19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ੍ਰੀ ਪੰਜਾ ਸਾਹਿਬ ਵਿਖੇ 13 ਨੂੰ ਸਜਾਇਆ ਜਾਵੇਗਾ ਨਗਰ ਕੀਰਤਨ

Ad Position 21
No active advertisement
ਅਜੀਤ ਡੈਸਕ 09-04-2026
ਅੰਮਿ੍ਤਸਰ, 8 ਅਪ੍ਰੈਲ (ਸੁਰਿੰਦਰ ਕੋਛੜ)-327ਵੇਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਾਕਿਸਤਾਨ ਦੇ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਸ਼ਹਿਰ 'ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ 13 ਅਪ੍ਰੈਲ ਦੀ ਸ਼ਾਮ ਪਾਕਿਸਤਾਨੀ ਸਮੇਂ ਮੁਤਾਬਿਕ ਲਗਭਗ 5.30 ਵਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਗੁਰਦੁਆਰਾ ਸਾਹਿਬ ਦੀ ਪਰਿਕਰਮਾ 'ਚ ਸਜਾਇਆ ਜਾਵੇਗਾ | ਹਸਨ ਅਬਦਾਲ ਤੋਂ 'ਅਜੀਤ' ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪਾਕਿ ਸਿੱਖ ਆਗੂ ਸੰਤੋਖ ਸਿੰਘ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਕਿ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਦੇ ਮੱਦੇਨਜ਼ਰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਸਮੇਤ ਪਾਕਿ ਦੇ ਹੋਰਨਾਂ ਇਤਿਹਾਸਕ ਗੁਰਦੁਆਰਿਆਂ ਦੇ ਅੰਦਰ ਬਾਹਰ ਰੰਗ ਬਿਰੰਗੇ ਖ਼ੁਸ਼ਬੂਦਾਰ ਅਤੇ ਸਜਾਵਟੀ ਫੁੱਲਾਂ ਅਤੇ ਰੌਸ਼ਨੀਆਂ ਨਾਲ ਅਲੌਕਿਕ ਸਜਾਵਟ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਰੰਗ-ਰੋਗਣ ਕਰਕੇ ਗੁਰਦੁਆਰਾ ਸਾਹਿਬ ਦੇ ਪ੍ਰਵੇਸ਼ ਦੁਆਰ, ਡਿਓੜੀਆਂ, ਸਰੋਵਰ, ਦੀਵਾਨ ਹਾਲ ਅਤੇ ਪ੍ਰਕਾਸ਼ ਅਸਥਾਨ ਸਮੇਤ ਹੋਰਨਾਂ ਭਵਨਾਂ ਨੂੰ ਵਿਲੱਖਣ ਦਿੱਖ ਦਿੱਤੀ ਜਾ ਰਹੀ ਹੈ | ਸਤਵੰਤ ਸਿੰਘ ਨੇ ਦੱਸਿਆ ਕਿ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 12 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਸਵੇਰੇ 9 ਵਜੇ ਅਖੰਡ ਪਾਠ ਦੀ ਆਰੰਭਤਾ ਹੋਵੇਗੀ ਅਤੇ 14 ਅਪ੍ਰੈਲ ਨੂੰ ਸਵੇਰੇ 9.30 ਵਜੇ ਸੰਪੂਰਨਾ ਹੋਵੇਗੀ |
ਭਲਕੇ ਪਾਕਿ ਰਵਾਨਾ ਹੋਵੇਗਾ ਜਥਾ
ਖ਼ਾਲਸਾ ਸਾਜਨਾ ਦਿਵਸ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਜਾਰੀ ਸ਼ਡਿਊਲ ਮੁਤਾਬਿਕ 10 ਅਪ੍ਰੈਲ ਨੂੰ ਭਾਰਤੀ ਯਾਤਰੂਆਂ ਦੇ ਅਟਾਰੀ ਸਰਹੱਦ ਰਾਹੀਂ ਸੜਕ ਰਸਤੇ ਪੈਦਲ ਵਾਹਗਾ ਪਹੁੰਚਣ 'ਤੇ ਉੱਥੋਂ ਯਾਤਰੂਆਂ ਨੂੰ ਭਾਰੀ ਸੁਰੱਖਿਆ ਹੇਠ ਸਿੱਧਾ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਲਿਜਾਇਆ ਜਾਵੇਗਾ | ਜਿੱਥੇ 11 ਅਪ੍ਰੈਲ ਨੂੰ ਯਾਤਰੂ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ ਅਤੇ 12 ਅਪ੍ਰੈਲ ਨੂੰ ਜਥਾ ਫਾਰੂਕਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕਰਨ ਪਹੁੰਚੇਗਾ | ਉਸੇ ਰਾਤ ਜਥਾ ਬੱਸਾਂ ਰਾਹੀਂ ਹਸਨ ਅਬਦਾਲ ਪਹੁੰਚੇਗਾ ਅਤੇ 13 ਅਪ੍ਰੈਲ ਨੂੰ ਯਾਤਰੂ ਪੀਰ ਵਲੀ ਕੰਧਾਰੀ ਦੀ ਮਜ਼ਾਰ 'ਤੇ ਮੱਥਾ ਟੇਕਣ ਜਾਣਗੇ | 14 ਅਪ੍ਰੈਲ ਨੂੰ ਵਿਸਾਖੀ ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਰੱਖੇ ਅਖੰਡ ਪਾਠ ਦੇ ਭੋਗ ਉਪਰੰਤ 15 ਅਪ੍ਰੈਲ ਨੂੰ ਜਥਾ ਜ਼ਿਲ੍ਹਾ ਨਾਰੋਵਾਲ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚੇਗਾ | ਉੱਥੇ ਰਾਤ ਰੁਕਣ ਉਪਰੰਤ ਯਾਤਰੂ 17 ਅਪ੍ਰੈਲ ਨੂੰ ਏਮਨਾਬਾਦ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ | ਉਸੇ ਰਾਤ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਪਹੁੰਚਣ ਉਪਰੰਤ ਯਾਤਰੂ 18 ਅਪ੍ਰੈਲ ਨੂੰ ਲਾਹੌਰ ਦੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ ਅਤੇ 19 ਅਪ੍ਰੈਲ ਨੂੰ ਉਨ੍ਹਾਂ ਨੂੰ ਭਾਰਤ ਲਈ ਰਵਾਨਾ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਘਰ ਦੀ ਭੰਨਤੋੜ ਤੇ ਔਰਤ 'ਤੇ ਜਾਨਲੇਵਾ ਹਮਲਾ ਕਰਨ ਦੇ ਲਗਾਏ ਦੋਸ਼, ਦੂਜੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ <br/> ਅਗਲੀ ਖ਼ਬਰ ਸ਼ਹੀਦਾਂ ਦੀ ਧਰਤੀ ਸੰਗਰੂਰ ਨੂੰ 'ਸਿਉਂਕ' ਕਹਿਣਾ ਬਾਜਵਾ ਦੀ ਘਟੀਆ ਮਾਨਸਿਕਤਾ ਦੀ ਉਪਜ-ਧਾਲੀਵਾਲ <br/>
Ad Position 24