ਬਿਜਲੀ ਮੁਲਾਜ਼ਮਾਂ ਵਲੋਂ ਰੋਸ ਰੈਲੀ, 21-22 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਧਰਨਾ ਦੇਣ ਦਾ ਐਲਾਨ
ਫ਼ਾਜ਼ਿਲਕਾ, 16 ਅਕਤੂਬਰ (ਦਵਿੰਦਰ ਪਾਲ ਸਿੰਘ)- ਪੀ. ਐੱਸ.
ਫ਼ਾਜ਼ਿਲਕਾ, 16 ਅਕਤੂਬਰ (ਦਵਿੰਦਰ ਪਾਲ ਸਿੰਘ)- ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਮੁਲਾਜ਼ਮ ਯੂਨਾਈਟਿਡ ਆਰਗਨਾਈਜ਼ੇਸ਼ਨ ਪਾਵਰ ਕਾਮ ਅਤੇ ਠੇਕਾ ਯੂਨੀਅਨ ਦੇ ਸੱਦੇ ’ਤੇ ਮੰਡਲ ਦਫ਼ਤਰ ਫ਼ਾਜ਼ਿਲਕਾ ਦੇ ਗੇਟ ਅੱਗੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਹ ਰੈਲੀ ਸਾਂਝਾ ਮੁਲਾਜ਼ਮ ਤੇ ਪੈਨਸ਼ਨਰ ਫ਼ਰੰਟ ਪੰਜਾਬ ਵਲੋਂ 21 ਤੇ 22 ਅਕਤੂਬਰ ਨੂੰ ਦਿੱਤੀ ਸਮੂਹਕ ਛੁੱਟੀ ਦੀ ਤਿਆਰੀ ਤੇ 28 ਅਕਤੂਬਰ ਨੂੰ ਵਿੱਤ ਮੰਤਰੀ ਦੇ ਹਲਕੇ ਦਿੜ੍ਹਬਾ ਵਿਖੇ ਹੋਣ ਵਾਲੀ ਮਹਾਂ-ਰੈਲੀ ਦੀ ਲਾਮਬੰਦੀ ਵਜੋਂ ਕੀਤੀ ਗਈ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ 10 ਅਕਤੂਬਰ ਨੂੰ ਮੁੱਖ ਮੰਤਰੀ ਦੇ ਨਿਵਾਸ ਸੰਗਰੂਰ ਵਿਖੇ ਦਿੱਤੇ ਗਏ ਧਰਨੇ ਤੋਂ ਬਾਅਦ ਮੁੱਖ ਸਕੱਤਰ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਸੀ ਪਰ ਫ਼ਰੰਟ ਨੇ ਇਸ ਮੀਟਿੰਗ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਮੰਗਾਂ ਪਹਿਲਾਂ ਹੀ ਮੁੱਖ ਮੰਤਰੀ ਵੱਲੋਂ ਮੰਨੀਆਂ ਜਾ ਚੁੱਕੀਆਂ ਹਨ ਪਰ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ 15 ਅਕਤੂਬਰ ਨੂੰ ਦਿੜ੍ਹਬਾ ਵਿਖੇ ਦਿੱਤਾ ਜਾਣ ਵਾਲਾ ਧਰਨਾ ‘ਪੰਜਾਬ ਬੰਦ’ ਦੀ ਕਾਲ ਕਾਰਨ ਮੁਲਤਵੀ ਕੀਤਾ ਗਿਆ ਸੀ। ਆਗੂਆਂ ਨੇ ਐਲਾਨ ਕੀਤਾ ਕਿ ਹੁਣ 21 ਤੇ 22 ਅਕਤੂਬਰ ਨੂੰ ਸਮੂਹ ਬਿਜਲੀ ਮੁਲਾਜ਼ਮ ਸਮੂਹਕ ਛੁੱਟੀ ਲੈ ਕੇ ਰੋਸ ਧਰਨਾ ਦੇਣਗੇ। ਇਸ ਦੌਰਾਨ ਸਾਂਝੇ ਫ਼ਰੰਟ ਵਲੋਂ ਜੋ ਵੀ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ, ਉਸ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਮੁਲਾਜ਼ਮਾਂ ਨੇ ਸਪਸ਼ਟ ਕੀਤਾ ਕਿ ਸਮੂਹਕ ਛੁੱਟੀ ਦੌਰਾਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਜਾਂ ਖਪਤਕਾਰਾਂ ਨੂੰ ਹੋਣ ਵਾਲੀ ਪਰੇਸ਼ਾਨੀ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰ ਕਾਮ ਮੈਨੇਜਮੈਂਟ ਦੀ ਹੋਵੇਗੀ। ਰੋਸ ਰੈਲੀ ਨੂੰ ਮਲਕੀਤ ਸਿੰਘ, ਦੀਪ ਸਿੰਘ, ਰਾਕੇਸ਼ ਕੁਮਾਰ, ਕਪਿਲ ਮੋਗਾ, ਨਟਵਰ ਸਿੰਘ, ਨਰਿੰਦਰ ਕੁਮਾਰ, ਵਿਨੋਦ ਕੁਮਾਰ, ਲਵਦੀਪ ਸਿੰਘ, ਪੂਰਨ ਸਿੰਘ, ਨਰੇਸ਼ ਕੁਮਾਰ, ਵਿਕਾਸ ਖੇੜਾ ਤੇ ਪੈਨਸ਼ਨਰ ਆਗੂ ਓਮ ਪ੍ਰਕਾਸ਼ ਨੇ ਸੰਬੋਧਨ ਕੀਤਾ।