ਅੰਮਿ੍ਤਸਰ, 23 ਫਰਵਰੀ (ਹਰਮਿੰਦਰ ਸਿੰਘ)-ਵਿੱਤੀ ਸਾਲ ਖ਼ਤਮ ਹੋਣ ਆਇਆ ਹੈ 31 ਮਾਰਚ ਸਾਲ 2025-26 ਦਾ ਆਖ਼ਰੀ ਦਿਨ ਹੈ | ਇਸ ਵਿੱਤੀ ਸਾਲ ਦੌਰਾਨ ਨਿਗਮ ਦੇ ਕਮਾਊ ਪੁੱਤ ਵਜੋਂ ਜਾਣੇ ਜਾਂਦੇ ਪ੍ਰਾਪਰਟੀ ਟੈਕਸ ਵਿਭਾਗ ਨੂੰ ਇਕ ਟੀਚਾ ਦਿੱਤਾ ਗਿਆ ਹੈ, ਪਰ ਇਹ ਵਿਭਾਗ ਆਪਣੇ ਟੀਚੇ ਤੋਂ ਅਜੇ ਪਿੱਛੇ ਚੱਲ ਰਿਹਾ ਹੈ | ਇਸ ਟੀਚੇ ਨੂੰ ਪੂਰਾ ਕਰਨ ਲਈ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਦੀਆਂ ਲਗਾਤਾਰ ਬੈਠਕਾਂ ਚੱਲ ਰਹੀਆਂ ਹਨ ਇਨ੍ਹਾਂ ਬੈਠਕਾਂ ਦੌਰਾਨ ਟੈਕਸ ਵਸੂਲੀ ਲਈ ਨਵੀਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ | ਪਿਛਲੇ ਸਾਲ ਦੇ ਮੁਕਾਬਲੇ ਇਹ ਵਿਭਾਗ 7.5 ਕਰੋੜ ਅੱਗੇ ਚੱਲ ਰਿਹਾ ਹੈ ਪਰ ਫਿਰ ਵੀ 14 ਕਰੋੜ ਦੇ ਕਰੀਬ ਪਛੜ ਕੇ ਚੱਲ ਰਿਹਾ ਹੈ | ਨਗਰ ਨਿਗਮ ਦੇ ਸਾਲ 2025-26 ਦੇ ਬਜਟ 'ਚ ਪ੍ਰਾਪਰਟੀ ਟੈਕਸ ਵਿਭਾਗ ਨੂੰ 55 ਕਰੋੜ ਦੀ ਵਸੂਲੀ ਦਾ ਟੀਚਾ ਦਿੱਤਾ ਗਿਆ ਹੈ | ਇਸ ਟੀਚੇ 'ਚੋਂ ਹੁਣ ਤੱਕ ਵਿਭਾਗ ਵਲੋਂ 40.7 ਕਰੋੜ ਪ੍ਰਾਪਰਟੀ ਟੈਕਸ ਵਜੋਂ ਇਕੱਠਾ ਕੀਤਾ ਗਿਆ ਹੈ ਪਰ ਅਜੇ ਵੀ 14 ਕਰੋੜ ਦੇ ਕਰੀਬ ਪ੍ਰਾਪਰਟੀ ਟੈਕਸ ਦੀ ਹੋਰ ਵਸੂਲੀ ਰਹਿੰਦੀ ਹੈ ਜਦਕਿ ਪਿੱਛੇ ਸਾਲ ਦੇ ਗਿਣਤੀ ਦੇ ਦਿਨ ਹੀ ਬਾਕੀ ਰਹਿ ਗਏ ਹਨ | ਇਹ ਟੀਚਾ ਪੂਰਾ ਕਰਨ ਲਈ ਉੱਚ ਅਧਿਕਾਰੀਆਂ ਵਲੋਂ ਸੁਪਰਡੈਂਟਾਂ ਅਤੇ ਇੰਸਪੈਕਟਰਾਂ ਤੇ ਵਿਭਾਗ ਨਾਲ ਸੰਬੰਧਿਤ ਹੋਰ ਅਧਿਕਾਰੀਆਂ ਵਲੋਂ ਬੈਠਕਾਂ ਕੀਤੀਆਂ ਜਾਂਦੀਆਂ ਹਨ ਤੇ ਇਨ੍ਹਾਂ ਬੈਠਕਾਂ ਦੌਰਾਨ ਵੱਖ-ਵੱਖ ਹਦਾਇਤਾਂ ਕੀਤੀਆਂ ਜਾਂਦੀਆਂ ਹਨ | ਬੀਤੇ ਦਿਨੀਂ ਹੋਈ ਪ੍ਰਾਪਰਟੀ ਟੈਕਸ ਵਿਭਾਗ ਦੀ ਬੈਠਕ ਦੌਰਾਨ ਹਲਕਾ ਪੱਧਰ 'ਤੇ ਸੁਪਰਡੈਂਟਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ | ਜਿਸ ਦੇ ਤਹਿਤ ਹਰ ਹਫ਼ਤੇ 100-100 ਨਵੀਆਂ ਪ੍ਰਾਪਰਟੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਤੋਂ ਟੈਕਸ ਦੀ ਵਸੂਲੀ ਕਰਨ, ਪ੍ਰਾਪਰਟੀ ਟੈਕਸ ਵਿਭਾਗ ਦੇ ਡਿਫਾਲਟਰਾਂ ਦੀਆਂ ਸੂਚੀਆਂ ਤਿਆਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀਆਂ ਹਦਾਇਤਾਂ ਕੀਤੀਆਂ ਹਨ | ਪ੍ਰਾਪਰਟੀ ਟੈਕਸ ਵਿਭਾਗ ਦੇ ਸਾਹਮਣੇ ਟੀਚਾ ਇਕ ਚੁਨੌਤੀ ਹੈ, ਜਿਸ ਨੂੰ ਲੈ ਕੇ ਪ੍ਰਾਪਰਟੀ ਟੈਕਸ ਵਿਭਾਗ ਹੋਰ ਸਖ਼ਤ ਕਦਮ ਚੁੱਕ ਸਕਦਾ ਹੈ | ਪ੍ਰਾਪਰਟੀ ਟੈਕਸ ਵਿਭਾਗ ਨਾਲ ਸੰਬੰਧਿਤ ਸਕਰੂਟਨੀ ਦੇ ਵੀ 250 ਦੇ ਕਰੀਬ ਮਾਮਲੇ ਵਿਚਾਰ ਅਧੀਨ ਹਨ | ਇਹ ਮਾਮਲੇ ਵਿਚਾਰਨ ਦਾ ਅਧਿਕਾਰ ਇਸ ਵੇਲੇ ਸੰਯੁਕਤ ਕਮਿਸ਼ਨਰ ਦੇ ਅਧਿਕਾਰ ਖੇਤਰ ਵਿਚ ਹਨ ਜੇਕਰ ਇਨ੍ਹਾਂ ਮਾਮਲਿਆਂ ਦਾ ਹੱਲ ਹੋ ਜਾਂਦਾ ਹੈ ਤਾਂ ਪ੍ਰਾਪਰਟੀ ਟੈਕਸ ਇਸ ਦੇ ਨਾਲ ਹੀ ਟੀਚੇ ਦੇ ਨੇੜੇ ਪਹੁੰਚ ਸਕਦਾ ਹੈ | ਸਕਰੂਟਨੀ ਦੇ ਮਾਮਲੇ 'ਚ ਸ਼ਹਿਰ ਦੇ ਇਕ ਬਹੁਤ ਵੱਡੇ ਹੋਟਲ ਦਾ ਮਾਮਲਾ ਵੀ ਵਿਚਾਰ ਅਧੀਨ ਹੈ, ਜੇਕਰ ਇਹ ਮਸਲਾ ਹੱਲ ਜਾਵੇ ਤਾਂ ਪ੍ਰਾਪਰਟੀ ਟੈਕਸ ਵਿਭਾਗ ਨੂੰ ਇਕ ਮੋਟੀ ਰਾਸ਼ੀ ਪ੍ਰਾਪਤ ਹੋ ਸਕਦੀ ਹੈ, ਜੋ ਕਰੀਬ ਦੋ ਕਰੋੜ ਵੀ ਹੋ ਸਕਦੀ ਹੈ |