ਅੰਮਿ੍ਤਸਰ, 8 ਮਈ (ਰੇਸ਼ਮ ਸਿੰਘ)-ਸਿਹਤ ਵਿਭਾਗ ਦੀ ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਗੁਰੂ ਨਾਨਕ ਦੇਵ ਹਸਪਤਾਲ ਸਰਕਾਰੀ ਮੈਡੀਕਲ ਕਾਲਜ ਦੇ ਕਰਮਚਾਰੀਆਂ ਵਲੋਂ ਸਰਕਾਰ ਅਤੇ ਅਧਿਕਾਰੀਆਂ ਦੇ ਖਿਲਾਫ਼ ਗੇਟ ਰੈਲੀ ਕੀਤੀ ਗਈ, ਜਿਸ 'ਚ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਇੱਥੇ ਮੈਡੀਕਲ ਸੁਪਰਡੈਂਟ ਦਫ਼ਤਰ ਦੇ ਬਾਹਰ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਬਾਰੇ ਪ੍ਰਧਾਨ ਨਰਿੰਦਰ ਸਿੰਘ ਵਲੋਂ ਦੱਸਿਆ ਗਿਆ ਕਿ 15 ਸਾਲ ਤੋਂ ਵੱਧ ਠੇਕੇ 'ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਰਕਾਰ ਵਲੋਂ ਅਜੇ ਤੱਕ ਪੱਕੇ ਨਹੀਂ ਕੀਤਾ ਗਿਆ ਤੇ ਨਾ ਹੀ ਅਧਿਕਾਰੀਆਂ ਵਲੋਂ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਹਨ | ਇਸ ਸਬੰਧੀ ਅਧਿਕਾਰੀ ਹਮੇਸ਼ਾਂ ਬਹਾਨਾ ਬਣਾਉਂਦੇ ਹਨ ਕਿ ਤੁਹਾਡੀਆਂ ਤਨਖਾਹਾਂ ਦਾ ਬਜਟ ਨਹੀਂ ਤੇ ਕਦੀ ਕਹਿੰਦੇ ਹਨ ਕਿ ਡਾਟਾ ਫੀਡ ਕਰਨਾ ਬਾਕੀ ਹੈ | ਉਸ ਲਈ ਸਾਡੇ ਕੋਲ ਅਜੇ ਤੱਕ ਕਿਸੇ ਵੀ ਕਰਮਚਾਰੀ ਦੀ ਆਈ. ਡੀ. ਨਹੀਂ ਹੈ ਜਿਸ ਕਾਰਨ ਕੰਟ੍ਰੈਕਟ 'ਤੇ ਕੰਮ ਕਰ ਰਹੇ ਦਰਜਾ ਚਾਰ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਇਕ ਹਫਤੇ ਦੇ ਅੰਦਰ ਇਨ੍ਹਾਂ ਕਰਮਚਾਰੀਆਂ ਨੂੰ ਤਨਖਾਹਾਂ ਨਾ ਦਿੱਤੀਆਂ ਗਈਆਂ ਤਾਂ ਕਰਮਚਾਰੀ ਹੜਤਾਲ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਸੰਬੰਧਤ ਅਧਿਕਾਰੀਆਂ ਦੀ ਹੋਵੇਗੀ | ਇਸ ਮੌਕੇ ਪ੍ਰਧਾਨ ਪ੍ਰੇਮ ਚੰਦ, ਪ੍ਰਧਾਨ ਜਤਿਨ ਸ਼ਰਮਾ, ਦੀਪਕ ਸ਼ਰਮਾ ਪ੍ਰਧਾਨ ਈ.ਐੱਸ.ਆਈ. ਹਸਪਤਾਲ ਆਦਿ ਆਗੂ ਹਾਜ਼ਰ ਸਨ |