ਸ਼ੱਕੀ ਹਾਲਾਤਾਂ ’ਚ ਵਿਅਕਤੀ ਦੀ ਮੌਤ, ਨਸ਼ਾ ਤਸਕਰ ਦੇ ਘਰੋਂ ਮਿਲੀ ਲਾਸ਼
ਅਬੋਹਰ, 17 ਅਗਸਤ (ਵਿਵੇਕ ਹੂੜੀਆ)-ਪਿੰਡ ਪੰਜਾਵਾ ਦੇ ਰਹਿਣ ਵਾਲੇ 40 ਸਾਲਾ ਸੁਖਜਿੰਦਰ ਸਿੰਘ ਖਹਿਰਾ ਪੁੱਤਰ ਗੁਰਦੇਵ ਸਿੰਘ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਲਾਸ਼ ਪਿੰਡ ਦੇ ਹੀ ਇਕ ਵਿਅਕਤੀ ਦੇ ਘਰੋਂ ਮਿਲੀ, ਜਿਸ ਨੂੰ ਨਸ਼ਾ ਤਸਕਰ ਦੱਸਿਆ ਜਾ ਰਿਹਾ ਹੈ।
ਅਬੋਹਰ, 17 ਅਗਸਤ (ਵਿਵੇਕ ਹੂੜੀਆ)-ਪਿੰਡ ਪੰਜਾਵਾ ਦੇ ਰਹਿਣ ਵਾਲੇ 40 ਸਾਲਾ ਸੁਖਜਿੰਦਰ ਸਿੰਘ ਖਹਿਰਾ ਪੁੱਤਰ ਗੁਰਦੇਵ ਸਿੰਘ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਲਾਸ਼ ਪਿੰਡ ਦੇ ਹੀ ਇਕ ਵਿਅਕਤੀ ਦੇ ਘਰੋਂ ਮਿਲੀ, ਜਿਸ ਨੂੰ ਨਸ਼ਾ ਤਸਕਰ ਦੱਸਿਆ ਜਾ ਰਿਹਾ ਹੈ। ਥਾਣਾ ਖੂਈਆਂ ਸਰਵਰ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਮਾਮਲੇ ਦੀ ਜਾਂਚ ਏ.ਐੱਸ.ਆਈ. ਗੁਰਦੀਪ ਸਿੰਘ ਨੂੰ ਸੌਂਪੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, ਇਕ ਲੜਕਾ ਅਤੇ ਇਕ ਲੜਕੀ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਬੀਤੇ ਦਿਨ ਸਵੇਰੇ 11 ਵਜੇ ਘਰੋਂ ਨਿਕਲਿਆ ਸੀ, ਪਰ ਸ਼ਾਮ ਤੱਕ ਵਾਪਸ ਨਹੀਂ ਆਇਆ ਅਤੇ ਬਾਅਦ ਵਿਚ ਉਸ ਦੀ ਮੌਤ ਦੀ ਖ਼ਬਰ ਮਿਲੀ। ਪਰਿਵਾਰ ਨੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਕਿਸਾਨ ਆਗੂ ਗੁਣਵੰਤ ਸਿੰਘ ਪੰਜਾਵਾ ਨੇ ਘਟਨਾ ’ਤੇ ਗਹਿਰੇ ਰੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਖਿਆ ਕਿ ਪਿੰਡ ਵਿਚ ਨਸ਼ਾ ਤਸਕਰਾਂ ਕਾਰਨ ਇਕ ਪਰਿਵਾਰ ਦਾ ਚਿਰਾਗ਼ ਬੁੱਝ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਨਸ਼ਾ ਤਸਕਰਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਨਾ ਕੀਤੀ ਤਾਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।