ਮਾਫ਼ੀ ਮੰਗਣਾ ਹਾਰ ਨਹੀਂ, ਇਨਸਾਨੀਅਤ ਦੀ ਜਿੱਤ ਹੈ | ਮਨੁੱਖੀ ਜੀਵਨ ਵਿਚ ਗਲਤੀਆਂ ਹੋ ਜਾਣਾ ਸੁਭਾਵਿਕ ਗੱਲ ਹੈ | ਦੁਨੀਆ ਵਿਚ ਕੋਈ ਵੀ ਇਨਸਾਨ ਅਜਿਹਾ ਨਹੀਂ, ਜਿਸ ਤੋਂ ਕਦੇ ਨਾ ਕਦੇ ਕੋਈ ਭੁੱਲ ਨਾ ਹੋਈ ਹੋਵੇ | ਘਰ, ਸਕੂਲ, ਦਫ਼ਤਰ ਜਾਂ ਸਮਾਜ-ਹਰ ਥਾਂ ਕੰਮ ਕਰਦੇ ਸਮੇਂ ਗਲਤੀ ਹੋ ਸਕਦੀ ਹੈ | ਅਸਲ ਗੱਲ ਗਲਤੀ ਹੋਣ ਦੀ ਨਹੀਂ, ਸਗੋਂ ਉਸ ਤੋਂ ਬਾਅਦ ਸਾਡੇ ਰਵੱਈਏ ਦੀ ਹੁੰਦੀ ਹੈ |

ਕਿਹਾ ਜਾਂਦਾ ਹੈ ਕਿ ਗਲਤੀਆਂ ਉਹੀ ਕਰਦੇ ਹਨ ਜੋ ਕੁਝ ਕਰਨ ਦੀ ਹਿੰਮਤ ਰੱਖਦੇ ਹਨ | ਜੋ ਕੁਝ ਨਹੀਂ ਕਰਦਾ, ਉਸ ਤੋਂ ਗਲਤੀ ਵੀ ਨਹੀਂ ਹੁੰਦੀ | ਪਰ ਸਮਝਦਾਰੀ ਇਸ ਗੱਲ ਵਿਚ ਹੈ ਕਿ ਆਪਣੀ ਗਲਤੀ ਨੂੰ ਮੰਨਿਆ ਜਾਵੇ ਅਤੇ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਵੇ |
ਅੱਜਕੱਲ੍ਹ ਕਈ ਲੋਕ ਗਲਤੀ ਕਰਨ ਦੇ ਬਾਵਜੂਦ ਉਸ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ | ਉਹ ਆਪਣੀ ਭੁੱਲ ਸਵੀਕਾਰ ਕਰਨ ਦੀ ਬਜਾਏ ਬਹਿਸ ਕਰਦੇ ਹਨ ਅਤੇ ਹਰ ਹਾਲਤ ਵਿਚ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ | ਅਜਿਹਾ ਰਵੱਈਆ ਹੰਕਾਰ ਨੂੰ ਵਧਾਉਂਦਾ ਹੈ, ਰਿਸ਼ਤਿਆਂ ਵਿਚ ਦੂਰੀ ਪੈਦਾ ਕਰਦਾ ਹੈ ਅਤੇ ਆਪਸੀ ਭਰੋਸੇ ਨੂੰ ਕਮਜ਼ੋਰ ਕਰ ਦਿੰਦਾ ਹੈ |
ਆਪਣੀ ਗਲਤੀ ਮੰਨਣਾ ਅਤੇ ਦਿਲੋਂ ਮਾਫ਼ੀ ਮੰਗਣਾ ਕਮਜ਼ੋਰੀ ਨਹੀਂ, ਸਗੋਂ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਹੈ | ਮਾਫ਼ੀ ਮੰਗਣ ਨਾਲ ਮਨ ਦਾ ਬੋਝ ਹਲਕਾ ਹੁੰਦਾ ਹੈ, ਤਣਾਅ ਘਟਦਾ ਹੈ ਅਤੇ ਰਿਸ਼ਤਿਆਂ ਵਿਚ ਦੁਬਾਰਾ ਪਿਆਰ ਅਤੇ ਵਿਸ਼ਵਾਸ ਬਣਦਾ ਹੈ | ਇਹ ਮਨੁੱਖ ਨੂੰ ਨਿਮਰ ਬਣਾਉਂਦੀ ਹੈ ਅਤੇ ਆਪਣੀਆਂ ਗਲਤੀਆਂ ਤੋਂ ਸਿੱਖਣ ਦੀ ਪ੍ਰੇਰਣਾ ਦਿੰਦੀ ਹੈ |
ਰੋਜ਼ਾਨਾ ਜੀਵਨ ਵਿਚ ਛੋਟੀਆਂ-ਛੋਟੀਆਂ ਗੱਲਾਂ ਕਰਕੇ ਅਕਸਰ ਮਨਮੁਟਾਵ ਹੋ ਜਾਂਦਾ ਹੈ | ਜੇ ਸਮੇਂ ਸਿਰ ਸ਼ਬਦ 'ਮਾਫ਼ ਕਰਨਾ' ਕਹਿ ਦਿੱਤਾ ਜਾਵੇ, ਤਾਂ ਕਈ ਰਿਸ਼ਤੇ ਟੁੱਟਣ ਤੋਂ ਬਚ ਸਕਦੇ ਹਨ | ਘਰ. ਸਕੂਲ, ਦਫ਼ਤਰ ਅਤੇ ਸਮਾਜ ਵਿਚ ਮਾਫ਼ੀ ਦਾ ਸੁਭਾਵ ਆਪਸੀ ਸਤਿਕਾਰ, ਪਿਆਰ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਦਾ ਹੈ | ਹੰਕਾਰ ਰਿਸ਼ਤਿਆਂ ਨੂੰ ਦੂਰ ਕਰਦਾ ਹੈ, ਜਦਕਿ ਮਾਫ਼ੀ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ |
ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਮਾਫ਼ੀ ਮੰਗਣਾ ਕਮਜ਼ੋਰੀ ਨਹੀਂ, ਸਗੋਂ ਸਾਡੇ ਸੱਭਿਆਚਾਰ ਅਤੇ ਚੰਗੇ ਚਰਿੱਤਰ ਦੀ ਪਹਿਚਾਣ ਹੈ | ਜੇ ਮਨੁੱਖ ਆਪਣੀ ਗਲਤੀ ਮੰਨ ਕੇ ਮਾਫ਼ੀ ਮੰਗਣ ਦਾ ਹੌਸਲਾ ਰੱਖਦਾ ਹੈ, ਉਹੀ ਅਸਲ ਅਰਥਾਂ ਵਿਚ ਸਮਝਦਾਰ ਅਤੇ ਜ਼ਿੰਮੇਵਾਰ ਇਨਸਾਨ ਹੁੰਦਾ ਹੈ | ਇਸ ਲਈ ਸਾਨੂੰ ਹਮੇਸ਼ਾ ਆਪਣੀ ਗਲਤੀ ਸਵੀਕਾਰ ਕਰਕੇ ਮਾਫ਼ੀ ਮੰਗਣ ਤੋਂ ਨਹੀਂ ਘਬਰਾਉਣਾ ਚਾਹੀਦਾ |
ਕਪੂਰਥਲਾ |