ਅੰਮਿ੍ਤਸਰ, 5 ਜਨਵਰੀ (ਜਸਵੰਤ ਸਿੰਘ ਜੱਸ)-ਸਥਾਨਕ ਨਗਰ ਨਿਗਮ ਦੀ ਨਿਗਰਾਨੀ ਹੇਠ ਭਗਤਾਂ ਵਾਲਾ ਡੰਪ ਸਾਈਟ 'ਤੇ ਪੁਰਾਣੇ ਕੂੜੇ ਦੇ ਬਾਇਓ-ਰੀਮੀਡੀਏਸ਼ਨ ਦੇ ਲਗਾਤਾਰ ਚੱਲ ਰਹੇ ਕਾਰਜਾਂ ਦੀ ਡੰਪ ਸਾਈਟ ਦਾ ਦੌਰਾ ਕਰਕੇ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਸਮੀਖਿਆ ਕੀਤੀ ਗਈ | ਉਨ੍ਹਾਂ ਕੂੜੇ ਦੀ ਵਿਗਿਆਨਕ ਪ੍ਰਕਿਰਿਆ ਲਈ ਲਗਾਈ ਗਈ ਆਧੁਨਿਕ ਮਸ਼ੀਨਰੀ ਵਾਲੀਆਂ ਵੱਖ-ਵੱਖ ਥਾਵਾਂ ਦਾ ਜਾਇਜ਼ਾ ਲਿਆ ਅਤੇ ਰੋਜ਼ਾਨਾ ਪ੍ਰਗਤੀ ਦੀ ਸਮੀਖਿਆ ਕੀਤੀ | ਉਨ੍ਹਾਂ ਇਕੋਸਟੈਨ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕੰਮ ਨੂੰ ਹੋਰ ਤੇਜ਼ ਕਰਨ ਅਤੇ ਨਿਰਧਾਰਤ ਸਮਾਂ-ਸੀਮਾ ਵਿਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ | ਨਾਲ ਹੀ ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਇਕੱਠੇ ਕੀਤੇ ਜਾ ਰਹੇ ਤਾਜ਼ਾ ਕੂੜੇ ਦੀ ਢੁਆਈ ਵਿਚ ਲੱਗੇ ਵਾਹਨਾਂ ਦੀ ਸੁਚਾਰੂ ਆਵਾਜਾਈ ਯਕੀਨੀ ਬਣਾਉਣ 'ਤੇ ਵੀ ਜ਼ੋਰ ਦਿੱਤਾ, ਤਾਂ ਜੋ ਰੋਜ਼ਾਨਾ ਕੂੜਾ ਚੁੱਕਣ ਦੀ ਪ੍ਰਕਿਰਿਆ ਪ੍ਰਭਾਵਿਤ ਨਾ ਹੋਵੇ | ਉਨ੍ਹਾਂ ਦੱਸਿਆ ਕਿ 1 ਅਕਤੂਬਰ 2025 ਤੋਂ 4 ਜਨਵਰੀ 2026 ਤੱਕ ਡੰਪ ਸਾਈਟ 'ਤੇ ਕੁੱਲ 1,50,551 ਮੀਟਿ੍ਕ ਟਨ ਪੁਰਾਣੇ ਕੂੜੇ ਦਾ ਵਿਗਿਆਨਕ ਨਿਪਟਾਰਾ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਸਾਈਟ 'ਤੇ ਨਵੀਂ ਮਸ਼ੀਨਰੀ ਸਥਾਪਿਤ ਕੀਤੀ ਗਈ ਹੈ, ਜਿਸ ਨਾਲ ਰੋਜ਼ਾਨਾ ਕੂੜਾ ਪ੍ਰਕਿਰਿਆ ਸਮਰੱਥਾ ਨੂੰ 2,400 ਮੀਟਿ੍ਕ ਟਨ ਤੋਂ ਵਧਾ ਕੇ 5,000 ਮੀਟਿ੍ਕ ਟਨ ਪ੍ਰਤੀ ਦਿਨ ਕੀਤਾ ਜਾਵੇਗਾ |
ਭਗਤਾਂ ਵਾਲਾ ਡੰਪ ਸਾਈਟ 'ਤੇ ਪੁਰਾਣੇ ਕੂੜੇ ਦੇ ਕੰਮ ਦੀ ਵਧੀਕ ਕਮਿਸ਼ਨਰ ਵਲੋਂ ਪ੍ਰਗਤੀ ਦੀ ਸਮੀਖਿਆ <br/>
ਅਜੀਤ ਡੈਸਕ
06-01-2026