ਅੰਮਿ੍ਤਸਰ, 3 ਮਾਰਚ (ਜਸਵੰਤ ਸਿੰਘ ਜੱਸ)-ਅੰਮਿ੍ਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਯੁਕਤ ਅਰਬ ਅਮੀਰਾਤ ਯੂ.ਏ.ਈ. ਵਿਚ ਫਸੇ ਵੱਡੀ ਗਿਣਤੀ 'ਚ ਭਾਰਤੀ ਨਾਗਰਿਕਾਂ, ਖ਼ਾਸ ਕਰਕੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਨੂੰ ਪੱਤਰ ਲਿਖ ਕੇ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ | ਔਜਲਾ ਨੇ ਮੰਤਰੀ ਦਾ ਧਿਆਨ ਸ਼ਾਰਜਾਹ, ਦੁਬਈ ਅਤੇ ਅਬੂਧਾਬੀ ਵਿਚ ਫਸੇ ਯਾਤਰੀਆਂ ਦੀ ਗੰਭੀਰ ਸਥਿਤੀ ਵੱਲ ਦਿਵਾਉਂਦੇ ਹੋਏ ਅੰਮਿ੍ਤਸਰ ਲਈ ਵਿਸ਼ੇਸ਼ ਸਿੱਧੀਆਂ ਰਾਹਤ ਉਡਾਣਾਂ ਚਲਾਉਣ ਦੀ ਅਪੀਲ ਕੀਤੀ | ਲਿਖੇ ਪੱਤਰ ਵਿਚ ਔਜਲਾ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਭਾਵਿਤ ਪਰਿਵਾਰਾਂ ਵਲੋਂ ਕਈ ਅਰਜ਼ੀਆਂ ਮਿਲੀਆਂ ਹਨ, ਜਿਨ੍ਹਾਂ ਵਿਚ ਫਸੇ ਹੋਏ ਆਪਣੇ ਪਿਆਰਿਆਂ ਦੀ ਸੁਰੱਖਿਆ ਅਤੇ ਵਾਪਸੀ ਲਈ ਗੁਹਾਰ ਲਗਾਈ ਗਈ ਹੈ | ਫਸੇ ਹੋਏ ਲੋਕਾਂ ਵਿਚ ਬਜ਼ੁਰਗ, ਔਰਤਾਂ, ਛੋਟੇ ਬੱਚੇ, ਸੈਲਾਨੀ ਅਤੇ ਪੱਛਮੀ ਦੇਸ਼ਾਂ ਤੋਂ ਪਰਤ ਰਹੇ ਉਹ ਟ੍ਰਾਂਜ਼ਿਟ ਯਾਤਰੀ ਸ਼ਾਮਿਲ ਹਨ, ਜੋ ਮੌਜੂਦਾ ਅਨਿਸ਼ਚਿਤਤਾ ਕਾਰਨ ਆਪਣੇ ਘਰਾਂ ਤੱਕ ਨਹੀਂ ਪਹੁੰਚ ਪਾ ਰਹੇ | ਇਹ ਲੋਕ ਨਾ ਸਿਰਫ਼ ਵਿੱਤੀ ਮੁਸ਼ਕਿਲਾਂ ਅਤੇ ਸਿਹਤ ਸੰਬੰਧੀ ਚਿੰਤਾਵਾਂ ਨਾਲ ਜੂਝ ਰਹੇ ਹਨ, ਸਗੋਂ ਇਸ ਅਨਿਸ਼ਚਿਤਤਾ ਕਾਰਨ ਭਾਰੀ ਮਾਨਸਿਕ ਤਣਾਅ ਵਿਚ ਵੀ ਹਨ | ਸਾਂਸਦ ਨੇ ਸੁਝਾਓ ਦਿੱਤਾ ਕਿ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਅਤੇ ਇੰਡੀਗੋ ਵਰਗੀਆਂ ਭਾਰਤੀ ਏਅਰਲਾਈਨਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਜਾਣ | ਉਨ੍ਹਾਂ ਨੇ ਮੰਤਰਾਲੇ ਨੂੰ ਅਪੀਲ ਕੀਤੀ ਕਿ ਯੂ.ਏ.ਈ. ਦੇ ਹਵਾਬਾਜ਼ੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਜਲਦ ਤੋਂ ਜਲਦ ਇਹ ਉਡਾਣਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਲੋਕ ਹਿੱਤ ਦੇ ਇਸ ਗੰਭੀਰ ਮਾਮਲੇ ਦਾ ਹੱਲ ਹੋ ਸਕੇ |