ਅਬੋਹਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ , ਵੱਖ - ਵੱਖ ਥਾਵਾਂ ਤੋਂ 1.5 ਕਿੱਲੋ ਅਫ਼ੀਮ ਤੇ 7 ਗਰਾਮ ਹੈਰੋਇਨ ਬਰਾਮਦ , ਦੋ ਕਾਬੂ
ਅਬੋਹਰ, 16 ਅਕਤੂਬਰ (ਵਿਵੇਕ ਹੂੜੀਆ)- ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਅਬੋਹਰ ਖੇਤਰ ਵਿਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੀ.
ਅਬੋਹਰ, 16 ਅਕਤੂਬਰ (ਵਿਵੇਕ ਹੂੜੀਆ)- ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਅਬੋਹਰ ਖੇਤਰ ਵਿਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੀ.ਆਈ.ਏ. ਸਟਾਫ਼ ਫ਼ਾਜ਼ਿਲਕਾ ਤੇ ਥਾਣਾ ਖੁਈਆਂ ਸਰਵਰ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 1 ਕਿੱਲੋ 500 ਗਰਾਮ ਅਫ਼ੀਮ ਤੇ 7 ਗਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਦੋਵਾਂ ਮੁਲਜ਼ਮਾਂ ਵਿਰੁੱਧ ਸਬੰਧਿਤ ਥਾਣਿਆਂ ਵਿਚ ਕੇਸ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਨ ਦੀ ਤਿਆਰੀ ਵਿਚ ਹੈ। ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ਼ ਫ਼ਾਜ਼ਿਲਕਾ ਦੇ ਏ.ਐੱਸ.ਆਈ. ਰਣਜੀਤ ਸਿੰਘ ਵੀਰਵਾਰ ਸ਼ਾਮ ਪੁਲਿਸ ਪਾਰਟੀ ਸਮੇਤ ਅਬੋਹਰ-ਡਬਵਾਲੀ ਰੋਡ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪਿੰਡ ਮੋਡੀ ਖੇੜਾ ਨੇੜੇ ਸੇਮ ਨਾਲੇ ਕੋਲ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਡੱਬਵਾਲੀ ਵਲੋਂ ਆ ਰਹੀ ਇਕ ਕਾਰ ਨੂੰ ਰੋਕਿਆ। ਤਲਾਸ਼ੀ ਲੈਣ ’ਤੇ ਕਾਰ ਸਵਾਰ ਵਿਅਕਤੀ ਦੇ ਕਬਜ਼ੇ ਵਿਚੋਂ 1 ਕਿੱਲੋ 500 ਗਰਾਮ ਅਫ਼ੀਮ ਬਰਾਮਦ ਹੋਈ। ਫੜੇ ਗਏ ਮੁਲਜ਼ਮ ਦੀ ਪਛਾਣ ਵਿਜੇ ਪਾਲ ਉਰਫ਼ ਰਾਮਦਾਸ ਪੁੱਤਰ ਓਮ ਪ੍ਰਕਾਸ਼ ਨਿਵਾਸੀ ਪਿੰਡ ਸੁਖਚੈਨ ਵਜੋਂ ਹੋਈ ਹੈ। ਇਸ ਸਬੰਧ ਵਿਚ ਥਾਣਾ ਬਹਾਵਵਾਲਾ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੂਜੇ ਮਾਮਲੇ ਵਿਚ ਥਾਣਾ ਖੁਈਆਂ ਸਰਵਰ ਦੀ ਪੁਲਿਸ ਨੇ ਕਾਰਵਾਈ ਕੀਤੀ ਹੈ। ਸੂਚਨਾ ਅਨੁਸਾਰ ਹੈੱਡ ਕਾਂਸਟੇਬਲ ਵਿਨੋਦ ਕੁਮਾਰ ਵੀਰਵਾਰ ਸ਼ਾਮ ਪੁਲਿਸ ਟੀਮ ਨਾਲ ਪਿੰਡ ਚਮਿਆਰ ਖੇੜਾ ਵੱਲ ਜਾ ਰਹੇ ਸਨ। ਇਸ ਦੌਰਾਨ ਪਿੰਡ ਪੱਟੀ ਸਦੀਕ ਕੋਲ ਸਾਹਮਣੇ ਤੋਂ ਆ ਰਹੇ ਇੱਕ ਨੌਜਵਾਨ ਨੂੰ ਸ਼ੱਕੀ ਹਾਲਤ ਵਿਚ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ 7 ਗਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਦਿਆਲ ਚੰਦ ਨਿਵਾਸੀ ਪਿੰਡ ਝੋਰੜ ਖੇੜਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।