ਫ਼ਾਜ਼ਿਲਕਾ, 10 ਨਵੰਬਰ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਫ਼ਾਜ਼ਿਲਕਾ ਦੀ ਮਹੀਨਾਵਾਰ ਮੀਟਿੰਗ ਕੌਂਸਲ ਪ੍ਰਧਾਨ ਅਨੀਤਾ ਜੈਰਥ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਭਾਜਪਾ ਬੋਰਡ ਦੇ ਕੌਂਸਲਰਾਂ ਤੋਂ ਇਲਾਵਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਪ੍ਰਵਾਨਗੀ ਲਈ ਕੁੱਲ 44 ਮਤੇ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਨ੍ਹਾਂ ਮਤਿਆਂ ਵਿਚ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕਰੀਬ 50 ਲੱਖ ਰੁਪਏ ਦੇ ਪ੍ਰਸਤਾਵ ਵੀ ਸ਼ਾਮਲ ਹਨ। ਮੀਟਿੰਗ ਦਾ ਸਭ ਤੋਂ ਅਹਿਮ ਮੁੱਦਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਨਾਲ ਸਬੰਧਿਤ ਜ਼ਮੀਨ ਦੀ ਲੀਜ਼ ਅਤੇ ਕਰੀਬ ਦੋ ਕਰੋੜ ਰੁਪਏ ਦੀ ਬਕਾਇਆ ਲੈਣਦਾਰੀ ਦਾ ਰਿਹਾ। ਨਗਰ ਕੌਂਸਲ ਵਲੋਂ ਵਕੀਲਾਂ ਨੂੰ ਉਨ੍ਹਾਂ ਦੇ ਚੈਂਬਰਾਂ ਦੀ ਉਸਾਰੀ ਲਈ ਲੀਜ਼ ’ਤੇ ਦਿੱਤੀ ਗਈ ਜ਼ਮੀਨ ਦੇ ਬਕਾਇਆ ਪੈਸਿਆਂ ਦਾ ਮਾਮਲਾ ਸੁਲਝਾਉਣ ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਨਾਲ ਮੀਟਿੰਗ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮਾਮਲੇ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਲਈ ਕੌਂਸਲ ਵੱਲੋਂ ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ ਜਾਵੇਗੀ। ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਪਾਸ ਕੀਤੇ ਮਤਿਆਂ ਵਿਚ ਮੁੱਖ ਸੜਕਾਂ ਦੇ ਪੈਚ ਵਰਕ ਤੋਂ ਬਾਅਦ ਹੁਣ ਵਾਰਡਾਂ ਦੇ ਅੰਦਰੂਨੀ ਹਿੱਸਿਆਂ ਦੀਆਂ ਸੜਕਾਂ ਦੀ ਮੁਰੰਮਤ ਲਈ 10 ਲੱਖ ਰੁਪਏ ਰੱਖਣ ਦਾ ਪ੍ਰਸਤਾਵ ਸ਼ਾਮਲ ਹੈ। ਇਸੇ ਤਰ੍ਹਾਂ ਸਾਰੇ ਵਾਰਡਾਂ ਵਿਚ ਛੋਟੇ-ਮੋਟੇ ਮੁਰੰਮਤ ਕਾਰਜਾਂ ਲਈ 24 ਲੱਖ ਰੁਪਏ ਦੇ ਮਤੇ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਸੈਣੀਆਂ ਰੋਡ ਸਥਿਤ 13 ਐਮ.ਐਲ.