ਪਰਮਲ ਝੋਨੇ ਦੀ ਖ਼ਰੀਦ ਨੂੰ ਲੈ ਕੇ ਪ੍ਰਸ਼ਾਸਨ ਤੇ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਰਹੀ ਬੇਸਿੱਟਾ
ਫ਼ਾਜ਼ਿਲਕਾ, 23 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਫ਼ਾਜ਼ਿਲਕਾ ਜ਼ਿਲ੍ਹੇ ਨੂੰ ਪਰਮਲ ਝੋਨੇ ਦੀ ਖ਼ਰੀਦ ਨੂੰ ਲੈ ਕੇ ਨਵੀਆਂ ਕੀਤੀਆਂ ਹਦਾਇਤਾਂ ਦੇ ਖ਼ਿਲਾਫ਼ ਆੜ੍ਹਤੀ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਸਥਾਨਕ ਅਨਾਜ ਮੰਡੀ ਵਿਚ ਹੋਈ। ਜਿਸ ਵਿਚ ਮੌਜੂਦਾ ਹਾਲਾਤ ਬਾਰੇ ਬੋਲਦਿਆਂ ਯੂਨੀਅਨ ਦੇ ਪ੍ਰਧਾਨ ਗੋਲਡੀ ਸਚਦੇਵਾ ਨੇ ਦੱਸਿਆ ਕਿ ਪਰਮਲ ਝੋਨੇ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਨਵੀਆਂ ਜੋ ਹਦਾਇਤਾਂ ਦਿੱਤੀਆਂ ਹਨ ਉਸ ਅਨੁਸਾਰ ਪਿਛਲੇ ਸੀਜ਼ਨ ਦੌਰਾਨ ਜਿਤਨੀ ਝੋਨੇ ਦੀ ਖ਼ਰੀਦ ਕੀਤੀ ਸੀ ਉਸ ਤੋਂ 25 ਪ੍ਰਤੀਸ਼ਤ ਝੋਨਾ ਘੱਟ ਖ਼ਰੀਦਿਆਂ ਜਾਵੇਗਾ।
ਫ਼
ਫ਼ਾਜ਼ਿਲਕਾ ਦੀ ਅਨਾਜ ਮੰਡੀ ਅੰਦਰ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਵਿਚ ਹਾਜ਼ਰ ਮੈਂਬਰ। ਅਜੀਤ ਤਸਵੀਰ
24-09-2026
ਫ਼ਾਜ਼ਿਲਕਾ, 23 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਫ਼ਾਜ਼ਿਲਕਾ ਜ਼ਿਲ੍ਹੇ ਨੂੰ ਪਰਮਲ ਝੋਨੇ ਦੀ ਖ਼ਰੀਦ ਨੂੰ ਲੈ ਕੇ ਨਵੀਆਂ ਕੀਤੀਆਂ ਹਦਾਇਤਾਂ ਦੇ ਖ਼ਿਲਾਫ਼ ਆੜ੍ਹਤੀ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਸਥਾਨਕ ਅਨਾਜ ਮੰਡੀ ਵਿਚ ਹੋਈ। ਜਿਸ ਵਿਚ ਮੌਜੂਦਾ ਹਾਲਾਤ ਬਾਰੇ ਬੋਲਦਿਆਂ ਯੂਨੀਅਨ ਦੇ ਪ੍ਰਧਾਨ ਗੋਲਡੀ ਸਚਦੇਵਾ ਨੇ ਦੱਸਿਆ ਕਿ ਪਰਮਲ ਝੋਨੇ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਨਵੀਆਂ ਜੋ ਹਦਾਇਤਾਂ ਦਿੱਤੀਆਂ ਹਨ ਉਸ ਅਨੁਸਾਰ ਪਿਛਲੇ ਸੀਜ਼ਨ ਦੌਰਾਨ ਜਿਤਨੀ ਝੋਨੇ ਦੀ ਖ਼ਰੀਦ ਕੀਤੀ ਸੀ ਉਸ ਤੋਂ 25 ਪ੍ਰਤੀਸ਼ਤ ਝੋਨਾ ਘੱਟ ਖ਼ਰੀਦਿਆਂ ਜਾਵੇਗਾ। ਜਦ ਕਿ ਖੇਤੀਬਾੜੀ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਦੇ ਮੁਕਾਬਲੇ 4 ਹਜ਼ਾਰ ਹੈਕਟਰ ਤੋਂ ਵੱਧ ਨਵਾਂ ਰਕਬਾ ਬਾਸਮਤੀ ਝੋਨੇ ਅਧੀਨ ਆਇਆ ਹੈ। ਜੋ ਕੁੱਲ ਝੋਨੇ ਦਾ 25 ਪ੍ਰਤੀਸ਼ਤ ਹਿੱਸਾ ਬਣਦਾ ਹੈ। ਇਸ ਤਰ੍ਹਾਂ ਸਰਕਾਰ ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਸਾਰੇ ਝੋਨੇ ਵਿਚੋਂ 50 ਪ੍ਰਤੀਸ਼ਤ ਝੋਨੇ ਦੀ ਖ਼ਰੀਦ ਕਰੇਗੀ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਹੋਵੇਗਾ ਕਿ ਕਿਸਾਨਾਂ ਨੂੰ ਵਪਾਰੀ ਵਰਗ ਦੇ ਰਹਿਮ ’ਤੇ ਛੱਡ ਦਿੱਤਾ ਜਾਵੇਗਾ। ਵਪਾਰੀ ਵਰਗ ਕਿਸਾਨਾਂ ਨੂੰ ਮੰਨ ਮਰਜ਼ੀ ਨਾਲ ਲੁੱਟੇਗਾ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੇ ਕਿਸਾਨਾਂ ਕੋਲੋਂ ਬਿਆਨ ਹਲਫ਼ੀਆ ਵੀ ਲੈ ਲਿਆ ਹੈ ਕਿ ਉਨ੍ਹਾਂ ਦਾ ਕਿਤਨੇ ਏਕੜ ਰਕਬਾ ਪਰਮਲ ਝੋਨੇ ਅਧੀਨ ਹੈ ਤੇ ਆੜ੍ਹਤੀ ਉਤਨਾ ਹੀ ਝੋਨਾ ਕਿਸਾਨ ਕੋਲੋਂ ਸੁਟਵਾਉਣਗੇ। ਜਦ ਕਿ ਪ੍ਰਸ਼ਾਸਨ ਇਸ ਗੱਲ ’ਤੇ ਅੜਿਆ ਹੈ ਕਿ ਫ਼ਾਜ਼ਿਲਕਾ ਦੀਆਂ ਮੰਡੀਆਂ ਅੰਦਰ ਰਾਜਸਥਾਨ ਤੋਂ ਝੋਨਾ ਆ ਕੇ ਵਿਕਦਾ ਹੈ। ਯੂਨੀਅਨ ਦੇ ਪ੍ਰਧਾਨ ਗੋਲਡੀ ਸਚਦੇਵਾ ਨੇ ਕਿਹਾ ਕਿ ਬਿਆਨ ਹਲਫ਼ੀਆ ਦੇ ਆਧਾਰ ’ਤੇ ਉਤਨਾ ਹੀ ਝੋਨਾ ਖ਼ਰੀਦਿਆ ਜਾਵੇ। ਇਸ ਤੋਂ ਪਤਾ ਚੱਲ ਜਾਵੇਗਾ ਕਿ ਝੋਨਾ ਰਾਜਸਥਾਨ ਦਾ ਹੈ ਕਿ ਪੰਜਾਬ ਦਾ। ਉਨ੍ਹਾਂ ਕਿਹਾ ਕਿ ਜੇਕਰ ਝੋਨਾ ਰਾਜਸਥਾਨ ਦਾ ਆਉਂਦਾ ਵੀ ਹੈ ਤਾਂ ਇਸ ਨੂੰ ਰੋਕਣਾ ਸਰਕਾਰ ਦਾ ਕੰਮ ਹੈ। ਸਰਕਾਰ ਦੂਸਰੇ ਸੂਬੇ ਤੋਂ ਝੋਨੇ ਦੀ ਰੋਕਥਾਮ ਨਹੀਂ ਲਗਾ ਸਕਦੀ ਤਾਂ ਫਿਰ ਫ਼ਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਣਾ ਕਿੱਥੇ ਤੱਕ ਜਾਇਜ਼ ਹੈ। ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਸਥਾਨਕ ਐੱਸ.ਡੀ.ਐਮ.ਨਾਲ ਮੀਟਿੰਗ ਬੇਸਿੱਟਾ ਰਹੀ ਹੈ। ਗੋਲਡੀ ਸਚਦੇਵਾ ਨੇ ਦੱਸਿਆ ਕਿ ਅੱਜ 24 ਸਤੰਬਰ ਨੂੰ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਇਕ ਜ਼ਰੂਰੀ ਮੀਟਿੰਗ ਸਰਕਾਰ ਨਾਲ ਹੋ ਰਹੀ ਹੈ ਜਿਸ ਵਿਚ ਫ਼ਾਜ਼ਿਲਕਾ ਦੇ ਆੜ੍ਹਤੀਆਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਤੋਂ ਬਾਅਦ ਹੀ ਕੋਈ ਨਤੀਜੇ ਦੀ ਆਸ ਕੀਤੀ ਜਾ ਸਕਦੀ ਹੈ। ਮੀਟਿੰਗ ਅੰਦਰ ਦਰਸ਼ਨ ਲਾਲ ਅਗਰਵਾਲ, ਸ਼ਾਮ ਸੁੰਦਰ ਅਗਰਵਾਲ, ਸੁਰਿੰਦਰ ਕੁਮਾਰ ਸਚਦੇਵਾ, ਸ੍ਰੀ ਨਿਵਾਸ ਬਿਹਾਨੀ, ਭਗਵਾਨ ਦਾਸ ਧਮੀਜਾ ਆਦਿ ਵੱਡੀ ਗਿਣਤੀ ਵਿਚ ਆੜ੍ਹਤੀ ਹਾਜ਼ਰ ਸਨ।