ਸੜਕ ਹਾਦਸੇ ’ਚ ਜ਼ਖ਼ਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ
ਫ਼ਾਜ਼ਿਲਕਾ, 11 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸ਼ਾਸਤਰੀ ਚੌਕ ਵਿਚ 9 ਅਗਸਤ ਦੀ ਦੇਰ ਸ਼ਾਮ ਵਾਪਰੇ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਸੈਮ ਦੀ ਇਲਾਜ ਦੌਰਾਨ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਅਤੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
ਫ਼ਾਜ਼ਿਲਕਾ, 11 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸ਼ਾਸਤਰੀ ਚੌਕ ਵਿਚ 9 ਅਗਸਤ ਦੀ ਦੇਰ ਸ਼ਾਮ ਵਾਪਰੇ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਸੈਮ ਦੀ ਇਲਾਜ ਦੌਰਾਨ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਅਤੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਦੱਸਿਆ ਜਾ ਰਿਹਾ ਹੈ ਕਿ ਸੈਮ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਜਾਣਕਾਰੀ ਅਨੁਸਾਰ ਪਿੰਡ ਆਸਿਫ਼ ਵਾਲਾ ਦੇ ਪੰਚਾਇਤ ਮੈਂਬਰ ਪੱਪੂ ਸਿੰਘ ਨੇ ਦੱਸਿਆ ਕਿ 9 ਅਗਸਤ ਦੀ ਸ਼ਾਮ ਸੈਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ਼ਾਸਤਰੀ ਚੌਕ ਸਥਿਤ ਫੂਡ ਸਟਰੀਟ ’ਤੇ ਬਰਗਰ ਖਾਣ ਲਈ ਗਿਆ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਨਾਲ ਆ ਰਹੇ ਕੁੱਝ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸੈਮ ਮੋਟਰਸਾਈਕਲ ਸਮੇਤ ਸੜਕ ’ਤੇ ਡਿਗ ਪਿਆ ਅਤੇ ਡਿਵਾਈਡਰ ਨਾਲ ਜਾ ਟਕਰਾਇਆ। ਹਾਦਸੇ ਵਿਚ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ। ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਮੁੱਢਲੀ ਸਹਾਇਤਾ ਤੋਂ ਬਾਅਦ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਰੈਫ਼ਰ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਬਿਹਤਰ ਇਲਾਜ ਲਈ ਉਸ ਨੂੰ ਸ੍ਰੀ ਗੰਗਾਨਗਰ ਲੈ ਗਏ, ਜਿੱਥੇ ਇਲਾਜ ਦੌਰਾਨ ਸੈਮ ਨੇ ਦਮ ਤੋੜ ਦਿੱਤਾ। ਪੰਚਾਇਤ ਮੈਂਬਰ ਪੱਪੂ ਸਿੰਘ ਨੇ ਦੱਸਿਆ ਕਿ ਸੈਮ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਰਿਵਾਰ ਦੇ ਬਿਆਨਾਂ ਅਤੇ ਜਾਂਚ ਦੇ ਆਧਾਰ ’ਤੇ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉੱਧਰ ਪੁਲਿਸ ਅਧਿਕਾਰੀ ਭਗਵਾਨ ਚੰਦ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਪੁਲਿਸ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।