ਬੇਟੀ ਨਾਲ ਘਰ ਪਰਤ ਰਹੇ ਨੌਜਵਾਨ ਦੀ ਕਾਰ ’ਤੇ ਅਣਪਛਾਤੇ ਲੋਕਾਂ ਨੇ ਕੀਤੀ ਫਾਇਰਿੰਗ
ਕਾਰ ਅਤੇ ਸ਼ੀਸ਼ਿਆਂ ’ਤੇ ਲੱਗੀਆਂ ਗੋਲੀਆਂ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਫ਼ਾਜ਼ਿਲਕਾ, 10 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਸੁਰੇਸ਼ ਵਾਲਾ ਵਿਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਦੂਜੀ ਕਾਰ ਦਾ ਪਿੱਛਾ ਕਰਦਿਆਂ ਉਸ ’ਤੇ ਗੋਲੀਆਂ ਚਲਾਈਆਂ ਗਈਆਂ।
ਫ਼
ਫ਼ਾਜ਼ਿਲਕਾ ਦੇ ਪਿੰਡ ਸੁਰੇਸ਼ ਵਾਲਾ ਵਿਖੇ ਅਣਪਛਾਤੇ ਲੋਕ ਮਨੀਸ਼ ਕੁਮਾਰ ’ਤੇ ਗੋਲੀਆਂ ਚਲਾਉਂਦੇ ਹੋਏ। ਅਜੀਤ ਤਸਵੀਰ
11-11-2026
ਫ਼ਾਜ਼ਿਲਕਾ, 10 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਸੁਰੇਸ਼ ਵਾਲਾ ਵਿਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕਾਰ ਸਵਾਰ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਦੂਜੀ ਕਾਰ ਦਾ ਪਿੱਛਾ ਕਰਦਿਆਂ ਉਸ ’ਤੇ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ’ਚ ਕਾਰ ਸਵਾਰ ਨੌਜਵਾਨ ਅਤੇ ਉਸ ਦੀ ਛੋਟੀ ਬੇਟੀ ਵਾਲ-ਵਾਲ ਬਚ ਗਏ। ਹਾਲਾਂਕਿ ਕਾਰ ’ਤੇ ਦੋ ਗੋਲੀਆਂ ਲੱਗਣ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਚਾਲਕ ਮਨੀਸ਼ ਕੁਮਾਰ ਵਾਸੀ ਪਿੰਡ ਸੁਰੇਸ਼ ਵਾਲਾ ਨੇ ਦੱਸਿਆ ਕਿ ਉਹ ਆਪਣੀ ਛੋਟੀ ਬੇਟੀ ਨਾਲ ਫ਼ਾਜ਼ਿਲਕਾ ਤੋਂ ਆਪਣੇ ਪਿੰਡ ਵਾਪਸ ਜਾ ਰਿਹਾ ਸੀ। ਇਸ ਦੌਰਾਨ ਫ਼ਾਜ਼ਿਲਕਾ ਤੋਂ ਹੀ ਇਕ ਸਵਿਫ਼ਟ ਕਾਰ ਉਸ ਦੇ ਪਿੱਛੇ ਲੱਗ ਗਈ। ਉਸ ਨੇ ਦੱਸਿਆ ਕਿ ਕਾਰ ਸਵਾਰ ਵਿਅਕਤੀ ਉਸ ਨੂੰ ਕੁੱਝ ਕਹਿ ਰਹੇ ਸਨ, ਜਿਸ ਤੋਂ ਬਾਅਦ ਉਹ ਆਪਣੀ ਕਾਰ ਭਜਾ ਕੇ ਪਿੰਡ ਸੁਰੇਸ਼ ਵਾਲਾ ਸਥਿਤ ਆਪਣੇ ਘਰ ਪਹੁੰਚ ਗਿਆ। ਮਨੀਸ਼ ਕੁਮਾਰ ਅਨੁਸਾਰ ਸਵਿਫ਼ਟ ਕਾਰ ਸਵਾਰਾਂ ਨੇ ਉਸ ਦਾ ਪਿੱਛਾ ਕਰਦਿਆਂ ਘਰ ਤੱਕ ਪਹੁੰਚ ਕੀਤੀ। ਜਦੋਂ ਉਸ ਨੇ ਆਪਣੀ ਕਾਰ ਰੋਕੀ ਤਾਂ ਸਵਿਫ਼ਟ ਕਾਰ ਵਿਚੋਂ ਕੁੱਝ ਵਿਅਕਤੀ ਬਾਹਰ ਨਿਕਲੇ ਅਤੇ ਉਸ ਦੀ ਕਾਰ ’ਤੇ ਫਾਇਰਿੰਗ ਕਰ ਦਿੱਤੀ। ਉਸ ਨੇ ਦੱਸਿਆ ਕਿ ਹਮਲਾਵਰਾਂ ਵਲੋਂ ਦੋ ਰਾਊਂਡ ਫਾਇਰ ਕੀਤੇ ਗਏ, ਜਿਨ੍ਹਾਂ ਵਿਚੋਂ ਇਕ ਗੋਲੀ ਕਾਰ ਦੇ ਸ਼ੀਸ਼ੇ ਅਤੇ ਦੂਜੀ ਕਾਰ ’ਤੇ ਲੱਗੀ। ਖ਼ੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਉਸ ਨੂੰ ਜਾਂ ਉਸ ਦੀ ਬੇਟੀ ਨੂੰ ਕੋਈ ਸੱਟ ਨਹੀਂ ਲੱਗੀ। ਉੱਧਰ ਪਿੰਡ ਸੁਰੇਸ਼ ਵਾਲਾ ਦੇ ਸਰਪੰਚ ਸੁਧੀਰ ਕੁਮਾਰ ਨੇ ਦੱਸਿਆ ਕਿ ਮਨੀਸ਼ ਕੁਮਾਰ ਉਨ੍ਹਾਂ ਦਾ ਭਤੀਜਾ ਹੈ ਅਤੇ ਉਹ ਸ਼ਹਿਰ ਤੋਂ ਪਿੰਡ ਵਾਪਸ ਆ ਰਿਹਾ ਸੀ, ਜਦੋਂ ਕੁੱਝ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਉਸ ਦੀ ਕਾਰ ’ਤੇ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਵਿਚ ਅਜਿਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਧਾਰਿਆ ਜਾਵੇ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸਰਪੰਚ ਨੇ ਇਹ ਵੀ ਦੱਸਿਆ ਕਿ ਘਟਨਾ ਨਾਲ ਸਬੰਧਿਤ ਸੀ.ਸੀ.ਟੀ.ਵੀ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ, ਜੋ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀ ਹੈ। ਇਸ ਸਬੰਧੀ ਫ਼ਾਜ਼ਿਲਕਾ ਸਦਰ ਥਾਣੇ ਦੀ ਐੱਸ.ਐੱਚ.ਓ ਸ਼ਿਮਲਾ ਰਾਣੀ ਨੇ ਦੱਸਿਆ ਕਿ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਥੇ ਇਹ ਵਿਸ਼ੇਸ਼ ਜ਼ਿਕਰਯੋਗ ਹੈ ਕਿ ਪਹਿਲਾਂ ਸ਼ਹਿਰ ਵਿਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਸਨ, ਹੁਣ ਪਿੰਡਾਂ ਅੰਦਰ ਵੀ ਲੁੱਟ ਖੋਹ, ਚੋਰੀ ਅਤੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ। ਪਿੰਡਾਂ ਦੀਆਂ ਸੱਥਾਂ ’ਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ’ਤੇ ਆਮ ਚਰਚਾ ਹੁੰਦੀ ਸੁਣੀ ਜਾ ਸਕਦੀ ਹੈ।