ਅੰਮਿ੍ਤਸਰ, 12 ਅਪ੍ਰੈਲ (ਹਰਮਿੰਦਰ ਸਿੰਘ)-ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਲੋਕ ਸਭਾ 'ਚ 'ਨਾਰੀ ਸ਼ਕਤੀ ਵੰਦਨ' ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ, ਭਾਜਪਾ ਪੰਜਾਬ ਦੀ ਸਕੱਤਰ ਤੇ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਸਾਬਕਾ ਪ੍ਰਧਾਨ ਮੀਨੂੰ ਸੇਠੀ ਨੇ ਬਿੱਲ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਮਹਿਲਾ ਸਸ਼ਕਤੀਕਰਨ ਵੱਲ ਇਕ ਮਜ਼ਬੂਤ ਅਤੇ ਮਹੱਤਵਪੂਰਨ ਕਦਮ ਹੈ | ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਬਿੱਲ ਔਰਤਾਂ ਦੇ ਆਤਮਵਿਸ਼ਵਾਸ ਤੇ ਭਾਗੀਦਾਰੀ ਨੂੰ ਵਧਾਉਣ ਲਈ ਇਕ ਸ਼ਕਤੀਸ਼ਾਲੀ ਸਾਧਨ ਹੋਵੇਗਾ | ਇਸ ਮੌਕੇ ਏਕਤਾ ਵੋਹਰਾ, ਸੁਨੀਤਾ ਕੁਮਾਰੀ ਅਤੇ ਹੋਰ ਵੀ ਮੌਜੂਦ ਸਨ | ਮੀਨੂੰ ਸੇਠੀ ਨੇ ਕਿਹਾ ਕਿ ਸੰਸਦ ਦਾ ਇਹ ਫ਼ੈਸਲਾ ਔਰਤਾਂ ਦੀ ਰਾਜਨੀਤਿਕ ਭਾਗੀਦਾਰੀ ਨੂੰ ਨਵਾਂ ਹੁਲਾਰਾ ਦੇਵੇਗਾ ਅਤੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿਚ ਉਨ੍ਹਾਂ ਦਾ ਸਹੀ ਸਥਾਨ ਯਕੀਨੀ ਬਣਾਏਗਾ | ਇਹ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿਚ ਇਕ ਮੀਲ ਪੱਥਰ ਸਾਬਤ ਹੋਵੇਗਾ | ਮੀਨੂ ਸੇਠੀ ਨੇ ਕਿਹਾ ਕਿ ਇਸ ਨਾਲ ਲੋਕ ਸਭਾ ਵਿਚ ਮੈਂਬਰਾਂ ਦੀ ਗਿਣਤੀ ਮੌਜੂਦਾ 543 ਤੋਂ ਵਧਾ ਕੇ 816 ਹੋ ਸਕਦੀ ਹੈ | ਸਾਰੇ ਰਾਜਾਂ ਵਿਚ ਲੋਕ ਸਭਾ ਤੇ ਵਿਧਾਨ ਸਭਾ ਸੀਟਾਂ ਦੀ ਗਿਣਤੀ ਵਿਚ 50 ਪ੍ਰਤੀਸ਼ਤ ਵਾਧਾ ਕੀਤਾ ਜਾਵੇਗਾ | ਇਹ ਵਾਧਾ ਅਨੁਪਾਤੀ ਹੋਵੇਗਾ, ਸੀਟਾਂ ਦੀ ਗਿਣਤੀ ਵਧਾ ਕੇ 33 ਫੀਸਦੀ ਔਰਤਾਂ ਲਈ ਰਾਖਵਾਂ ਕੀਤਾ ਜਾਵੇਗਾ | ਵਰਤਮਾਨ ਵਿਚ ਲੋਕ ਸਭਾ ਦੇ ਕੁੱਲ ਮੈਂਬਰਾਂ ਵਿਚੋਂ ਔਰਤਾਂ ਲਗਪਗ 15 ਫੀਸਦੀ ਹਨ, ਜਦਕਿ ਰਾਜ ਵਿਧਾਨ ਸਭਾਵਾਂ ਵਿਚ ਔਰਤਾਂ ਕੁੱਲ ਮੈਂਬਰਾਂ 'ਚੋਂ ਔਸਤਨ 9 ਫੀਸਦੀ ਹਨ | ਕਈ ਰਾਜਾਂ, ਜਿਵੇਂ ਕਿ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਝਾਰਖੰਡ ਅਤੇ ਕੇਰਲ ਨੇ ਸਥਾਨਕ ਸੰਸਥਾਵਾਂ 'ਚ ਔਰਤਾਂ ਲਈ 50 ਫੀਸਦੀ ਰਾਖਵਾਂਕਰਨ ਯਕੀਨੀ ਬਣਾਉਣ ਲਈ ਕਾਨੂੰਨੀ ਪ੍ਰਬੰਧ ਕੀਤੇ ਹਨ |