ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ ਵਲੋਂ ‘ਸਸਟੇਨੇਬਲ ਕੈਂਪਸ ਲਈ ਸੀਡ ਬਾਲਜ਼’ ਦੀ ਪਹਿਲਕਦਮੀ
ਅੰਮ੍ਰਿਤਸਰ, 30 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ.
ਅੰਮ੍ਰਿਤਸਰ, 30 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਵਲੋਂ ਨੈਸ਼ਨਲ ਐਜੂਟਰਸਟ ਆਫ਼ ਇੰਡੀਆ ਦੇ ਸਹਿਯੋਗ ਨਾਲ ‘ਸੀਡ ਬਾਲਜ਼ ਫ਼ਾਰ ਸਸਟੇਨੇਬਲ ਕੈਂਪਸਜ਼ ਇਨੀਸ਼ੀਏਟਿਵ 2026’ ਦਾ ਆਯੋਜਨ ਕੀਤਾ ਗਿਆ। ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਅਤੇ ਵਿਆਪਕ ਭਾਈਚਾਰੇ ਵਿਚ ਵਾਤਾਵਰਨਕ ਸਥਿਰਤਾ ਅਤੇ ਵਾਤਾਵਰਨਕ ਪੁਨਰ ਸਥਾਪਨਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ । ਇਸ ਪਹਿਲਕਦਮੀ ਤਹਿਤ ਓਰੀਐਂਟੇਸ਼ਨ ਲੈਕਚਰ ਅਤੇ ਸੀਡ ਬਾਲਜ਼ ਸੰਬੰਧੀ ਪ੍ਰਯੋਗਾਤਮਕ ਵਰਕਸ਼ਾਪ ਕਰਵਾਈ ਗਈ। ਡਾ. ਰਸ਼ਮੀ ਕਾਲੀਆ ਨੇ ਵਰਕਸ਼ਾਪ ਦਾ ਸੰਚਾਲਨ ਕਰਦਿਆਂ ਵਿਦਿਆਰਥੀਆਂ ਨੂੰ ਸਥਾਨਕ ਤੌਰ ’ਤੇ ਉਪਲੱਬਧ ਮਿੱਟੀ ਅਤੇ ਜੈਵਿਕ ਖਾਦ ਦੀ ਵਰਤੋਂ ਕਰਕੇ ਸੀਡ ਬਾਲਜ਼ ਤਿਆਰ ਕਰਨ ਦੀ ਵਿਧੀ ਬਾਰੇ ਮਾਰਗਦਰਸ਼ਨ ਕੀਤਾ। ਵਿਦਿਆਰਥੀਆਂ ਨੂੰ ਸੀਡ ਬਾਲਜ਼ ਦੀ ਧਾਰਨਾ ਅਤੇ ਮਹੱਤਤਾ ਤੋਂ ਜਾਣੂੰ ਕਰਵਾਇਆ ਗਿਆ ਅਤੇ ਵੱਖ ਵੱਖ ਦੇਸੀ ਪੌਦਿਆਂ ਦੇ ਬੀਜਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਅਗਲੇ ਪੜਾਅ ’ਚ ਢੁੱਕਵੇਂ ਸਥਾਨਾਂ ‘ਤੇ ਵੰਡ ਅਤੇ ਬੀਜਾਂ ਦੇ ਪ੍ਰਸਾਰ ਲਈ ਦੋ ਪੜਾਵਾਂ ਵਿਚ ਲਗਭਗ ਪੰਜ ਸੋ ਸੀਡ ਬਾਲਜ਼ ਤਿਆਰ ਕੀਤੇ ਗਏ। ਇਸ ਉਪਰੰਤ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵਲੋਂ ਗ੍ਰੀਨ ਪਲੈੱਜ ਦਿਵਾਇਆ ਗਿਆ, ਜਿਸ ਵਿਚ ਡਾ. ਬਲਬੀਰ ਸਿੰਘ, ਐੱਨ. ਐੱਸ. ਐੱਸ. ਕੋਆਰਡੀਨੇਟਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਹੁੰ ਰਾਹੀਂ ਵਿਦਿਆਰਥੀਆਂ ਨੂੰ ਵਾਤਾਵਰਨਕ ਜ਼ਿੰਮੇਵਾਰੀ, ਜਲਵਾਯੂ ਪਰਿਵਰਤਨ, ਜੈਵ-ਵਿਭਿੰਨਤਾ ਦੀ ਸੰਭਾਲ ਅਤੇ ਹਰੇ-ਭਰੇ ਖੇਤਰ ਨੂੰ ਵਧਾਉਣ ਦੀ ਮਹੱਤਤਾ ਪ੍ਰਤੀ ਜਾਗਰੂਕ ਕੀਤਾ ਗਿਆ । ਵਿਦਿਆਰਥੀਆਂ ਨੂੰ ਆਪਣੇ ਵਿਚਾਰ ਰਚਨਾਤਮਕ ਢੰਗ ਨਾਲ ਪ੍ਰਗਟ ਕਰਨ ਦਾ ਮੌਕਾ ਦੇਣ ਲਈ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਵੀ ਉਨ੍ਹਾਂ ਦੇ ਆਪਣੇ ਇਲਾਕਿਆਂ ‘ਚ ਸੀਡ ਬਾਲਜ਼ ਵੰਡੇ ਗਏ, ਤਾਂ ਜੋ ਉਹ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਵੀ ਇਸ ਵਾਤਾਵਰਨਕ ਮੁਹਿੰਮ ਨਾਲ ਜੋੜ ਸਕਣ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸੁਰਭੀ ਧੀਰ ਅਤੇ ਨਿਧੀ ਅਗਰਵਾਲ, ਨੋਡਲ ਅਫ਼ਸਰ ਨੈਸ਼ਨਲ ਐਜੂਟਰਸਟ ਆਫ਼ ਇੰਡੀਆ ਵਲੋਂ ਨਵੀਨਤਮ ਅਤੇ ਸਥਿਰ ਕੈਂਪਸ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਮਰਥ ਸ਼ਰਮਾ, ਸੀ. ਈ. ਓ. ਨੈਸ਼ਨਲ ਐਜੂਟਰਸਟ ਆਫ਼ ਇੰਡੀਆ ਵਲੋਂ ਸਿੱਖਿਆ ਸੰਸਥਾਵਾਂ ਅਤੇ ਨੌਜਵਾਨਾਂ ਵਿਚ ਸਥਿਰਤਾ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਕਦਮੀਆਂ ਨੂੰ ਦਿੱਤੇ ਜਾ ਰਹੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ।