ਰਾਜਾਸਾਂਸੀ, 8 ਅਪ੍ਰੈਲ (ਹਰਦੀਪ ਸਿੰਘ ਖੀਵਾ)-ਕਸਬਾ ਰਾਜਾਸਾਂਸੀ ਵਿਖੇ ਪੁਰਾਣੀ ਰੰਜਿਸ਼ ਤਹਿਤ ਇਕ ਘਰ ਪਰਿਵਾਰ 'ਤੇ ਦੂਜੀ ਧਿਰ ਵਲੋਂ ਹਮਲਾ ਕਰਕੇ ਘਰ ਦੀ ਭੰਨਤੋੜ ਤੇ ਘਰ 'ਚ ਇੱਕਲੀ ਔਰਤ ਨੂੰ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਵਿਚ ਪੀੜਤ ਪਰਿਵਾਰ ਨੇ ਥਾਣਾ ਰਾਜਾਸਾਂਸੀ ਦੀ ਪੁਲਿਸ ਵਲੋਂ ਇਸ ਮਾਮਲੇ ਨੂੰ ਅਣਗੌਲਿਆਂ ਕਰਕੇ ਕੋਈ ਵੀ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼ | ਇਸ ਸੰਬੰਧੀ ਪੀੜਤ ਹਰਜੀਤ ਸਿੰਘ ਵਾਸੀ ਵਾਰਡ ਨੰਬਰ 9, ਰਾਜਾਸਾਂਸੀ ਨੇ ਆਪਣੇ ਗੁਆਂਢ 'ਚ ਰਹਿੰਦੇ ਸਾਵਨ, ਰਿੰਕੂ, ਸਾਜਨ ਅਤੇ ਰਿੰਪੀ ਦੇ ਪਰਿਵਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਬੀਤੇ ਦਿਨੀਂ ਮੇਰੀ ਪਤਨੀ ਸੰਗੀਤਾ ਰਾਤ ਸਮੇਂ ਘਰ 'ਚ ਇਕੱਲੀ ਸੀ ਅਤੇ ਸਾਰੇ ਵਿਅਕਤੀ ਤੇ ਔਰਤਾਂ ਵਲੋਂ ਆਪਣੇ ਹੋਰ ਦਰਜਨ ਦੇ ਕਰੀਬ ਸਮਰਥਕਾਂ ਵਲੋਂ ਸਾਡੇ ਘਰ 'ਚ ਦਾਖਲ ਹੋ ਕੇ ਮੇਰੀ ਪਤਨੀ ਨਾਲ ਕੁੱਟਮਾਰ ਕੀਤੀ ਉੱਥੇ ਹੀ ਪਹਿਲਾਂ ਘਰ ਦੇ ਸੀ.ਸੀ. ਟੀ. ਵੀ. ਕੈਮਰੇ ਤੋੜ ਕੇ ਫਿਰ ਅੰਦਰ ਲੱਗਾ ਮੋਟਰਸਾਈਕਲ, ਪਾਣੀ ਸਾਫ ਕਰਨ ਵਾਲਾ ਆਰ. ਓ. ਸਮੇਤ ਘਰ ਦੇ ਸਾਰੇ ਸਾਮਾਨ ਦੀ ਭੰਨਤੋੜ ਕੀਤੀ ਅਤੇ ਮੇਰੀ ਪਤਨੀ ਦੀ ਕੁੱਟਮਾਰ ਕੀਤੀ ਅਤੇ ਗਾਲੀ ਗਲੋਚ ਵੀ ਕੀਤਾ ਜੋ ਗੰਭੀਰ ਜ਼ਖ਼ਮੀ ਹੋ ਗਈ, ਇਸ ਸੰਬੰਧੀ ਹਰਜੀਤ ਸਿੰਘ ਦੀ ਪਤਨੀ ਸੰਗੀਤਾ ਨੇ ਵੀ ਦੱਸਿਆ ਕਿ ਉਹ ਘਰ ਵਿਚ ਇਕੱਲੀ ਸੀ ਅਤੇ ਸਾਡੇ ਗੁਆਂਢੀਆਂ ਵਲੋਂ ਸਾਡੇ ਘਰ ਦੇ ਬੂਹੇ ਸਾਹਮਣੇ ਗੱਡੀ ਖੜ੍ਹੀ ਕੀਤੀ ਗਈ, ਜਿਸ 'ਤੇ ਮੈਂ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਇੱਥੇ ਗੱਡੀ ਖੜ੍ਹੀ ਨਾ ਕਰੋ ਇਸ ਜਗ੍ਹਾ 'ਤੇ ਰਾਤ ਨੂੰ ਸਾਡੀ ਗੱਡੀ ਖੜਨੀ ਹੈ, ਪਰ ਦੂਜੀ ਉਕਤ ਧਿਰ ਵਲੋਂ ਮੇਰੇ ਘਰ ਦਾ ਗੇਟ ਤੋੜ ਕੇ ਅੰਦਰ ਵੜੇ ਅਤੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਘਰ ਦਾ ਸਾਰਾ ਸਾਮਾਨ ਵੀ ਤੋੜ ਦਿੱਤਾ | ਇਸ ਸੰਬੰਧੀ ਥਾਣਾ ਰਾਜਸਾਂਸੀ ਵਿਖੇ ਦਰਖਾਸਤ ਦੇ ਦਿੱਤੀ ਸੀ ਪਰ ਕਰੀਬ 18-20 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵਲੋਂ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਗਈ | ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲ ਗੁਹਾਰ ਲਗਾਉਂਦਿਆਂ ਇਨਸਾਫ ਦੀ ਮੰਗ ਕੀਤੀ ਹੈ | ਇਸ ਸੰਬੰਧੀ ਦੂਜੀ ਧਿਰ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਉੱਪਰ ਜੋ ਵੀ ਦੋਸ਼ ਲਗਾਏ ਗਏ ਹਨ ਉਹ ਬੇ-ਬੁਨਿਆਦ ਹਨ ਅਤੇ ਉਨ੍ਹਾਂ ਵਲੋਂ ਵੀ ਥਾਣਾ ਰਾਜਾਸਾਂਸੀ ਵਿਖੇ ਦਰਖਾਸਤ ਦਿੱਤੀ ਹੋਈ ਹੈ | ਜਦ ਇਸ ਸੰਬੰਧੀ ਜਾਂਚ ਅਧਿਕਾਰੀ ਥਾਣੇਦਾਰ ਦਿਲਬਾਗ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਦੋਵਾਂ ਧਿਰਾਂ ਦੀਆਂ ਦਰਖਾਸਤ ਮਿਲੀਆਂ ਹਨ ਜੋ ਤੱਥ ਸਾਹਮਣੇ ਆਉਣਗੇ ਬਿਨਾਂ ਭੇਦਭਾਵ ਨਿਰਪੱਖ ਕਾਰਵਾਈ ਕੀਤੀ ਜਾਵੇਗੀ |