ਪੰਜਾਬ ਫ਼ੀਲਡ ਤੇ ਵਰਕਸ਼ਾਪ ਯੂਨੀਅਨ ‘ਵਿਗਿਆਨਿਕ’ ਨੂੰ ਛੱਡ ਕੇ ਸੈਂਕੜੇ ਸਾਥੀ ਪੀ.ਐੱਸ.ਐੱਸ.ਐੱਫ. ਵਿਚ ਹੋਏ ਸ਼ਾਮਿਲ
ਅਬੋਹਰ, 19 ਅਕਤੂਬਰ (ਵਿਵੇਕ ਹੂੜੀਆ)- ਪੀ. ਐੱਸ.
ਅਬੋਹਰ, 19 ਅਕਤੂਬਰ (ਵਿਵੇਕ ਹੂੜੀਆ)- ਪੀ.ਐੱਸ.ਐੱਸ.ਐੱਫ. ਹੈੱਡ ਆਫ਼ਿਸ ਡੇਰਾਬਸੀ ਜ਼ਿਲ੍ਹਾ ਫ਼ਾਜ਼ਿਲਕਾ ਇਕਾਈ ਦੀ ਇਕ ਵਿਸ਼ੇਸ਼ ਮੀਟਿੰਗ ਟਹਿਲ ਸਿੰਘ ਤੇ ਮਹਿੰਦਰ ਸਿੰਘ ਘੱਲੂ ਦੀ ਅਗਵਾਈ ਹੇਠ ਸਿਵਲ ਹਸਪਤਾਲ ਅਬੋਹਰ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਪੰਜਾਬ ਫ਼ੀਲਡ ਅਤੇ ਵਰਕਸ਼ਾਪ ਯੂਨੀਅਨ ਦੇ ਸੈਂਕੜੇ ਸਾਥੀ ‘ਵਿਗਿਆਨਿਕ ’ ਨੂੰ ਛੱਡ ਕੇ ਪੀ.ਐੱਸ.ਐੱਸ.ਐੱਫ ਵਿਚ ਸ਼ਾਮਿਲ ਹੋ ਗਏ ਜਿਸ ਨਾਲ ਜਥੇਬੰਦੀ ਨੂੰ ਹੋਰ ਮਜ਼ਬੂਤੀ ਮਿਲੀ ਹੈ। ਮੀਟਿੰਗ ਵਿਚ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫ਼ਰੰਟ ਦੇ ਕਨਵੀਨਰ ਸੁਖਦੇਵ ਸਿੰਘ ਸੈਣੀ ਤੇ ਰਵਿੰਦਰ ਲੂਥਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿਚ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਨ ਤੋਂ ਭੱਜ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਕੰਟਰੈਕਟ, ਡੇਲੀਵੇਜਿਜ਼ ਅਤੇ ਕੇਂਦਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਟਹਿਲ ਸਿੰਘ ਅਤੇ ਸੁਖਜਾਦ ਸਿੰਘ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਕਾਰਨ ਆਉਣ ਵਾਲੇ ਸਮੇਂ ਵਿਚ ਸਰਕਾਰ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁਲਾਜ਼ਮ ਵਰਗ ਇਸ ਦਾ ਮੂੰਹ-ਤੋੜ ਜਵਾਬ ਦੇਵੇਗਾ। ਉਨ੍ਹਾਂ ਐਲਾਨ ਕੀਤਾ ਕਿ ਸਾਂਝੇ ਮੋਰਚੇ ਦੇ ਸੱਦੇ ’ਤੇ 21 ਤੇ 22 ਅਕਤੂਬਰ ਨੂੰ ਹੋਣ ਜਾ ਰਹੀ ਸੂਬਾ ਪੱਧਰੀ ਹੜਤਾਲ ਵਿਚ ਜ਼ਿਲ੍ਹੇ ਦੇ ਸਮੂਹ ਮੁਲਾਜ਼ਮ ਤੇ ਪੈਨਸ਼ਨਰ ਵੱਧ-ਚੜ੍ਹ ਕੇ ਹਿੱਸਾ ਲੈਣਗੇ। ਮੀਟਿੰਗ ਨੂੰ ਸਵਰਨ ਸਿੰਘ, ਰਵਿੰਦਰ ਸਿੰਘ, ਮਹਿੰਦਰ ਕੁਮਾਰ, ਪ੍ਰਵੀਨ ਗਰੋਵਰ, ਰਾਕੇਸ਼ ਚੌਹਾਨ, ਸੁਰਿੰਦਰਜੀਤ, ਰਾਜਿੰਦਰ ਸੁਥਾਰ, ਰਵਿੰਦਰ ਸਿੰਘ, ਜਗਦੀਸ਼ ਕੁਮਾਰ ਅਤੇ ਸ਼ੁਭਮ ਟੀਨਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।