨ ਦੀ ਥਾਂ ਮੁੱਖ ਮੰਤਰੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਦਿੱਤਾ। ਉਨ੍ਹਾਂ ਦੇ ਕਾਰਕੁੰਨਾਂ ਵਿਚ ਉਤਸ਼ਾਹ ਵੀ ਸੀ ਤੇ ਉਹ ਲੰਮੇ ਸਮੇਂ ਬਾਅਦ ਚੰਡੀਗੜ੍ਹ ਪੁਲਿਸ ਦੀ ਬੈਰੀਕੇਡਿੰਗ ਤੋੜ ਕੇ ਅੱਗੇ ਵੀ ਵਧੇ। ਹਾਲਾਂਕਿ ਉਨ੍ਹਾਂ ਦੇ ਵਿਰੋਧੀ ਇਹ ਇਲਜ਼ਾਮ ਲਾ ਰਹੇ ਹਨ ਕਿ ਉਨ੍ਹਾਂ ਨਾਲ ਚੰਡੀਗੜ੍ਹ ਪੁਲਿਸ ਵਲੋਂ ਨਰਮੀ ਵਰਤੀ ਗਈ ਹੈ। ਜਦੋਂ ਕਿ ਹੋਰ ਧਿਰਾਂ ਜਦੋਂ ਰੋਸ ਪ੍ਰਦਰਸ਼ਨ ਲਈ ਚੰਡੀਗੜ੍ਹ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਪੁਲਿਸ ਦੀ ਸਖ਼ਤੀ ਤੇ ਇੰਤਜ਼ਾਮ ਕਿਤੇ ਜ਼ਿਆਦਾ ਹੁੰਦੇ ਹਨ ਪਰ ਵਿਰੋਧੀ ਧਿਰਾਂ ਤਾਂ ਇਲਜ਼ਾਮ ਲਾਉਂਦੀਆਂ ਹੀ ਹੁੰਦੀਆਂ ਹਨ। ਇਸ ਵਿਖਾਵੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਲੀਡਰਸ਼ਿਪ ਆਪਣੇ ਵਰਕਰਾਂ ਦੇ ਉਤਸ਼ਾਹ ਤੇ ਹੌਸਲੇ ਦੇ ਪ੍ਰਗਟਾਵੇ ਦੇ ਨਾਲ-ਨਾਲ ਇਹ ਸਾਬਤ ਕਰਨ ਵਿਚ ਵੀ ਸਫਲ ਰਹੀ ਹੈ ਕਿ ਉਨ੍ਹਾਂ ਦਾ ਆਪਣੇ ਵਰਕਰਾਂ 'ਤੇ ਚੰਗਾ ਕੰਟਰੋਲ ਹੈ ਤੇ ਉਨ੍ਹਾਂ ਦੀ ਪਾਰਟੀ ਹਾਲਤ ਵਿਗਾੜਨ ਦੀ ਚਾਹਵਾਨ ਨਹੀਂ, ਸਗੋਂ ਸ਼ਾਂਤੀ ਨਾਲ ਵਿਰੋਧ ਕਰਨ ਵਾਲੀ ਪਾਰਟੀ ਹੈ। ਇਹ ਕਦਮ ਪਾਰਟੀ ਦੇ ਪਹਿਲਾਂ ਬਣੇ ਅਕਸ ਨੂੰ ਸੁਧਾਰਨ ਵਾਲਾ ਸਾਬਤ ਹੋਇਆ ਹੈ। ਜਿਸ ਤਰ੍ਹਾਂ ਉਹ ਸ਼ਾਂਤੀਪੂਰਨ ਮੈਮੋਰੰਡਮ ਦੇ ਕੇ ਪ੍ਰਦਰਸ਼ਨ ਖ਼ਤਮ ਕਰਨ ਵਿਚ ਸਫਲ ਰਹੇ ਅਤੇ ਉਹ ਬੰਦੀ ਸਿੰਘਾਂ ਦਾ ਮੁੱਦਾ ਵੀ ਆਪਣੇ ਹੱਥ ਲੈਣ ਵੱਲ ਅੱਗੇ ਵਧੇ ਹਨ। ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ, ਪਾਰਲੀਮਾਨੀ ਅਧਿਕਾਰਾਂ ਅਤੇ ਪੰਥਕ ਭਾਵਨਾਵਾਂ ਨਾਲ ਆਪਣੀ ਪਾਰਟੀ ਨੂੰ ਜੋੜਨ ਵਿਚ ਕਾਫੀ ਹੱਦ ਤੱਕ ਕਾਮਯਾਬ ਨਜ਼ਰ ਆਏ ਹਨ।
ਪਰ ਇਸ ਤਰ੍ਹਾਂ ਜਾਪਦਾ ਹੈ ਕਿ ਉਨ੍ਹਾਂ ਦੇ ਪ੍ਰੋਗਰਾਮ ਨੇ ਬਾਕੀ ਅਕਾਲੀ ਦਲਾਂ ਨੂੰ ਇਕ ਚੁਣੌਤੀ ਅਤੇ ਲਲਕਾਰ ਦੇ ਦਿੱਤੀ ਹੈ ਕਿ ਉਨ੍ਹਾਂ ਨੂੰ ਵੀ ਪੰਜਾਬ ਵਿਚ ਸਿੱਖ ਮਸਲਿਆਂ ਦੇ ਹੱਲ ਲਈ ਸੜਕਾਂ 'ਤੇ ਉਤਰਨਾ ਪਵੇਗਾ। ਖਾਸ ਕਰ ਅਕਾਲੀ ਦਲ (ਬਾਦਲ) ਜੋ ਜਥੇਬੰਦਕ ਤੌਰ 'ਤੇ ਸਭ ਤੋਂ ਮਜ਼ਬੂਤ ਹੈ ਤੇ ਜਿਸ ਦੀ ਸ਼੍ਰੋਮਣੀ ਕਮੇਟੀ ਵਰਗੀ ਵੱਡੀ ਸੰਸਥਾ 'ਤੇ ਵੀ ਪਕੜ ਹੈ, ਨੂੰ ਤਾਂ ਪੰਥਕ ਸਫਾਂ ਵਿਚ ਆਪਣੀ ਹੋਂਦ ਬਚਾਈ ਰੱਖਣ ਲਈ ਸਿਰਫ਼ ਕਾਨਫਰੰਸਾਂ ਹੀ ਨਹੀਂ, ਸਗੋਂ ਸੰਘਰਸ਼ ਦੇ ਹੋਰ ਰਾਹ ਅਪਣਾ ਕੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਨਾ ਹੀ ਪਵੇਗਾ। ਜਦੋਂ ਕਿ ਅਕਾਲੀ ਦਲ 'ਪੁਨਰ ਸੁਰਜੀਤ' ਅਤੇ ਬਾਕੀ ਅਕਾਲੀ ਦਲਾਂ ਨੂੰ ਵੀ ਆਪਣੀ ਤਾਕਤ ਵਿਖਾਉਣ ਲਈ ਨਵੀਂ ਰਣਨੀਤੀ ਬਣਾਉਣੀ ਪਵੇਗੀ ਅਤੇ ਨਵੇਂ ਪ੍ਰੋਗਰਾਮ ਉਲੀਕਣੇ ਪੈਣਗੇ, ਉਥੇ ਉਨ੍ਹਾਂ ਨੂੰ ਆਪਸੀ ਸਹਿਯੋਗ ਵੱਲ ਵੀ ਦੇਖਣਾ ਪਵੇਗਾ। ਸੱਚਾਈ ਇਹੀ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਨੇਤਾਵਾਂ ਭਾਈ ਅੰਮ੍ਰਿਤਪਾਲ ਸਿੰਘ, ਪਿਤਾ ਬਾਪੂ ਤਰਲੋਕ ਸਿੰਘ, ਮਨਪ੍ਰੀਤ ਸਿੰਘ ਇਆਲੀ, ਐਮ.ਪੀ. ਸਰਬਜੀਤ ਸਿੰਘ ਖ਼ਾਲਸਾ, ਚਾਚਾ ਪ੍ਰਗਟ ਸਿੰਘ, ਪਰਮਜੀਤ ਸਿੰਘ ਜੌਹਲ ਆਦਿ ਨੇ ਇਸ ਘਿਰਾਓ ਦੀ ਰਣਨੀਤੀ ਬਣਾ ਕੇ ਆਪਣੇ ਮੁਢਲੇ ਮਕਸਦ ਵਿਚ ਕਾਫੀ ਹੱਦ ਤੱਕ ਸਫਲਤਾ ਹਾਸਿਲ ਕੀਤੀ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਇਹ ਕਦਮ ਬਾਕੀ ਅਕਾਲੀ ਦਲਾਂ ਨੂੰ ਵੀ ਸੰਘਰਸ਼ ਦੇ ਰਾਹ ਤੋਰਨ ਦੀ ਸ਼ੁਰੂਆਤ ਕਰੇਗਾ।
ਜ਼ਿੰਦਗੀ ਨਾਮ ਹੈ ਇਕ ਜੋਹਦ-ਏ-ਮੁਸਲਸਲ ਕਾ ਫ਼ਨਾ,
ਰਾਹ-ਰੌ ਔਰ ਭੀ ਥਕ ਜਾਤਾ ਹੈ ਆਰਾਮ ਕੇ ਬਾਅਦ।
(ਫਨਾ ਨਿਜ਼ਾਮੀ)
(ਜੋਹਦ-ਏ-ਮੁਸਲਸਲ=ਲਗਾਤਾਰ ਸੰਘਰਸ਼)
-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com