ਅੰਮਿ੍ਤਸਰ, 8 ਮਈ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ ਰੇਲਵੇ ਸਟੇਸ਼ਨ ਦੇ ਬਾਹਰ ਟਰੈਫਿਕ ਜਾਮ ਲੰਬੇ ਸਮੇਂ ਤੋਂ ਯਾਤਰੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਦੁਪਹਿਰ ਤੇ ਸ਼ਾਮ ਦੇ ਸਮੇਂ ਜਦੋਂ ਟਰੈਫਿਕ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਇਹ ਜਾਮ ਹੋਰ ਵੀ ਗੰਭੀਰ ਹੋ ਜਾਂਦਾ ਹੈ | ਜਾਣਕਾਰੀ ਮੁਤਾਬਕ ਅੰਮਿ੍ਤਸਰ ਰੇਲਵੇ ਸਟੇਸ਼ਨ ਦਾ ਪਲੇਟਫਾਰਮ ਨੰਬਰ 1 ਜੀ. ਟੀ. ਰੋਡ ਵਾਲੇ ਪਾਸੇ ਤੋਂ ਸ਼ੁਰੂ ਹੁੰਦਾ ਹੈ, ਜਿਸ ਦੇ ਬਾਹਰ ਅਕਸਰ ਭਾਰੀ ਟਰੈਫਿਕ ਜਾਮ ਲੱਗਾ ਰਹਿੰਦਾ ਹੈ | ਜਾਮ ਦੀ ਸਥਿਤੀ ਦੇ ਚੱਲਦੇ ਲੋਕਾਂ ਨੂੰ ਖਾਸ ਕਰਕੇ ਰੇਲ ਯਾਤਰੀਆਂ ਵੱਡੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਵਾਰ ਤਾਂ ਦੇਖਣ ਨੂੰ ਆਇਆ ਹੈ ਕਿ ਟਰੈਫਿਕ ਜਾਮ ਕਰਕੇ ਯਾਤਰੀ ਸਮੇਂ 'ਤੇ ਆਪਣੀ ਰੇਲਗੱਡੀ ਤੱਕ ਨਹੀਂ ਪਹੁੰਚ ਪਾਂਦੇ | ਲੋਕਾਂ ਵਲੋਂ ਇਸ ਸਮੱਸਿਆ ਦੇ ਸਥਾਈ ਹੱਲ ਦੀ ਮੰਗ ਲਗਾਤਾਰ ਕੀਤੀ ਜਾਂਦੀ ਰਹੀ ਹੈ, ਪਰ ਲੋਕਾਂ ਨੂੰ ਅਜੇ ਤੱਕ ਰਾਹਤ ਨਹੀਂ ਮਿਲੀ ਹੈ | ਟਰੈਫਿਕ ਜਾਮ ਦਾ ਵੱਡਾ ਕਾਰਨ ਰੇਲਵੇ ਸਟੇਸ਼ਨ ਦੇ ਬਾਹਰ ਬੱਸਾਂ, ਆਟੋ ਰਿਕਸ਼ਾ ਅਤੇ ਈ. ਰਿਕਸ਼ਾ ਚਾਲਕਾਂ ਦੀ ਬਹੁਤਾਤ ਵੀ ਹੈ, ਜਿਨ੍ਹਾਂ ਵਲੋਂ ਬਿਨਾਂ ਕਿਸੇ ਪੁਲਿਸ ਪ੍ਰਸ਼ਾਸਨ ਦੇ ਡਰ ਤੋਂ ਮਨਮਾਨੇ ਢੰਗ ਨਾਲ ਸੜਕਾਂ 'ਤੇ ਵਾਹਨ ਖੜ੍ਹੇ ਕੀਤੇ ਜਾਂਦੇ ਹਨ | ਭਾਵੇਂ ਟਰੈਫਿਕ ਪੁਲਿਸ ਵਲੋਂ ਸਮੇਂ ਸਮੇਂ 'ਤੇ ਇਨ੍ਹਾਂ ਵਿਰੱੁਧ ਕਾਰਵਾਈ ਕੀਤੀ ਜਾਂਦੀ ਹੈ, ਲੇਕਿਨ ਇਸਦੇ ਬਾਵਜੂਦ ਜਾਮ ਦੀ ਸਥਿਤੀ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ | ਰਾਹਗੀਰਾਂ ਵਲੋਂ ਮੰਗ ਕੀਤੀ ਗਈ ਕਿ ਪੁਲਿਸ ਪ੍ਰਸ਼ਾਸਨ ਇਸ ਸਮੱਸਿਆ ਦਾ ਸਥਾਈ ਹੱਲ ਕੱਢਦੇ ਹੋਏ ਰਾਹਤ ਪ੍ਰਦਾਨ ਕਰੇ |