ਡੀ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਾਂਭ-ਸੰਭਾਲ ਲਈ 59.92 ਲੱਖ ਰੁਪਏ ਦਾ ਪ੍ਰਸਤਾਵ ਰੱਖਿਆ ਗਿਆ। ਸ਼ਹਿਰ ਦੀ ਜਲ ਸਪਲਾਈ ਪ੍ਰਣਾਲੀ ਅਧੀਨ ਚੱਲ ਰਹੇ 12 ਟਿਊਬਵੈੱਲਾਂ ਲਈ ਬਲੀਚਿੰਗ ਪਾਊਡਰ ਅਤੇ ਫਿਟਕਰੀ ਦੀ ਖ਼ਰੀਦ ਵਾਸਤੇ 15.20 ਲੱਖ ਰੁਪਏ ਦਾ ਬਜਟ ਤਿਆਰ ਕਰਨ ਸਬੰਧੀ ਮਤਾ ਵੀ ਪਾਸ ਕੀਤਾ ਗਿਆ। ਜਲ ਸਪਲਾਈ ਅਤੇ ਸੀਵਰੇਜ ਦੇ ਪਾਣੀ ਦੀ ਹੈਵੀ ਮੈਟਲ ਜਾਂਚ ਕਰਵਾਉਣ ਲਈ 10 ਲੱਖ ਰੁਪਏ ਅਤੇ ਪੁਰਾਣੀਆਂ ਹੋ ਚੁੱਕੀਆਂ ਟਿਊਬਵੈੱਲਾਂ ਦੀਆਂ ਮੋਟਰਾਂ ਬਦਲਣ ਲਈ ਸਾਢੇ ਤਿੰਨ ਲੱਖ ਰੁਪਏ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਕਰਮਚਾਰੀਆਂ ਨਾਲ ਸਬੰਧਿਤ ਹੋਰ ਮਤੇ ਵੀ ਮੀਟਿੰਗ ਵਿਚ ਪਾਸ ਕੀਤੇ ਗਏ। ਮੀਟਿੰਗ ਵਿਚ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਿਕਰਮ ਧੂੜੀਆ, ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਸ਼ੋਕ ਜੈਰਥ ਵੀ ਮੌਜੂਦ ਸਨ। ਇਸ ਮੌਕੇ ਭਾਜਪਾ ਦੇ ਕੌਂਸਲਰ ਭੋਲੀ ਰਾਣੀ ਮੋਂਗਾ, ਰਮੇਸ਼ ਕਟਾਰੀਆ, ਅੰਕੁਸ਼ ਫੁਟੇਲਾ, ਨਿਰਮਲ ਜਸੂਜਾ, ਅਨੀਤਾ ਸਚਦੇਵਾ ਅਤੇ ਟੋਨੀ ਨਰੂਲਾ, ਕਾਂਗਰਸ ਦੇ ਕੌਂਸਲਰ ਭਜਨ ਲਾਲ, ਰੋਮੀ ਫੁਟੇਲਾ, ਰਾਧੇ ਸ਼ਿਆਮ ਅਤੇ ਅਸ਼ਵਨੀ ਕੁਮਾਰ, ਮੀਤ ਪ੍ਰਧਾਨ ਰਾਣੀ ਦੇਵੀ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਸੁਨੀਲ ਮੈਣੀ, ਸੋਮਾ ਰਾਣੀ, ਰੂਪਾ ਰਾਣੀ ਅਤੇ ਪਿੰਦਰ ਸਿੰਘ ਸਮੇਤ ਕੌਂਸਲ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਫ਼ਾਜ਼ਿਲਕਾ ਨਗਰ ਕੌਂਸਲ ਦੀ ਮੀਟਿੰਗ ’ਚ 50 ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਸਰਬਸੰਮਤੀ ਨਾਲ ਮਿਲੀ ਪ੍ਰਵਾਨਗੀ ਕੌਂਸਲ ਪ੍ਰਧਾਨ ਅਨੀਤਾ ਜੈਰਥ ਦੀ ਪ੍ਰਧਾਨਗੀ ਹੇਠ ਹੋਈ ਮਹੀਨਾਵਾਰ ਮੀਟਿੰਗ
ਫ਼ਾਜ਼ਿਲਕਾ, 10 ਨਵੰਬਰ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਫ਼ਾਜ਼ਿਲਕਾ ਦੀ ਮਹੀਨਾਵਾਰ ਮੀਟਿੰਗ ਕੌਂਸਲ ਪ੍ਰਧਾਨ ਅਨੀਤਾ ਜੈਰਥ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਭਾਜਪਾ ਬੋਰਡ ਦੇ ਕੌਂਸਲਰਾਂ ਤੋਂ ਇਲਾਵਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਵੀ ਸ਼ਮੂਲੀਅਤ ਕੀਤੀ।
ਅਜੀਤ ਡੈਸਕ
11-11-2026