ਛੇਹਰਟਾ, 8 ਮਈ (ਪੱਤਰ ਪ੍ਰੇਰਕ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਅੰਮਿ੍ਤਸਰ ਵਲੋਂ ਕੋਟ ਖਾਲਸਾ ਤੇ ਨਿਊ ਮਾਡਲ ਟਾਊਨ ਦੇ ਰਿਹਾਇਸ਼ੀ ਇਲਾਕਿਆਂ ਵਿਚ ