ਸੁਲਤਾਨਵਿੰਡ, 8 ਮਈ (ਗੁਰਨਾਮ ਸਿੰਘ ਬੁੱਟਰ)-ਹਲਕਾ ਪੂਰਬੀ ਦੇ ਅਧੀਨ ਆਉਂਦੇ ਵੀ. ਆਈ. ਪੀ. ਖੇਤਰ ਵਜੋਂ ਜਾਣੇ ਜਾਂਦੇ ਭਾਈ ਗੁਰਦਾਸ ਜੀ ਨਗਰ (ਨਿਊ ਅੰਮਿ੍ਤਸਰ) ਵਿਚ ਵਿਕਾਸ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ | ਇੱਥੋਂ ਦੇ ਬੀ-ਬਲਾਕ ਤੇ ਖੇਤਾਂ ਨੂੰ ਜਾਂਦੇ ਰਸਤਿਆਂ 'ਤੇ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਬਿਨਾਂ ਢੱਕਣਾਂ ਤੋਂ ਅਤੇ ਫੁੱਟਪਾਥਾਂ 'ਤੇ ਲੱਗੇ ਗੰਦਗੀ ਦੇ ਢੇਰ ਪ੍ਰਸ਼ਾਸਨਿਕ ਅਣਗਹਿਲੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਹੇ ਹਨ | ਇਸ ਮੌਕੇ ਇਲਾਕਾ ਨਿਵਾਸੀ ਪਿ੍ਤਪਾਲ ਸਿੰਘ, ਨਰਿੰਦਰ ਸਿੰਘ, ਪ੍ਰਗਟ ਸਿੰਘ, ਤਰਲੋਚਨ ਸਿੰਘ, ਮੁਖਤਾਰ ਸਿੰਘ ਤੇ ਡਾ. ਦਲਬੀਰ ਸਿੰਘ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਖੇਤਾਂ ਵੱਲ ਜਾਂਦੇ ਰਸਤਿਆਂ 'ਤੇ ਸੀਵਰੇਜ ਦੇ ਢੱਕਣ ਲੰਮੇ ਸਮੇਂ ਤੋਂ ਗਾਇਬ ਹਨ, ਜੋ ਕਿਸੇ ਵੀ ਵੇਲੇ ਭਿਆਨਕ ਹਾਦਸੇ ਦਾ ਕਾਰਨ ਬਣ ਸਕਦੇ ਹਨ | ਡਿਵਾਈਡਰਾਂ ਦੇ ਨਾਲ-ਨਾਲ ਰੁੱਖਾਂ ਦੀਆਂ ਟਹਿਣੀਆਂ, ਸੁੱਕੇ ਪੱਤੇ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਫੁੱਟਪਾਥਾਂ 'ਤੇ ਚੱਲਣਾ ਮੁਸ਼ਕਿਲ ਹੋਇਆ ਪਿਆ ਹੈ | ਸਥਾਨਕ ਲੋਕਾਂ ਅਨੁਸਾਰ ਪ੍ਰਸ਼ਾਸਨ ਨੇ ਸਿਰਫ਼ 'ਨਿਊ ਅੰਮਿ੍ਤਸਰ' ਨਾਮ ਰੱਖ ਕੇ ਆਪਣਾ ਫ਼ਰਜ਼ ਪੂਰਾ ਕਰ ਲਿਆ ਹੈ, ਜਦਕਿ ਸਹੂਲਤਾਂ ਪੱਖੋਂ ਇਹ ਇਲਾਕਾ ਕਿਸੇ ਪਛੜੇ ਹੋਏ ਪਿੰਡ ਵਰਗਾ ਪ੍ਰਤੀਤ ਹੁੰਦਾ ਹੈ | ਇਸ ਇਲਾਕੇ ਵਿਚ ਪੁਲਿਸ ਤੇ ਵੱਖ-ਵੱਖ ਵਿਭਾਗਾਂ ਦੇ ਮੌਜੂਦਾ ਅਤੇ ਸੇਵਾਮੁਕਤ ਉੱਚ ਅਧਿਕਾਰੀ ਵੱਡੀ ਗਿਣਤੀ ਵਿਚ ਰਹਿ ਰਹੇ ਹਨ, ਪਰ ਅਫ਼ਸੋਸ ਕਿ ਇਸ ਦੇ ਬਾਵਜੂਦ ਵੀ ਬੁਨਿਆਦੀ ਸਹੂਲਤਾਂ ਅਤੇ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਇਲਾਕਾ ਵਾਸੀਆਂ ਵਿਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਨੰਗੇ ਪਏ ਸੀਵਰੇਜਾਂ 'ਤੇ ਤੁਰੰਤ ਮਜ਼ਬੂਤ ਢੱਕਣ ਲਗਾਏ ਜਾਣ ਤਾਂ ਜੋ ਕਿਸੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ | ਇਲਾਕਾ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ |