ਅੰਗਰੇਜ਼ੀ ਆਨਰਜ਼ ਦੀਆਂ ਵਿਦਿਆਰਥਣਾਂ ਨੇ ਲਿਟਰੇਰੀ ਜੈਨਰਜ਼ ’ਚ ਮਾਰੀਆਂ ਮੱਲਾਂ
ਅਬੋਹਰ, 15 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਦੀਆਂ ਬੀ. ਏ ਦੂਜਾ ਸਾਲ ਅੰਗਰੇਜ਼ੀ ਆਨਰਜ਼ ਦੀਆਂ ਵਿਦਿਆਰਥਣਾਂ ਨੇ ‘ਲਿਟਰੇਰੀ ਜੈਨਰਜ਼’ ਦੇ ਪੇਪਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਮਾਣ ਵਧਾਇਆ ਹੈ।
ਅਬੋਹਰ, 15 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਦੀਆਂ ਬੀ.ਏ ਦੂਜਾ ਸਾਲ ਅੰਗਰੇਜ਼ੀ ਆਨਰਜ਼ ਦੀਆਂ ਵਿਦਿਆਰਥਣਾਂ ਨੇ ‘ਲਿਟਰੇਰੀ ਜੈਨਰਜ਼’ ਦੇ ਪੇਪਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਮਾਣ ਵਧਾਇਆ ਹੈ। ਇਹ ਪ੍ਰਾਪਤੀ ਕਾਲਜ ਦੀ ਪ੍ਰਿੰਸੀਪਲ ਡਾ.ਰੇਖਾ ਸੂਦ ਹਾਂਡਾ ਦੀ ਯੋਗ ਅਗਵਾਈ ਹੇਠ ਅਕਾਦਮਿਕ ਸਿਖ਼ਰਾਂ ਵੱਲ ਵਧ ਰਹੇ ਕਦਮਾਂ ਦਾ ਪ੍ਰਮਾਣ ਹੈ। ਇਹ ਨਤੀਜਾ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂ ਕਿ ਨਵੀਂ ਸਿੱਖਿਆ ਨੀਤੀ ਲਾਗੂ ਹੋਣ ਤੋਂ ਬਾਅਦ ਇਹ ਅੰਗਰੇਜ਼ੀ ਆਨਰਜ਼ ਦਾ ਪਹਿਲਾ ਗਰੁੱਪ ਹੈ। ਵਿਦਿਆਰਥਣ ਸਮੀਕਸ਼ਾ ਨੇ 100 ਵਿਚੋਂ 100 ਅੰਕ ਪ੍ਰਾਪਤ ਕਰਕੇ ਸ਼ਾਨਦਾਰ ਰਿਕਾਰਡ ਕਾਇਮ ਕੀਤਾ। ਮਹਿਕਵੀਰ ਨੇ 96 ਅੰਕ ਅਤੇ ਰਿਜ਼ਵੀ ਨੇ 89 ਅੰਕ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ‘ਲਿਟਰੇਰੀ ਜੈਨਰਜ਼’ ਦਾ ਪੇਪਰ ਅੰਗਰੇਜ਼ੀ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਅਮਨਦੀਪ ਕੌਰ ਵਲੋਂ ਪੜ੍ਹਾਇਆ ਗਿਆ। ਉਨ੍ਹਾਂ ਦੀ ਮਿਹਨਤ, ਸਮਰਪਿਤ ਅਧਿਆਪਨ ਅਤੇ ਵਿਦਿਆਰਥਣਾਂ ਨੂੰ ਦਿੱਤੇ ਅਕਾਦਮਿਕ ਮਾਰਗਦਰਸ਼ਨ ਦਾ ਇਸ ਸ਼ਾਨਦਾਰ ਨਤੀਜੇ ਵਿਚ ਮਹੱਤਵਪੂਰਨ ਯੋਗਦਾਨ ਰਿਹਾ। ਵਿਦਿਆਰਥਣਾਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਪ੍ਰਿੰਸੀਪਲ ਡਾ.ਰੇਖਾ ਸੂਦ ਹਾਂਡਾ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅੰਗਰੇਜ਼ੀ ਵਿਭਾਗ ਦੀ ਮੁਖੀ ਡਾ.ਸੀਮਾ ਸੋਮਾਨੀ, ਅਮਨਦੀਪ ਕੌਰ, ਮਿਸ ਰਮਨਜੀਤ, ਦੇਵਰਾਜ, ਰਾਕੇਸ਼ , ਰੈਨਾ ਅਤੇ ਅੰਕੂ ਸਮੇਤ ਪੂਰੇ ਵਿਭਾਗ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ।