ਅੰਮਿ੍ਤਸਰ, 2 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ ਦੇ ਮੰਦਰ ਜੈ ਕ੍ਰਿਸ਼ਨੀਆ ਚੌਂਕ ਪਾਸੀਆਂ, ਮੰਦਰ ਰਾਧਾ ਕਿ੍ਸ਼ਨ ਅਤੇ ਕਸ਼ਮੀਰੀ ਸ਼ਿਵਾਲਾ 'ਚ ਮਹਾਂਪੁਰਸ਼ਾਂ ਦੀ ਦੇਖ-ਰੇਖ ਹੇਠ ਹੋਲੀ ਦੇ ਪਾਵਨ ਮੌਕੇ ਵਿਸ਼ੇਸ਼ ਸਮਾਗਮ ਕਰਵਾਏ ਗਏ | ਇਸ ਸਮਾਗਮ ਵਿਚ ਪੰਜਾਬ ਐਗਰੋ ਐਕਸਪੋਰਟ ਐਂਡ ਸੇਲਜ਼ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਸੰਜੀਵ ਅਰੋੜਾ ਮੁੱਖ ਮਹਿਮਾਨ ਵਜੋਂ ਪਹੁੰਚੇ | ਸਮਾਗਮ ਦੌਰਾਨ ਸੰਗਤਾਂ ਨੇ ਇਕੱਠੇ ਹੋ ਕੇ ਫੁੱਲਾਂ ਅਤੇ ਰੰਗਾਂ ਦੀ ਹੋਲੀ ਮਨਾਈ | ਭਗਤਾਂ ਵਲੋਂ ਪ੍ਰਭੂ ਦੇ ਗੁਣ ਗਾਏ ਗਏ ਅਤੇ ਪ੍ਰੇਮ, ਸ਼ਰਧਾ ਤੇ ਭਾਈਚਾਰੇ ਦਾ ਸੁਨੇਹਾ ਦਿੱਤਾ ਗਿਆ | ਸੰਜੀਵ ਅਰੋੜਾ ਨੇ ਸੰਬੋਧਨ ਕਰਦੇ ਕਿਹਾ ਕਿ ਹੋਲੀ ਸਿਰਫ਼ ਰੰਗਾਂ ਦਾ ਤਿਉਹਾਰ ਨਹੀਂ, ਸਗੋਂ ਇਹ ਪ੍ਰੇਮ, ਸ਼ਰਧਾ ਅਤੇ ਸਦਭਾਵਨਾ ਦਾ ਪ੍ਰਤੀਕ ਹੈ | ਇਹ ਅਧਰਮ 'ਤੇ ਧਰਮ ਦੀ ਜਿੱਤ ਦਾ ਤਿਉਹਾਰ ਹੈ | ਉਨ੍ਹਾਂ ਕਿਹਾ ਕਿ ਸਾਰੇ ਭੇਦਭਾਵ ਭੁਲਾ ਕੇ ਇਕ ਦੂਜੇ ਨਾਲ ਪ੍ਰੇਮ ਅਤੇ ਸਦਭਾਵਨਾ ਨਾਲ ਰਹਿਣਾ ਹੀ ਪ੍ਰਭੂ ਦੀ ਅਸਲੀ ਸੇਵਾ ਅਤੇ ਇਨਸਾਨੀਅਤ ਦਾ ਰਸਤਾ ਹੈ | ਸਾਨੂੰ ਸਾਰਿਆਂ ਨੂੰ ਮਿਲਜੁਲ ਕੇ ਰਹਿਣਾ ਅਤੇ ਸਮਾਜ ਵਿਚ ਏਕਤਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ | ਇਸ ਮੌਕੇ ਸੰਜੀਵ ਅਰੋੜਾ ਨੂੰ ਸਿਰਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦਰਸ਼ਨਾਚਾਰੀਆ ਡਾ. ਸਾਗਰ ਮੁਨੀ ਸ਼ਾਸਤਰੀ, ਅਰੁਣ ਰਾਜਪੂਤ, ਅੰਜਨਾ ਲੂਥਰਾ, ਅਨੀਤਾ ਸ਼ਰਮਾ, ਖੂਬੀ ਰਾਮ, ਰਵਿੰਦਰ ਕਾਲਾ, ਅਜੇ ਅਰੋੜਾ, ਵਿਪਨ ਆਨੰਦ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ |