ਅੰਮਿ੍ਤਸਰ, 31 ਜਨਵਰੀ (ਜਸਵੰਤ ਸਿੰਘ ਜੱਸ)-ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ ਅੱਜ ਨਿਗਮ ਦੇ ਵਾਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਭਗਤਾਂਵਾਲਾ ਅਤੇ ਝਬਾਲ ਰੋਡ ਡੰਪ ਸਾਈਟਾਂ ਦਾ ਦੌਰਾ ਕਰਕੇ ਉਥੇ ਕੂੜਾ ਛਾਂਟ ਅਤੇ ਨਿਪਟਾਰੇ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ | ਇਸ ਦੌਰਾਨ ਉਨ੍ਹਾਂ ਦੱਸਿਆ ਗਿਆ ਕਿ 1 ਅਕਤੂਬਰ 2025 ਤੋਂ 29 ਜਨਵਰੀ ਤੱਕ ਦੀ ਮਿਆਦ ਦੌਰਾਨ ਭਗਤਾਂਵਾਲਾ ਡੰਪ ਸਾਈਟ 'ਤੇ ਕੁੱਲ 2,17,750 ਮੈਟਿ੍ਕ ਟਨ ਲੈਗੇਸੀ ਕੂੜੇ ਦਾ ਨਿਪਟਾਰਾ ਕੀਤਾ ਗਿਆ ਹੈ | ਇਸ ਤੋਂ ਇਲਾਵਾ, 30 ਜਨਵਰੀ ਨੂੰ 2,170 ਮੈਟਿ੍ਕ ਟਨ ਕੂੜੇ ਦਾ ਨਿਪਟਾਰਾ ਕੀਤਾ ਗਿਆ, ਜਿਸ ਨਾਲ 30 ਜਨਵਰੀ 2026 ਤੱਕ ਕੁੱਲ ਨਿਪਟਾਇਆ ਗਿਆ ਕੂੜਾ 2,19,920 ਮੈਟਿ੍ਕ ਟਨ ਹੋ ਗਿਆ ਹੈ | ਡੰਪ ਸਾਈਟ 'ਤੇ ਚੱਲ ਰਹੇ ਛਾਂਟ ਕਾਰਜ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਈਕੋ ਸਟੈਨ ਕੰਪਨੀ ਨੂੰ ਕਿਹਾ ਕਿ ਮਨੁੱਖੀ ਸਰੋਤ ਅਤੇ ਮਸ਼ੀਨਰੀ ਤਾਇਨਾਤ ਕਰਕੇ ਕੰਮ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ, ਤਾਂ ਜੋ ਡੰਪ ਸਾਈਟ ਦੀ ਸਫ਼ਾਈ ਨਿਰਧਾਰਤ ਸਮੇਂ ਅੰਦਰ ਪੂਰੀ ਕੀਤੀ ਜਾ ਸਕੇ | ਇਸੇ ਦੌਰਾਨ ਝਬਾਲ ਰੋਡ ਡੰਪ ਸਾਈਟ ਦਾ ਦੌਰਾ ਕਰਕੇ ਉਨ੍ਹਾਂ ਟ੍ਰੋਮਲ ਮਸ਼ੀਨਰੀ ਤੁਰੰਤ ਲਗਾਉਣ ਦੇ ਹੁਕਮ ਜਾਰੀ ਕਰਨ ਦੇ ਨਾਲ ਲੋੜੀਂਦੇ ਸੁਧਾਰਾਤਮਕ ਕਾਰਜ ਤੇਜ਼ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ | ਉਨ੍ਹਾਂ ਨੇ ਮਸ਼ੀਨਰੀ ਦੇ ਸੁਚੱਜੇ ਅਤੇ ਨਿਰੰਤਰ ਸੰਚਾਲਨ ਲਈ ਲੋੜੀਂਦਾ ਬਿਜਲੀ ਕਨੈਕਸ਼ਨ ਜਲਦੀ ਤੋਂ ਜਲਦੀ ਲੈਣ ਲਈ ਵੀ ਕਿਹਾ | ਉਨ੍ਹਾਂ ਨਿਰਦੇਸ਼ ਦਿੱਤੇ ਗਏ ਕਿ ਝਬਾਲ ਰੋਡ ਡੰਪ ਸਾਈਟ ਨੂੰ ਨਗਰ ਨਿਗਮ ਦੇ ਠੋਸ ਕੂੜੇ ਦੀ ਛਾਂਟ ਲਈ ਵਰਤਿਆ ਜਾਵੇਗਾ, ਜਿਸ ਤੋਂ ਬਾਅਦ ਛਾਂਟਿਆ ਹੋਇਆ ਕੂੜਾ ਨਿਯਮਾਂ ਅਨੁਸਾਰ ਭਗਤਾਂਵਾਲਾ ਡੰਪ ਸਾਈਟ 'ਤੇ ਭੇਜ ਕੇ ਨਿਪਟਾਇਆ ਜਾਵੇਗਾ | ਇਸ ਦੌਰੇ ਦੌਰਾਨ ਆਰ.ਆਰ.ਆਰ. ਕੰਪਨੀ ਦੇ ਪ੍ਰਤੀਨਿਧ ਰਾਜੀਵ ਅਰੋੜਾ ਅਤੇ ਸੀ.ਐੱਸ.ਆਈ. ਸਰਬਜੀਤ ਸਿੰਘ ਵੀ ਮੌਜੂਦ ਸਨ |