ਅੰਮਿ੍ਤਸਰ, 10 ਮਾਰਚ (ਰੇਸ਼ਮ ਸਿੰਘ)-ਗੁਰਦਿਆਂ ਦੀ ਬਿਮਾਰੀ ਜੋ ਕਿ ਪਹਿਲਾਂ ਬਜ਼ੁਰਗਾਂ ਦੀ ਬਿਮਾਰੀ ਮੰਨੀ ਜਾਂਦੀ ਸੀ ਹੁਣ ਇਸ ਦੀ ਲਪੇਟ 'ਚ 20 ਤੋਂ 40 ਸਾਲ ਤੱਕ ਦੇ ਨੌਜਵਾਨ ਵੀ ਆ ਰਹੇ ਹਨ ਅਤੇ ਇਸ ਲਈ ਹਾਈ ਪ੍ਰੋਟੀਨ ਤੇ ਸਪਲੀਮੈਂਟ ਲੈਣ ਵਾਲੇ ਹੁਣ ਨੌਜਵਾਨਾਂ ਨੂੰ ਇਸ ਤੋਂ ਚੌਕਸ ਤੇ ਸਾਵਧਾਨ ਹੋਣ ਦੀ ਲੋੜ ਹੈ | ਇਹ ਪ੍ਰਗਟਾਵਾ ਫੋਰਟਿਸ ਐਸਕਾਰਟ ਹਸਪਤਾਲ ਦੇ ਮਾਹਿਰ ਡਾ. ਗੌਰਵ ਸਿੰਗਲਾ ਸਲਾਹਕਾਰ ਨੈਫਰੋਲੋਜੀ, ਡਾ. ਫਯਾਜ਼ ਅਹਿਮਦ ਵਾਨੀ, ਡਾ. ਸਾਗਰ ਸੱਭਰਵਾਲ ਐਡੀਸ਼ਨਲ ਡਾਇਰੈਕਟਰ ਯੂਰੋਲੋਜੀ ਅਤੇ ਡਾ. ਮਨਬੀਰ ਸਿੰਘ, ਕੰਸਲਟੇਂਟ ਯੂਰੋਲੋਜੀ ਨੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਕਰਵਾਏ ਪ੍ਰੋਗਰਾਮ 'ਚ ਕੀਤਾ | ਉਨ੍ਹਾਂ ਦੱਸਿਆ ਕਿ ਆਰਾਮਦਈ ਜੀਵਨ ਸ਼ੈਲੀ, ਉੱਚ ਤਣਾਅ ਦੇ ਪੱਧਰ ਅਤੇ ਨਮਕ, ਖੰਡ ਅਤੇ ਗ਼ੈਰ-ਸਿਹਤਮੰਦ ਚਰਬੀ ਨਾਲ ਭਰਪੂਰ ਪ੍ਰੋਸੈਸਡ ਖਾਣੇ ਦਾ ਵਿਆਪਕ ਸੇਵਨ ਇਨ੍ਹਾਂ ਸਥਿਤੀਆਂ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ | ਖਾਸ ਤੌਰ 'ਤੇ ਜ਼ਿਆਦਾ ਨਮਕ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ, ਜੋ ਸਮੇਂ ਦੇ ਨਾਲ ਗੁਰਦਿਆਂ ਵਿਚ ਨਾਜ਼ੁਕ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਫਿਲਟਰ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਘਟਾਉਂਦਾ ਹੈ | ਹਾਈ-ਪ੍ਰੋਟੀਨ ਜਾਂ ਜੜੀ-ਬੂਟੀਆਂ ਦੇ ਸਪਲੀਮੈਂਟ, ਜੋ ਅਕਸਰ ਬਿਨਾਂ ਮਾਰਗਦਰਸ਼ਨ ਦੇ ਲਏ ਜਾਂਦੇ ਹਨ, ਗੁਰਦਿਆਂ 'ਤੇ ਬੇਲੋੜਾ ਦਬਾਅ ਪਾ ਸਕਦੇ ਹਨ | ਇਸੇ ਤਰ੍ਹਾਂ ਲੰਬੇ ਸਮਾਂ ਕੰਮ ਦੇ ਘੰਟੇ, ਲਗਾਤਾਰ ਸਫਰ ਵਿਚ ਰਹਿਣਾ ਅਤੇ ਪਾਣੀ ਦੀ ਘਾਟ ਵਾਲੇ ਵਿਅਕਤੀਆਂ ਵਿਚ ਆਮ ਹੋ ਜਾਂਦਾ ਹੈ ਅਤੇ ਇਹ ਸਥਿਤੀ ਗੁਰਦਿਆਂ 'ਤੇ ਹੋਰ ਬੋਝ ਪਾ ਸਕਦੀ ਹੈ | 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਅਤੇ ਗੁਰਦੇ ਦੀ ਬਿਮਾਰੀ ਦੇ ਪਰਿਵਾਰਕ ਇਤਿਹਾਸ ਵਾਲੇ ਵਿਅਕਤੀਆਂ ਨੂੰ ਵੀ ਗੁਰਦੇ ਦੇ ਕੰਮ ਵਿਚ ਕਿਸੇ ਵੀ ਸ਼ੁਰੂਆਤੀ ਤਬਦੀਲੀ ਦਾ ਪਤਾ ਲਗਾਉਣ ਲਈ ਸਮੇਂ-ਸਮੇਂ 'ਤੇ ਜਾਂਚ ਕਰਵਾਉਣੀ ਚਾਹੀਦੀ ਹੈ | ਇਸ ਲਈ ਨਿਯਮਤ ਕਸਰਤ, ਸਿਹਤਮੰਦ ਭਾਰ ਬਣਾਈ ਰੱਖਣਾ, ਸੀਮਤ ਨਮਕ ਦੇ ਸੇਵਨ ਨਾਲ ਸੰਤੁਲਿਤ ਖੁਰਾਕ ਲੈਣਾ, ਲੋੜੀਂਦਾ ਪਾਣੀ ਪੀਣਾ ਅਤੇ ਬੇਲੋੜੀਆਂ ਦਵਾਈਆਂ ਤੋਂ ਬਚਣਾ ਗੁਰਦੇ ਦੇ ਕੰਮ ਨੂੰ ਸੁਰੱਖਿਅਤ ਰੱਖਣ ਵਿਚ ਬਹੁਤ ਮਦਦ ਕਰ ਸਕਦਾ ਹੈ |