ਰਾਜਾਸਾਂਸੀ, 2 ਮਾਰਚ (ਹਰਦੀਪ ਸਿੰਘ ਖੀਵਾ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਮਜੀਠਾ ਦੇ ਨਿਰਦੇਸ਼ਾਂ ਹੇਠ ਬਲਾਕ ਹਰਸ਼ਾ ਦੀ ਚੋਣ ਸਬੰਧੀ ਬਲਾਕ ਪ੍ਰਧਾਨ ਨਿਰਮਲ ਕੌਰ ਵਰਨਾਲੀ ਦੀ ਅਗਵਾਈ ਹੇਠ ਰਾਜਾਸਾਂਸੀ ਵਿਖੇ ਹੋਈ | ਇਸ ਮੀਟਿੰਗ ਵਿਚ ਬਲਾਕ ਤੇ ਸਰਕਲਾਂ ਦੇ ਨੁਮਾਇੰਦਿਆਂ ਦੀ ਚੋਣ ਕੀਤੀ ਗਈ | ਜਿਸ ਵਿਚ ਪਹਿਲਾਂ ਤੋਂ ਚੱਲਦੇ ਆ ਰਹੇ ਬਲਾਕ ਹਰਸ਼ਾ ਛੀਨਾ ਦੇ ਪ੍ਰਧਾਨ ਨਿਰਮਲ ਕੌਰ ਵਰਨਾਲੀ ਵਲੋਂ ਮਿਹਨਤ, ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਵਰਕਰਾਂ ਤੇ ਹੈਲਪਰਾਂ ਦੀ ਸਹਿਮਤੀ ਨਾਲ ਨਿਰਮਲ ਕੌਰ ਵਰਨਾਲੀ ਨੂੰ ਉਕਤ ਯੂਨੀਅਨ ਲਈ ਮੁੜ ਦੂਸਰੀ ਵਾਰ ਤਿੰਨ ਸਾਲ ਸਰਬਸੰਮਤੀ ਨਾਲ਼ ਬਲਾਕ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਸਰਬਜੀਤ ਕੌਰ ਕੋਟਲ਼ਾ ਨੂੰ ਮੀਤ ਪ੍ਰਧਾਨ, ਸੰਦੀਪ ਕੌਰ ਰਾਜਾਸਾਂਸੀ ਖਜ਼ਾਨਚੀ, ਅਮਨਦੀਪ ਕੌਰ ਲਦੇਹ ਸਕੱਤਰ ਤੇ ਹਰਜਿੰਦਰ ਕੌਰ ਰਾਜਾਸਾਂਸੀ ਨੂੰ ਸਲਾਹਕਾਰ ਚੁਣਿਆ ਗਿਆ | ਇਸ ਮੀਟਿੰਗ ਦੌਰਾਨ ਵਰਕਰ ਹੈਲਪਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਬਲਾਕ ਪ੍ਰਧਾਨ ਨਿਰਮਲ ਕੌਰ ਵਰਨਾਲੀ ਵਲੋਂ ਵਿਭਾਗ ਦੇ ਮੰਤਰੀ ਡਾ: ਬਲਬੀਰ ਕੌਰ ਦੀ ਕੋਠੀ ਘਿਰਾਓ ਕਰਨ ਸਬੰਧੀ 1 ਮਾਰਚ ਨੂੰ ਮਲੋਟ ਵਿਖੇ ਪੁਹੰਚਣ ਲਈ ਸਮੂਹ ਹੈਲਪਰਾਂ ਵਰਕਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ |