ਰਾਜਾਸਾਂਸੀ, 15 ਅਪ੍ਰੈਲ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਰਾਜਾਸਾਂਸੀ ਦੇ ਨਗਰ ਪੰਚਾਇਤ ਦਫ਼ਤਰ ਵਿਖੇ ਕੈਬਨਿਟ ਮੰਤਰੀ ਸਥਾਨਕ ਸਰਕਾਰ ਸੰਜੀਵ ਅਰੋੜਾ ਅਤੇ ਸਕੱਤਰ ਸਥਾਨਕ ਸਰਕਾਰ, ਡਾਇਰੈਕਟਰ ਸਥਾਨਕ ਸਰਕਾਰ ਦੇ ਨਿਰਦੇਸ਼ਾਂ ਤਹਿਤ ਪੰਜਾਬ ਫਾਇਰ ਸਰਵਿਸ, ਏ.ਡੀ.ਸੀ. ਯੂ. ਡੀ. ਅੰਮਿ੍ਤਸਰ, ਖੁਸ਼ਪ੍ਰੀਤ ਸਿੰਘ ਐੱਸ.ਡੀ.ਐੱਮ. ਲੋਪੋਕੇ , ਕੁਲਵਿੰਦਰ ਸਿੰਘ ਔਲਖ ਪ੍ਰਧਾਨ ਨਗਰ ਪੰਚਾਇਤ ਰਾਜਾਸਾਂਸੀ, ਸ੍ਰੀ ਅਨਿਲ ਕੁਮਾਰ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਰਾਜਾਸਾਂਸੀ ਵਲੋਂ ਸਾਂਝੇ ਤੌਰ ਤੇ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਿਜ ਰਾਜਾਸਾਂਸੀ 'ਚ 1944 ਨੂੰ ਮੁੰਬਈ ਡੋਕ ਯਾਰਡ ਅੱਗ ਦੁਰਘਟਨਾ ਦੌਰਾਨ ਸ਼ਹੀਦ ਹੋਏ ਫਾਇਰ ਕਰਮੀਆਂ ਦੀ ਯਾਦ ਵਿਚ ਅੱਗ ਸੁਰੱਖਿਅਤ ਜਾਗਰੂਕਤਾ ਹਫਤਾ ਮਨਾਇਆ ਗਿਆ | ਇਸ ਸੰਬੰਧੀ ਨਗਰ ਪੰਚਾਇਤ ਦੇ ਪ੍ਰਧਾਨ ਕੁਲਵਿੰਦਰ ਸਿੰਘ ਔਲਖ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਫਤਾ 14 ਤੋਂ 20 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ ਅਤੇ ਇਸ ਹਫ਼ਤੇ ਦਾ ਉਦੇਸ਼ ਲੋਕਾਂ ਨੂੰ ਅੱਗ ਸੰਬੰਧੀ ਘਟਨਾਵਾਂ ਦੀ ਰੋਕਥਾਮ ਬਾਰੇ ਜਾਗਰੂਕ ਕਰਨਾ ਹੈ | ਉਨ੍ਹਾਂ ਦੱਸਿਆ ਕਿ ਅੱਜ ਰਾਜਾਸਾਂਸੀ ਦੇ ਫਾਇਰ ਸਟੇਸ਼ਨ ਤੇ ਸ਼ਹੀਦਾਂ ਨੂੰ ਯਾਦ ਕਰਦੇ ਸ਼ਰਧਾਂਜਲੀ ਦਿੱਤੀ ਗਈ ਅਤੇ ਦੋ ਮਿੰਟ ਦਾ ਮੋਨ ਰੱਖਿਆ ਗਿਆ ਅਤੇ ਸ਼ਹਿਰ ਵਿਚ ਜਾਗਰੂਕਤਾ ਰੈਲੀ ਕੱਢੀ ਗਈ | ਇਸ ਮੌਕੇ ਤੇ ਅਨਿਲ ਕੁਮਾਰ ਚੋਪੜਾ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਰਾਜਾਸਾਂਸੀ, ਅਰੁਣ ਸੈਣੀ ਫਾਇਰ ਅਫਸਰ ਅਤੇ ਫਾਇਰ ਦੇ ਸਮੂਹ ਸਟਾਫ ਮੈਂਬਰ ਮੌਜੂਦ ਸਨ |