ਭਾਗ ਸਿੰਘ ਹੇਅਰ ਖ਼ਾਲਸਾ ਕਾਲਜ ਵਿਖੇ ਬਰਸੀ ਸਮਾਗਮ ਦੇ ਸੰਬੰਧ ਵਿਚ ਸਹਿਜ ਪਾਠ ਦੇ ਭੋਗ ਪਾਏ
ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਸੀਤੋ ਰੋਡ ਸਥਿਤ ਭਾਗ ਸਿੰਘ ਹੇਅਰ ਖ਼ਾਲਸਾ ਕਾਲਜ ਅਬੋਹਰ ਵਿਖੇ ਸ. ਭਾਗ ਸਿੰਘ ਹੇਅਰ ਅਤੇ ਸਰਦਾਰਨੀ ਹਰਬਖ਼ਸ਼ ਕੌਰ ਹੇਅਰ ਦੀ ਯਾਦ ਨੂੰ ਸਮਰਪਿਤ ਸਹਿਜ ਪਾਠ ਦੇ ਭੋਗ ਸ਼ਰਧਾ ਤੇ ਸਤਿਕਾਰ ਸਹਿਤ ਪਾਏ ਗਏ।
ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਸੀਤੋ ਰੋਡ ਸਥਿਤ ਭਾਗ ਸਿੰਘ ਹੇਅਰ ਖ਼ਾਲਸਾ ਕਾਲਜ ਅਬੋਹਰ ਵਿਖੇ ਸ.ਭਾਗ ਸਿੰਘ ਹੇਅਰ ਅਤੇ ਸਰਦਾਰਨੀ ਹਰਬਖ਼ਸ਼ ਕੌਰ ਹੇਅਰ ਦੀ ਯਾਦ ਨੂੰ ਸਮਰਪਿਤ ਸਹਿਜ ਪਾਠ ਦੇ ਭੋਗ ਸ਼ਰਧਾ ਤੇ ਸਤਿਕਾਰ ਸਹਿਤ ਪਾਏ ਗਏ। ਸਹਿਜ ਪਾਠ ਦੇ ਭੋਗ ਉਪਰੰਤ ਭਾਈ ਨਿਰਪਾਲ ਸਿੰਘ ਦੇ ਰਾਗੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ.ਇਕਬਾਲ ਕੌਰ ਸਰਾਂ ਨੇ ਮਰਹੂਮ ਸ.ਭਾਗ ਸਿੰਘ ਹੇਅਰ ਵਲੋਂ ਇਲਾਕੇ ਦੀ ਤਰੱਕੀ ਤੇ ਭਲਾਈ ਲਈ ਪਾਏ ਯੋਗਦਾਨ ਤੇ ਉਨ੍ਹਾਂ ਵਲੋਂ ਕੀਤੇ ਸਮਾਜਿਕ ਕਾਰਜਾਂ ਨੂੰ ਯਾਦ ਕੀਤਾ। ਉਨ੍ਹਾਂ ਸਰਦਾਰਨੀ ਹਰਬਖ਼ਸ਼ ਕੌਰ ਹੇਅਰ ਦੇ ਨੇਕ ਕਾਰਜਾਂ ਤੇ ਵਿੱਦਿਅਕ ਖੇਤਰ ਵਿਚ ਪਾਏ ਯੋਗਦਾਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੋਵਾਂ ਸ਼ਖ਼ਸੀਅਤਾਂ ਦੀਆਂ ਸੇਵਾਵਾਂ ਤੇ ਸਮਾਜ ਪ੍ਰਤੀ ਸਮਰਪਣ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹਨ। ਕਾਲਜ ਚੇਅਰਮੈਨ ਸ.ਗੁਰਲਾਲ ਸਿੰਘ ਬਰਾੜ ਫ਼ੱਤਣਵਾਲਾ ਨੇ ਹਾਜ਼ਰ ਪ੍ਰਬੰਧਕਾਂ, ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਦਿਆਂ ਸਰਦਾਰਨੀ ਹਰਬਖ਼ਸ਼ ਕੌਰ ਹੇਅਰ ਵਲੋਂ ਇਲਾਕੇ ਨੂੰ ਦਿੱਤੀ ਵਿੱਦਿਅਕ ਦੇਣ ਨੂੰ ਯਾਦ ਕੀਤਾ। ਇਸ ਮੌਕੇ ਕਮੇਟੀ ਮੈਂਬਰ ਰਜਿੰਦਰ ਸਿੰਘ ਜਾਖੜ, ਨਿਰਮਲਜੀਤ ਸਿੰਘ ਸੇਖੋਂ, ਡਾ.ਪਰਮਜੀਤ ਸਿੰਘ, ਰਵਿੰਦਰ ਚਲਾਣਾ, ਭੁਪਿੰਦਰ ਸਿੰਘ ਸਿੱਧੂ, ਛਿੰਦਰਪਾਲ ਸਿੰਘ ਬਰਾੜ, ਕਰਨਦੀਪ ਸਿੰਘ ਬਰਾੜ, ਰਨਦੀਪ ਸਿੰਘ ਬਰਾੜ, ਹਰਮਨਦੀਪ ਸਿੰਘ ਬਰਾੜ ਤੇ ਗੁਰਲਾਲ ਸਿੰਘ ਢਿੱਲੋਂ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਮੈਡਮ ਰੰਜੂ ਬਾਲਾ, ਮੈਡਮ ਰੁਚਿਕਾ ਸ਼ਰਮਾ, ਕਾਲਜ ਤੇ ਦੋਨਾਂ ਸਕੂਲਾਂ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ। ਅੰਤ ਵਿਚ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ.ਇਕਬਾਲ ਕੌਰ ਸਰਾਂ ਨੇ ਸਮਾਗਮ ਵਿਚ ਪਹੁੰਚੇ ਸਮੂਹ ਪਤਵੰਤਿਆਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।