ਪੀ.ਐੱਮ.ਪੋਸ਼ਣ ਯੋਜਨਾ ਦੀਆਂ ਸਮੱਸਿਆਵਾਂ ਨੂੰ ਲੈ ਕੇ ਗੌਰਮਿੰਟ ਟੀਚਰਜ਼ ਯੂਨੀਅਨ ਫ਼ਾਜ਼ਿਲਕਾ ਨੇ ਚੁੱਕੀ ਆਵਾਜ਼
ਫ਼ਾਜ਼ਿਲਕਾ, 15 ਸਤੰਬਰ (ਦਵਿੰਦਰ ਪਾਲ ਸਿੰਘ)- ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ’ਚ ਸਕੂਲਾਂ ’ਚ ਚੱਲ ਰਹੀ ਪੀ. ਐੱਮ.
ਫ਼ਾਜ਼ਿਲਕਾ, 15 ਸਤੰਬਰ (ਦਵਿੰਦਰ ਪਾਲ ਸਿੰਘ)- ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ’ਚ ਸਕੂਲਾਂ ’ਚ ਚੱਲ ਰਹੀ ਪੀ.ਐੱਮ.ਪੋਸ਼ਣ (ਮਿਡ-ਡੇ-ਮੀਲ) ਯੋਜਨਾ ਦੌਰਾਨ ਅਧਿਆਪਕਾਂ ਅਤੇ ਇੰਚਾਰਜਾਂ ਨੂੰ ਆ ਰਹੀਆਂ ਗੰਭੀਰ ਸਮੱਸਿਆਵਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਸਿੱਖਿਆ ਵਿਭਾਗ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਮਹਿੰਗਾਈ ਦੇ ਦੌਰ ਨੂੰ ਦੇਖਦਿਆਂ ਪ੍ਰਤੀ ਬੱਚਾ ਕੁਕਿੰਗ ਕੋਸਟ ਦੀ ਰਾਸ਼ੀ ਵਧਾ ਕੇ ਘੱਟੋ-ਘੱਟ 10 ਰੁਪਏ ਕੀਤੀ ਜਾਵੇ। ਆਗੂਆਂ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਫ਼ੰਡ ਬੰਦ ਹੋਣ ਕਾਰਨ ਸਕੂਲਾਂ ’ਚ ਸਿਰਫ਼ ਸੁੱਕਾ ਰਾਸ਼ਨ ਹੀ ਪਹੁੰਚ ਰਿਹਾ ਹੈ, ਜਦਕਿ ਸਬਜ਼ੀਆਂ, ਤੇਲ, ਮਸਾਲਿਆਂ ਅਤੇ ਬਾਲਣ ਲਈ ਪੈਸੇ ਜਾਰੀ ਨਹੀਂ ਕੀਤੇ ਗਏ। ਐੱਸ.ਐਨ.ਏ. (ਸਿੰਗਲ ਨੋਡਲ ਅਕਾਊਂਟ) ਖਾਤਿਆਂ ਦੀ ਪ੍ਰਕਿਰਿਆ ਅਧੂਰੀ ਹੋਣ ਕਾਰਨ ਗਰਾਂਟਾਂ ਅਟਕੀਆਂ ਪਈਆਂ ਹਨ, ਜਿਸ ਕਰਕੇ ਅਧਿਆਪਕ ਆਪਣੀ ਜੇਬ ’ਚੋਂ ਖ਼ਰਚਾ ਕਰਕੇ ਬੱਚਿਆਂ ਲਈ ਖਾਣਾ ਤਿਆਰ ਕਰਵਾਉਣ ਲਈ ਮਜਬੂਰ ਹਨ। ਇਸ ਤੋਂ ਇਲਾਵਾ ਯੂਨੀਅਨ ਨੇ ਛੋਟੇ ਦੁਕਾਨਦਾਰਾਂ ਤੋਂ ਬੈਕ-ਡੇਟ ਵਿਚ ਜੀ.ਐੱਸ.ਟੀ. ਵਾਲੇ ਪੱਕੇ ਬਿੱਲ ਮੰਗਣ ਦੀ ਸ਼ਰਤ ਦੀ ਵੀ ਸਖ਼ਤ ਨਿੰਦਾ ਕੀਤੀ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ 30 ਸਤੰਬਰ ਤੱਕ ਬਕਾਇਆ ਗਰਾਂਟਾਂ ਜਾਰੀ ਨਾ ਕੀਤੀਆਂ ਗਈਆਂ, ਐੱਸ.ਐਨ.ਏ. ਖਾਤਿਆਂ ਦਾ ਮਸਲਾ ਹੱਲ ਨਾ ਹੋਇਆ ਅਤੇ ਜੀ.ਐੱਸ.ਟੀ. ਬਿੱਲਾਂ ਦੀ ਸ਼ਰਤ ਵਾਪਸ ਨਾ ਲਈ ਗਈ ਤਾਂ ਸਮੂਹ ਸਕੂਲਾਂ ’ਚ ਮਿਡ-ਡੇ-ਮੀਲ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਵਿਭਾਗ ਦੀ ਹੋਵੇਗੀ।