ਫ਼ਾਜ਼ਿਲਕਾ ਪੁਲਿਸ ਨੇ 36 ਹਜ਼ਾਰ ਪ੍ਰੈਗਾਬਾਲਿਨ ਕੈਪਸੂਲ ਤੇ ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ
ਫ਼ਾਜ਼ਿਲਕਾ, 9 ਸਤੰਬਰ(ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਵਲੋਂ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਸੀ. ਆਈ.
ਫ਼ਾਜ਼ਿਲਕਾ, 9 ਸਤੰਬਰ(ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਵਲੋਂ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ.ਫ਼ਾਜ਼ਿਲਕਾ ਦੀ ਟੀਮ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਨੌਜਵਾਨਾਂ ਨੂੰ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ 36 ਹਜ਼ਾਰ ਪ੍ਰੈਗਾਬਾਲਿਨ ਕੈਪਸੂਲ ਤੇ 20 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੰਸਪੈਕਟਰ ਸੁਨੀਲ ਕੁਮਾਰ (ਇੰਚਾਰਜ ਸੀ.ਆਈ.ਏ. ਫ਼ਾਜ਼ਿਲਕਾ) ਦੀ ਦੇਖ-ਰੇਖ ਹੇਠ ਐੱਸ.ਆਈ. ਕੁਲਵੰਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਦਾਣਾ ਮੰਡੀ ਫ਼ਾਜ਼ਿਲਕਾ ਵਿਖੇ ਮੌਜੂਦ ਸਨ। ਇਸ ਦੌਰਾਨ ਦਾਣਾ ਮੰਡੀ ਦੇ ਸ਼ੈੱਡ ਕੋਲ ਇਕ ਚਿੱਟੇ ਰੰਗ ਦੀ ਹੁੰਡਈ ਔਰਾ ਕਾਰ (ਨੰਬਰ ਪੀ.ਬੀ.014-9247) ਖੜ੍ਹੀ ਦਿਖਾਈ ਦਿੱਤੀ ਜਿਸ ਕੋਲ ਦੋ ਨੌਜਵਾਨ ਖੜ੍ਹੇ ਸਨ। ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਦੋਵਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ। ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਸੰਜੇ ਉਰਫ਼ ਸੰਨ੍ਹੀ (37) ਪੁੱਤਰ ਹਰੀ ਚੰਦ ਵਾਸੀ ਓਡਾਂ ਵਾਲੀ ਬਸਤੀ ਫ਼ਾਜ਼ਿਲਕਾ ਤੇ ਮਨਪ੍ਰੀਤ ਸਿੰਘ ਉਰਫ਼ ਮਨੂ (22) ਪੁੱਤਰ ਬੁੱਧ ਪ੍ਰਕਾਸ਼ ਵਾਸੀ ਘਟਿਆ ਵਾਲੀ ਵਜੋਂ ਹੋਈ। ਪੁਲਿਸ ਵਲੋਂ ਕਾਰ ਦੀ ਤਲਾਸ਼ੀ ਲੈਣ ’ਤੇ ਪਿਛਲੀ ਸੀਟ ’ਤੇ ਰੱਖੇ 4 ਖ਼ਾਕੀ ਰੰਗ ਦੇ ਕਾਰਟੂਨਾਂ ’ਚੋਂ 36,000 ਪ੍ਰੈਗਾਬਾਲਿਨ ਕੈਪਸੂਲ ਤੇ 20 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਫ਼ਾਜ਼ਿਲਕਾ ਵਿਖੇ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਮੁਲਜ਼ਮਾਂ ਦੇ ਅਗਲੇ-ਪਿਛਲੇ ਸੰਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।