ਮਾਨਾਂਵਾਲਾ, 3 ਮਾਰਚ (ਗੁਰਦੀਪ ਸਿੰਘ ਨਾਗੀ)-ਆਲ ਇੰਡੀਆ ਪਿੰਗਲਵਾੜਾ ਚੇਰੀਟੇਬਲ ਸੁਸਾਇਟੀ, ਅੰਮਿ੍ਤਸਰ ਦੇ ਬਾਨੀ ਤੇ ਯੁੱਗਪੁਰਸ਼ ਭਗਤ ਪੂਰਨ ਸਿੰਘ, ਜਿਨ੍ਹਾਂ ਨੇ ਤਾਉਮਰ ਲਾਵਾਰਿਸਾਂ, ਪਾਗਲਾਂ, ਅਪਾਹਜਾਂ ਤੇ ਬੀਮਾਰਾਂ ਦੀ ਸੇਵਾ 'ਚ ਲੰਘਾਈ, ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਪਿੰਗਲਵਾੜਾ ਸੰਸਥਾ ਵਲੋਂ ਮਾਨਵਤਾ ਦੀ ਸੇਵਾ ਕਰਦਿਆਂ ਸੰਗਤ ਦੇ ਸਹਿਯੋਗ ਨਾਲ ਨਿੱਤ ਨਵੀਂਆਂ ਪੁਲਾਂਘਾ ਪੁੱਟੀਆਂ ਜਾ ਰਹੀਆਂ ਹਨ ਅਤੇ ਇਸੇ ਲੜੀ ਤਹਿਤ ਪਿੰਗਲਵਾੜਾ ਸੰਸਥਾ ਵਲੋਂ ਲਾਵਾਰਿਸ ਮਰੀਜ਼ਾਂ ਲਈ ਸਿਵਲ ਹਸਪਤਾਲ ਮੋਹਾਲੀ ਵਿਖੇ ਤੀਸਰੀ ਭਗਤ ਪੂਰਨ ਸਿੰਘ ਵਾਰਡ ਸ਼ੁਰੂ ਕੀਤੀ ਗਈ ਹੈ | ਇਸ ਸੰਬੰਧੀ ਸੰਸਥਾ ਦੇ ਮਾਨਾਂਵਾਲਾ ਕੈਂਪਸ 'ਚ ਗੱਲਬਾਤ ਕਰਦਿਆਂ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਬੀਤੇ ਵਰ੍ਹੇ ਭਗਤ ਪੂਰਨ ਸਿੰਘ ਦੀ 33ਵੀਂ ਬਰਸੀ ਮੌਕੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ, ਅੰਮਿ੍ਤਸਰ ਅਤੇ ਸ੍ਰੀ ਗੁਰੂ ਰਾਮ ਦਾਸ ਹਸਪਤਾਲ ਵੱਲਾ ਅੰਮਿ੍ਤਸਰ ਵਿਖੇ ਦੋ ਭਗਤ ਪੂਰਨ ਸਿੰਘ ਵਾਰਡਾਂ ਖੋਲ੍ਹੀਆਂ ਗਈਆਂ ਸਨ, ਜਿੱਥੇ ਲਾਵਾਰਿਸ ਮਰੀਜ਼ਾਂ ਨੂੰ ਦਾਖਲ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਮੋਹਾਲੀ ਦੇ ਡਾਕਟਰਾਂ ਦੀ ਐਸੋਸੀਏਸ਼ਨ ਨੇ 'ਹੈਲਪਿੰਗ ਹੈਾਡ' ਸੰਸਥਾ ਬਣਾਈ ਹੋਈ ਹੈ, ਜੋ ਲਾਵਾਰਿਸ ਮਰੀਜ਼ਾਂ ਦਾ ਇਲਾਜ ਕਰਦੀ ਹੈ ਪਰ ਡਾਕਟਰਾਂ ਦੀ ਐਸੋਸੀਏਸ਼ਨ ਕੋਲ ਮਰੀਜ਼ਾਂ ਦੀ ਸਾਂਭ-ਸੰਭਾਲ ਦਾ ਪ੍ਰਬੰਧ ਨਾ ਹੋਣ ਕਰਕੇ ਉਨ੍ਹਾਂ ਪਿੰਗਲਵਾੜਾ ਸੰਸਥਾ ਦੀ ਬ੍ਰਾਂਚ ਪਲਸੌਰਾ ਵਿਖੇ ਤਾਲਮੇਲ ਕੀਤਾ ਤਾਂ ਅਸੀਂ ਤੁਰੰਤ ਸਿਵਲ ਹਸਪਤਾਲ ਮੋਹਾਲੀ ਵਿਖੇ ਪੰਜ ਬਿਸਤਰਿਆਂ ਵਾਲੀ ਭਗਤ ਪੂਰਨ ਸਿੰਘ ਵਾਰਡ ਖੋਲ੍ਹਣ ਦਾ ਫ਼ੈਸਲਾ ਕੀਤਾ ਅਤੇ ਬੀਤੇ ਕੱਲ੍ਹ ਹੀ ਇਸ ਵਾਰਡ ਦਾ ਰਸਮੀ ਉਦਘਾਟਨ ਕਰ ਦਿੱਤਾ ਗਿਆ ਹੈ | ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਨੇ 1927 ਤੋਂ ਆਰੰਭੀ ਵਾਤਾਵਰਨ ਸੰਭਾਲ ਮੁਹਿੰਮ ਦੇ 100 ਸਾਲ ਪੂਰੇ ਹੋਣ 'ਤੇ ਪਿੰਗਲਵਾੜਾ ਸੰਸਥਾ ਵਲੋਂ 'ਵਾਤਾਵਰਨ ਜਾਗਰੂਕਤਾ ਸ਼ਤਾਬਦੀ' ਵੀ ਮਨਾਈ ਜਾ ਰਹੀ ਹੈ, ਜਿਸਦੇ ਚੱਲਦਿਆਂ ਸੰਸਥਾ ਵਲੋਂ ਅਨੇਕਾਂ ਪ੍ਰੋਗਰਾਮ ਉਲੀਕੇ ਗਏ ਹਨ, ਜੋ ਸਾਰਾ ਸਾਲ ਚੱਲਦੇ ਰਹਿਣਗੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਵਾਤਾਵਰਨ ਸੰਭਾਲ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਭਗਤ ਪੂਰਨ ਸਿੰਘ ਵਲੋਂ 100 ਸਾਲ ਪਹਿਲਾਂ ਆਉਣ ਵਾਲੀਆਂ ਚੁਣੌਤੀਆਂ ਤੋਂ ਅਗਾਹ ਕਰਨ ਤੇ ਪ੍ਰਗਟਾਈ ਗਈ ਚਿੰਤਾ ਤੋਂ ਜਾਗਰੂਕ ਕੀਤਾ ਜਾਵੇਗਾ |