ਭੁੱਚੋ ਮੰਡੀ, 29 ਜੁਲਾਈ (ਪਰਵਿੰਦਰ ਸਿੰਘ ਜੌੜਾ)- ਸਥਾਨਕ ਕੈਂਚੀਆਂ ਰੋਡ ਦੇ ਮੁੜ ਨਿਰਮਾਣ ਕਾਰਜਾਂ ਦੇ ਚੱਲਦਿਆਂ ਭੁੱਚੋ ਮੰਡੀ ਲਈ ਆਵਾਜਾਈ ਵੱਡੀ ਸਮੱਸਿਆ ਬਣ ਗਈ ਹੈ। ਸਬੰਧਿਤ ਠੇਕੇਦਾਰ ਵਲੋਂ ਸੜਕ ਨੂੰ ਪੁੱਟਣ ਵਿਚ ਯੋਗ ਯੋਜਨਾਬੰਦੀ ਦੀ ਘਾਟ ਦਿਖਾਏ ਜਾਣ ਕਾਰਨ ਸ਼ਹਿਰ ਵਾਸੀਆਂ ਅਤੇ ਨਜ਼ਦੀਕੀ ਪਿੰਡਾਂ ਦੇ ਵੱਡੀ ਗਿਣਤੀ ਲੋਕਾਂ ਲਈ ਸਿਰਦਰਦੀ ਪੈਦਾ ਹੋ ਗਈ ਹੈ। ਪ੍ਰਸ਼ਾਸਨ ਵਲੋਂ ਇੱਥੋਂ ਭਾਰੀ ਵਾਹਨਾਂ ਦਾ ਲਾਂਘਾ ਬੰਦ ਨਾ ਕਰਨ ਕਰਕੇ ਸਮੱਸਿਆ ਨੇ ਵਿਕਰਾਲ ਰੂਪ ਧਾਰ ਲਿਆ ਹੈ। ਪਹਿਲੋ-ਪਹਿਲ ਪੁਲਿਸ ਪ੍ਰਸ਼ਾਸਨ ਨੇ ਬੇਗਾ ਰੋਡ ਅਤੇ ਭੁੱਚੋ ਕੈਂਚੀਆਂ ‘ਤੇ ਭਾਰੀ ਵਾਹਨਾਂ ਦੇ ਲਾਂਘੇ ‘ਤੇ ਪਾਬੰਦੀ ਸਬੰਧੀ ਫਲੈਕਸ ਬੋਰਡ ਲਗਾਏ ਸਨ, ਪ੍ਰੰਤੂ ਸਖ਼ਤੀ ਨਾਲ ਅਮਲ ਨਾ ਕੀਤੇ ਜਾਣ ਕਰਕੇ ਭਾਰੀ ਵਾਹਨਾਂ ਦਾ ਲਾਂਘਾ ਬੰਦ ਨਾ ਹੋਇਆ। ਭਾਰੀ ਵਾਹਨ ਲਹਿਰਾ ਬੇਗਾ ਟੋਲ ਪਲਾਜ਼ਾ ਜੋ ਕਿ ਕਾਫੀ ਮਹਿੰਗਾ ਹੈ, ਤੋਂ ਬਚਣ ਲਈ ਵੀ ਲਹਿਰਾ ਬੇਗਾ-ਭੁੱਚੋ ਕੈਂਚੀਆਂ ਵਾਲਾ ਰਾਹ ਚੁਣਦੇ ਹਨ। ਕੈਂਚੀਆਂ ਰੋਡ ਪੁੱਟੀ ਹੋਈ ਹੋਣ ਅਤੇ ਭਾਰੀ ਵਾਹਨਾਂ ਦੇ ਲੰਘਣ ਕਾਰਨ ਆਵਾਜਾਈ ਫਸ ਜਾਂਦੀ ਹੈ ਅਤੇ ਰਾਹਗੀਰਾਂ ਨੂੰ ਤਾਂ ਮੁਸ਼ਕਿਲ ਪੇਸ਼ ਆਉਂਦੀ ਹੀ ਹੈ, ਪ੍ਰੰਤੂ ਸਭ ਤੋਂ ਵੱਧ ਔਖ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਮਰੀਜ਼ਾਂ ਨੂੰ ਹੁੰਦੀ ਹੈ। ਸਕੂਲੀ ਵੈਨਾਂ ਅਤੇ ਐਂਬੂਲੈਂਸਾਂ ਟ੍ਰੈਫਿਕ ਜਾਮ ਵਿਚ ਬੁਰੀ ਤਰ੍ਹਾਂ ਫਸ ਜਾਂਦੀਆਂ ਹਨ ਅਤੇ ਲੰਮਾ ਸਮਾਂ ਇਹੀ ਸਥਿਤੀ ਬਣੀ ਰਹਿੰਦੀ ਹੈ। ਵਾਹਨ ਚਾਲਕਾਂ ਵਲੋਂ ਇਸ ਸੜਕ ਦੇ ਨਾਲ ਗੁਜ਼ਰਦੀ ਪੀਰਖਾਨੇ ਅਤੇ ਮੰਦਰ ਵਾਲੀ ਗਲੀ ਵਿਚੋਂ ਲੰਘਣਾ ਸ਼ੁਰੂ ਕਰ ਦਿੱਤਾ ਤਾਂ ਇਸ ਗਲੀ ਅਤੇ ਇੱਥੋਂ ਦੇ ਘਰਾਂ ਦੇ ਵਸਨੀਕਾਂ ਲਈ ਵੱਡੀ ਮੁਸ਼ਕਿਲ ਖੜ੍ਹੀ ਹੋ ਗਈ। ਇਹ ਗਲੀ ਪਹਿਲਾਂ ਹੀ ਤੰਗ ਹੈ ਅਤੇ ਲੋਕਾਂ ਨੇ ਆਪਣੇ ਘਰਾਂ ਅੱਗੇ ਵੱਡੇ-ਵੱਡੇ ਰੈਂਪ ਅਤੇ ਥੜ੍ਹੇ ਬਣਾਏ ਹੋਈ ਹਨ। ਪ੍ਰਸ਼ਾਸਨ ਇੱਥੇ ਕਿਧਰੇ ਵੀ ਸਥਿਤੀ ਨੂੰ ਕਾਬੂ ਕਰਦਾ ਅਤੇ ਲੋਕਾਂ ਨੂੰ ਰਾਹਤ ਦਿਵਾਉਂਦਾ ਨਜ਼ਰ ਨਹੀਂ ਆ ਰਿਹਾ। ਸਥਾਨਕ ਵਪਾਰਕ ਸੰਗਠਨਾਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਜੇਕਰ ਸਥਿਤੀ ਠੀਕ ਨਾ ਕੀਤੀ ਗਈ ਤਾਂ ਨਜ਼ਦੀਕ ਆਉਂਦੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਸ਼ਹਿਰ ਦੇ ਕਾਰੋਬਾਰ ਜੋ ਕਿ ਪਹਿਲਾਂ ਹੀ ਮੰਦਵਾੜੇ ਵਿਚੋਂ ਗੁਜ਼ਰ ਰਹੇ ਹਨ, ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਜਾਣਗੇ ਅਤੇ ਲੋਕਾਂ ਨੂੰ ਘਰਾਂ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਜਾਵੇਗਾ।