ਖੂਈਆਂ ਸਰਵਰ ’ਚ ਪਟਾਕਿਆਂ ਦੇ ਸਟਾਲ ਨੂੰ ਲੱਗੀ ਅੱਗ, ਲੱਖਾਂ ਦੇ ਪਟਾਕੇ ਸੜ ਕੇ ਸੁਆਹ
ਅਬੋਹਰ ਦੇ ਵੱਖ-ਵੱਖ ਖੇਤਰਾਂ ’ਚ ਦੀਵਾਲੀ ਦੀ ਰਾਤ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ
ਅਬੋਹਰ, 9 ਨਵੰਬਰ (ਵਿਵੇਕ ਹੂੜੀਆ)- ਅਬੋਹਰ ਖੇਤਰ ਵਿਚ ਦੀਵਾਲੀ ਦੇ ਮੌਕੇ ’ਤੇ ਵੱਖ-ਵੱਖ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਨਾਲ ਕਈ ਦੁਕਾਨਾਂ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ।
ਅ
ਅਬੋਹਰ ਦੇ ਖੂਈਆਂ ਸਰਵਰ ਵਿਚ ਪਟਾਕਿਆਂ ਦੀ ਸਟਾਲ ਨੂੰ ਅੱਗ ਲੱਗਣ ਤੋਂ ਬਾਅਦ ਇਕੱਠੀ ਹੋਈ ਭੀੜ ਦਾ ਦ੍ਰਿਸ਼। ਅਜੀਤ ਤਸਵੀਰ
10-11-2026
ਅਬੋਹਰ, 9 ਨਵੰਬਰ (ਵਿਵੇਕ ਹੂੜੀਆ)- ਅਬੋਹਰ ਖੇਤਰ ਵਿਚ ਦੀਵਾਲੀ ਦੇ ਮੌਕੇ ’ਤੇ ਵੱਖ-ਵੱਖ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਨਾਲ ਕਈ ਦੁਕਾਨਾਂ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖੁਈਆਂ ਸਰਵਰ ਵਿਖੇ ਬੱਸ ਸਟੈਂਡ ਦੇ ਸਾਹਮਣੇ ਗਗਨ ਨਾਮਕ ਨੌਜਵਾਨ ਨੇ ਪਟਾਕਿਆਂ ਦੀ ਸਟਾਲ ਲਗਾਈ ਹੋਈ ਸੀ, ਜਿੱਥੇ ਅਚਾਨਕ ਪਟਾਕਿਆਂ ਨੂੰ ਅੱਗ ਲੱਗ ਗਈ। ਅੱਗ ਲੱਗਦਿਆਂ ਹੀ ਪਟਾਕੇ ਜ਼ੋਰ-ਜ਼ੋਰ ਦੀ ਚੱਲਣ ਲੱਗੇ ਅਤੇ ਅੱਗ ਪੂਰੀ ਤਰ੍ਹਾਂ ਫੈਲ ਗਈ। ਮੌਕੇ ’ਤੇ ਮੌਜੂਦ ਸਟਾਲ ਸੰਚਾਲਕ ਗਗਨ ਨੇ ਭੱਜ ਕੇ ਆਪਣੀ ਜਾਨ ਬਚਾਈ, ਪਰ ਇਸ ਹਾਦਸੇ ਵਿਚ ਉਸ ਦੇ ਲੱਖਾਂ ਰੁਪਏ ਦੇ ਪਟਾਕੇ ਸੜ ਕੇ ਰਾਖ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਵੀ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਗ਼ਨੀਮਤ ਰਹੀ ਕਿ ਇਹ ਸਟਾਲ ਮੁੱਖ ਬਾਜ਼ਾਰ ਵਿਚ ਨਹੀਂ ਸੀ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਫਾਇਰ ਅਫ਼ਸਰ ਬੀਰਿੰਦਰ ਕੁਮਾਰ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ, ਅਤੇ ਅੱਗ ਲੱਗਣ ਦਾ ਕਾਰਨ ਸਟਾਲ ’ਤੇ ਕਿਸੇ ਪਟਾਕੇ ਦਾ ਡਿਗਣਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਐਤਵਾਰ ਦੀਵਾਲੀ ਦੀ ਰਾਤ ਨਵੀਂ ਆਬਾਦੀ ਗਲੀ ਨੰਬਰ 7 ਵਿਚ ਇਕ ਨੌਹਰੇ (ਪਸ਼ੂਆਂ ਵਾਲੀ ਥਾਂ) ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਵੀ ਪਟਾਕੇ ਦੀ ਚੰਗਿਆੜੀ ਦਾ ਡਿਗਣਾ ਦੱਸਿਆ ਜਾ ਰਿਹਾ ਹੈ, ਜਿਸ ਨਾਲ ਮਹਿੰਦੀਪੁਰਾ ਲੰਗਰ ਸੇਵਾ ਕਮੇਟੀ ਦਾ ਸਾਮਾਨ ਜਿਵੇਂ ਕਿ ਗੱਦੇ, ਦਰੀਆਂ ਅਤੇ ਰਜਾਈਆਂ ਸੜ ਕੇ ਸੁਆਹ ਹੋ ਗਏ। ਉੱਥੇ ਹੀ ਕ੍ਰਿਸ਼ਨਾ ਨਗਰੀ ਵਿਚ ਹਾਰਦਿਕ ਟਰੇਡਰਜ਼ ਅਤੇ ਸੋਮਵਾਰ ਸਵੇਰੇ ਗਲੀ ਨੰਬਰ ਇਕ ’ਚ ਇਕ ਬੇਕਰੀ ਦੀ ਦੁਕਾਨ ਨੂੰ ਵੀ ਅੱਗ ਲੱਗਣ ਨਾਲ ਕਾਫ਼ੀ ਸਾਮਾਨ ਸੜ ਗਿਆ। ਇਸ ਤੋ ਇਲਾਵਾ ਸੀਡ ਫਾਰਮ ਵਿਚ ਪਰਾਲੀ ਨੂੰ ਅੱਗ ਲੱਗੀ, ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਮੇਂ ਸਿਰ ਕਾਬੂ ਕਰ ਲਿਆ। ਅਬੋਹਰ ਦੀ ਇੰਦਰਾ ਨਗਰੀ ਵਿਚ ਦੀਵਾਲੀ ਦੀ ਦੇਰ ਰਾਤ ਕੁੱਝ ਅਣਪਛਾਤੇ ਲੜਕਿਆਂ ਵਲੋਂ ਇਕ ਘਰ ਦੇ ਰੌਸ਼ਨਦਾਨ ਰਾਹੀਂ ਰੱਸਾ ਬੰਬ (ਪਟਾਕਾ) ਅੱਗ ਲਗਾ ਕੇ ਕਮਰੇ ਵਿਚ ਸੁੱਟ ਦਿੱਤਾ ਗਿਆ। ਇਸ ਕਾਰਨ ਕਮਰੇ ਵਿਚ ਸੁੱਤੀ ਹੋਈ ਦਾਦੀ ਕਮਲਾ ਅਤੇ ਉਸ ਦੀ ਪੋਤੀ ਸੈਜਲ ਬੁਰੀ ਤਰ੍ਹਾਂ ਝੁਲਸ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤਾਂ ਦੀ ਨੂੰਹ ਲਾਜਵੰਤੀ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਜਦੋਂ ਉਸ ਦੀ ਬੇਟੀ ਅਤੇ ਸੱਸ ਸੁੱਤੇ ਪਏ ਸਨ ਤਾਂ ਅਚਾਨਕ ਧਮਾਕਾ ਹੋਇਆ ਅਤੇ ਉਨ੍ਹਾਂ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਉਨ੍ਹਾਂ ਦੀਆਂ ਚੀਖਾਂ ਸੁਣ ਕੇ ਪਰਿਵਾਰਕ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਈ। ਪਰਿਵਾਰ ਨੇ ਦੋਸ਼ ਲਾਇਆ ਕਿ ਕੁੱਝ ਲੜਕੇ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਇਲਾਕੇ ਦੇ 5-6 ਪਰਿਵਾਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।