ਬਠਿੰਡਾ, 29 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਪੰਜਾਬ ਨੇ ਐਲਾਨ ਕੀਤਾ ਕਿ ਟੂਰ ਭੱਤਾ ਅਤੇ ਵਰਦੀ ਭੱਤਾ ਕੱਟੇ ਜਾਣ, ਏਰੀਅਰ ਜਾਰੀ ਨਾ ਕਰਨ ਅਤੇ ਵਾਧੂ ਸੈਂਟਰਾਂ ਦਾ ਕੰਮ ਬਿਨ੍ਹਾਂ ਕਿਸੇ ਵਾਧੂ ਭੱਤੇ ਤੋਂ ਲਏ ਜਾਣ ਦੇ ਵਿਰੋਧ ਵਿਚ 4 ਅਗਸਤ ਨੂੰ ਐਨ.ਐਚ.ਐਮ. ਦਫ਼ਤਰ, ਪਰਿਆਸ ਭਵਨ, ਸੈਕਟਰ-38 ਬੀ, ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਯੂਨੀਅਨ ਦੀ ਸੂਬਾ ਪ੍ਰਧਾਨ ਸਰਬਜੀਤ ਕੌਰ ਅਤੇ ਜ਼ਿਲ੍ਹਾ ਬਠਿੰਡਾ ਦੀ ਪ੍ਰਧਾਨ ਵੀਰਪਾਲ ਕੌਰ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ‘ਬਰਾਬਰ ਕੰਮ, ਬਰਾਬਰ ਤਨਖ਼ਾਹ’ ਦੇ ਸਿਧਾਂਤ ਨੂੰ ਐਨ.ਐਚ.ਐਮ ਵਲੋਂ ਲਾਗੂ ਤਾਂ ਕਰ ਦਿੱਤਾ ਗਿਆ, ਪਰ ਇਸ ਤੋਂ ਬਾਅਦ ਕਈ ਜ਼ਿਲਿ੍ਹਆਂ ਦੇ ਅਕਾਊਂਟ ਅਫ਼ਸਰਾਂ ਨੇ ਕਰਮਚਾਰੀਆਂ ਨੂੰ ਮਿਲ ਰਹੇ ਵਰਦੀ ਭੱਤੇ ਅਤੇ ਟੂਰ ਭੱਤੇ ਵਿਚ ਕਟੌਤੀ ਕਰ ਦਿੱਤੀ। ਕਈ ਜ਼ਿਲਿ੍ਹਆਂ ਵਿਚ ਕਰਮਚਾਰੀਆਂ ਦਾ ਬਣਦਾ ਏਰੀਅਰ ਵੀ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ। ਜਦਕਿ ਕਈ ਥਾਵਾਂ ’ਤੇ ਬਿਨਾਂ ਕਿਸੇ ਵਾਧੂ ਭੱਤੇ ਜਾਂ ਪ੍ਰੋਤਸਾਹਨ ਰਾਸ਼ੀ ਦੇ ਵਾਧੂ ਸਬ-ਸੈਂਟਰਾਂ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਪੱਸ਼ਟ ਹਦਾਇਤਾਂ ਨਾ ਹੋਣ ਕਾਰਨ ਜ਼ਿਲ੍ਹਾ ਪੱਧਰ ’ਤੇ ਕਰਮਚਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਇਸ ਮਹੀਨੇ ਦੀ ਤਨਖ਼ਾਹ ਵਿਚੋਂ ਵੀ ਟੂਰ ਅਤੇ ਵਰਦੀ ਭੱਤਾ ਕੱਟਿਆ ਗਿਆ। ਯੂਨੀਅਨ ਨੇ ਐਲਾਨ ਕੀਤਾ ਕਿ ਰੋਸ ਵਜੋਂ ਹਰ ਬੁੱਧਵਾਰ ਨੂੰ ਕੋਈ ਵੀ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਆਪਣੇ ਨਿਰਧਾਰਿਤ ਸੈਂਟਰ ਤੋਂ ਬਾਹਰ ਕਿਸੇ ਹੋਰ ਪਿੰਡ ਵਿਚ ਟੀਕਾਕਰਨ ਕੈਂਪ ਜਾਂ ਹੋਰ ਡਿਊਟੀ ਲਈ ਟੂਰ ਲਈਂ ਕਰੇਗੀ ਅਤੇ ਆਪਣੇ ਸੈਂਟਰ ’ਤੇ ਰਹਿ ਕੇ ਹੀ ਸੇਵਾਵਾਂ ਨਿਭਾਏਗੀ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਜਲਦੀ ਨਿਪਟਾਰਾ ਨਾ ਕੀਤਾ ਗਿਆ ਤਾਂ 4 ਅਗਸਤ ਨੂੰ ਚੰਡੀਗੜ੍ਹ ਵਿਖੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਐਨ.ਐਚ.ਐਮ. ਵਿਭਾਗ ਪੰਜਾਬ ਸਰਕਾਰ ਅਤੇ ਸੰਬੰਧਿਤ ਜ਼ਿਲ੍ਹਾ ਅਕਾਊਂਟ ਅਫ਼ਸਰਾਂ ਦੀ ਹੋਵੇਗੀ।