ਅੰਮਿ੍ਤਸਰ, 28 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਆਮਦਨ ਕਰ ਵਿਭਾਗ ਅੰਮਿ੍ਤਸਰ ਨੇ 77ਵੇਂ ਗਣਤੰਤਰ ਦਿਵਸ ਸਮਾਗਮ ਆਮਦਨ ਕਰ ਭਵਨ ਦੇ ਵਿਹੜੇ 'ਚ ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਕੀਤਾ | ਸਮਾਗਮ 'ਚ ਮੁੱਖ ਮਹਿਮਾਨ, ਡਾ. ਜੀ. ਐੱਸ. ਫਣੀ ਕਿਸ਼ੋਰ ਮੁੱਖ ਕਮਿਸ਼ਨਰ ਆਮਦਨ ਕਰ ਅੰਮਿ੍ਤਸਰ ਅਤੇ ਵਿਸ਼ੇਸ਼ ਮਹਿਮਾਨ ਸ੍ਰੀਮਤੀ ਕੋਮਲ ਜੋਗਪਾਲ ਮੁੱਖ ਕਮਿਸ਼ਨਰ ਆਮਦਨ ਕਰ ਅੰਮਿ੍ਤਸਰ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਗਣਤੰਤਰ ਦਿਵਸ ਦੇ ਮੌਕੇ ਸਾਰੇ ਨਾਗਰਿਕਾਂ ਨੂੰ ਵਧਾਈ ਦਿੰਦੇ ਹੋਏ ਅੰਮਿ੍ਤਸਰ ਦੇ ਮੁੱਖ ਆਮਦਨ ਕਰ ਕਮਿਸ਼ਨਰ ਡਾ. ਜੀ. ਐੱਸ. ਫਣੀ ਕਿਸ਼ੋਰ ਨੇ ਆਪਣੇ ਸੰਬੋਧਨ 'ਚ ਦੇਸ਼ ਦੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਸਮਰਪਣ ਨੂੰ ਯਾਦ ਕੀਤਾ | ਉਨ੍ਹਾਂ ਦੇਸ਼ ਵਾਸੀਆਂ ਨੂੰ ਰਾਸ਼ਟਰ ਦੀ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਬਣਾਈ ਰੱਖਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਇਸ ਦਿਨ ਭਾਰਤ ਇਕ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ ਅਤੇ ਲੋਕਤੰਤਰੀ ਰਾਸ਼ਟਰ ਵਜੋਂ ਉਭਰਿਆ | ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਆਜ਼ਾਦੀ ਨਾ ਸਿਰਫ਼ ਅਧਿਕਾਰਾਂ ਦਾ ਤੋਹਫ਼ਾ ਹੈ, ਸਗੋਂ ਜ਼ਿੰਮੇਵਾਰੀ ਦਾ ਸੱਦਾ ਵੀ ਹੈ | ਜਦੋਂ ਕਿ ਸੰਵਿਧਾਨ ਸਾਨੂੰ ਨਿਆਂ, ਆਜ਼ਾਦੀ ਅਤੇ ਸਮਾਨਤਾ ਦਾ ਅਧਿਕਾਰ ਦਿੰਦਾ ਹੈ, ਇਹ ਸਾਨੂੰ ਆਪਣੇ ਫਰਜ਼ਾਂ ਨੂੰ ਪੂਰਾ ਕਰਨ ਦੀ ਵੀ ਮੰਗ ਕਰਦਾ ਹੈ | ਸਮਾਗਮ 'ਚ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ 'ਚ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਮਨਮੋਹਕ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ | ਆਮਦਨ ਕਰ ਅਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ ਦੇ ਅਖ਼ੀਰ 'ਚ ਸਾਰੇ ਭਾਗੀਦਾਰਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੰਵਲਜੀਤ ਸਿੰਘ ਪਿ੍ੰਸੀਪਲ ਕਮਿਸ਼ਨਰ ਇਨਕਮ ਟੈਕਸ-1, ਅੰਮਿ੍ਤਸਰ, ਸ੍ਰੀਮਤੀ ਰਤਿੰਦਰ ਕੌਰ ਐਡੀਸ਼ਨਲ ਕਮਿਸ਼ਨਰ ਆਫ ਇਨਕਮ ਟੈਕਸ, ਹਿਮਾਂਸ਼ੂ ਐਡੀਸ਼ਨਲ ਕਮਿਸ਼ਨਰ ਆਫ ਇਨਕਮ ਟੈਕਸ, ਮੇਵਾਰਾਮ ਅਸਿਸਟੈਂਟ ਕਮਿਸ਼ਨਰ ਆਫ ਇਨਕਮ ਟੈਕਸ ਅੰਮਿ੍ਤਸਰ, ਬਾਰ ਐਸੋਸੀਏਸ਼ਨ ਅਤੇ ਸੀ. ਏ. ਐਸੋਸੀਏਸ਼ਨ ਦੇ ਨੁਮਾਇੰਦੇ, ਇਨਕਮ ਟੈਕਸ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਆਦਿ ਮੌਜੂਦ ਸਨ |