ਸੀ.ਪੀ.ਆਈ. ਦੀ ਦਿੱਲੀ ਦੀ ਦੇਸ਼ ਵਿਆਪੀ ਰੈਲੀ ’ਚ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਵੱਡੀ ਗਿਣਤੀ ’ਚ ਸ਼ਾਮਿਲ ਹੋਣ ਦਾ ਐਲਾਨ
ਜਲਾਲਾਬਾਦ, 24 ਅਗਸਤ (ਜਤਿੰਦਰ ਪਾਲ ਸਿੰਘ)-1 ਸਤੰਬਰ ਨੂੰ ਸੀ. ਪੀ.
ਜਲਾਲਾਬਾਦ, 24 ਅਗਸਤ (ਜਤਿੰਦਰ ਪਾਲ ਸਿੰਘ)-1 ਸਤੰਬਰ ਨੂੰ ਸੀ.ਪੀ.ਆਈ ਵਲੋਂ ਦਿੱਲੀ ਵਿਖੇ ਕੀਤੀ ਜਾ ਰਹੀ ਰੈਲੀ ਦੀ ਕਾਮਯਾਬੀ ਲਈ ਸੀ.ਪੀ.ਆਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਜਲਾਲਾਬਾਦ ਵਿਖੇ ਜਨਰਲ ਬਾਡੀ ਦੀ ਮੀਟਿੰਗ ਸਥਾਨਕ ਸੁਤੰਤਰ ਭਵਨ ਵਿਖੇ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਰਮੇਸ਼ ਪੀਰ ਮੁਹੰਮਦ ਨੇ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ ਅਤੇ ਸੀ.ਪੀ.ਆਈ ਦੇ ਸੀਨੀਅਰ ਆਗੂ ਕਾਮਰੇਡ ਹੰਸ ਰਾਜ ਗੋਲਡਨ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਵਲ਼ੋਂ 1 ਸਤੰਬਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿਖੇ ਦੇਸ਼ ਵਿਆਪੀ ਵਿਸ਼ਾਲ ਰੈਲੀ ‘ ਬਦਲਾਅ ਜ਼ਰੂਰੀ ਹੈ’ ਦੇ ਨਾਮ ’ਤੇ ਕੀਤੀ ਜਾ ਰਹੀ ਹੈ। ਇਸ ਤਿਆਰੀ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿਚ ਪਾਰਟੀ ਕਾਰਕੁਨ,ਆਗੂ ਅਤੇ ਹਮਦਰਦ ਆਪਣਾ ਪੂਰੀ ਵਾਹ ਲਾ ਕੇ ਦਿਨ ਰਾਤ ਇੱਕ ਕਰਕੇ ਤਿਆਰੀਆਂ ਕਰ ਰਹੇ ਹਨ,ਉੱਥੇ ਹੀ ਪੰਜਾਬ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿਚ ਵੀ ਇਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਅਤੇ ਇਨਕਲਾਬੀ ਜੋਸ਼ ਖਰੋਸ਼ ਨਾਲ ਚੱਲ ਰਹੀਆਂ ਹਨ। ਇਸ ਰੈਲੀ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਵਿਚੋਂ ਵੱਡੀ ਗਿਣਤੀ ਵਿਚ ਸਾਥੀ ਹਿੱਸਾ ਲੈਣਗੇ। ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਸੁਬੇਗ ਝੰਗੜ ਭੈਣੀ ਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿਚ ਦੇਸ਼ ਦੇ ਨੌਜਵਾਨਾਂ ਲਈ ਰੁਜ਼ਗਾਰ ਦੀ ਗਾਰੰਟੀ ਕਰਦਾ ‘ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ’ (ਬਨੇਗਾ) ਨੂੰ ਪਾਸ ਕਰਵਾਉਣ ਲਈ ਦੇਸ਼ ਦੇ ਨੌਜਵਾਨਾਂ ਨੂੰ ਇਸ ਰੈਲੀ ਵਿਚ ਪਹੁੰਚਣ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਸ਼ਮੂਲੀਅਤ ਕਰਨਗੇ। ਇਸ ਮੌਕੇ ਹਰਜੀਤ ਕੌਰ ਢੰਡੀਆਂ, ਜੰਮੂ ਰਾਮ ਬੰਨਵਾਲਾ, ਹਰਭਜਨ ਛੱਪੜੀਂ ਵਾਲਾ, ਗੁਰਦਿਆਲ ਢਾਬਾਂ, ਬਲਵੀਰ ਕਾਠਗੜ੍ਹ, ਬਲਵੰਤ ਚੌਹਾਨਾਂ, ਤੇਜਾ ਸਿੰਘ ਅਮੀਰ ਖ਼ਾਸ, ਸੋਨੂੰ ਧੁਨਕੀਆ, ਸੰਦੀਪ ਜੋਧਾ, ਸਤੀਸ਼ ਛੱਪੜੀਂ ਵਾਲਾ, ਕੁਲਦੀਪ ਬੱਖੂ ਸ਼ਾਹ, ਰਾਜਵਿੰਦਰ ਨਿਓਲਾ ਆਗੂ ਦੇ ਤੌਰ ’ਤੇ ਹਾਜ਼ਰ ਹੋਏ।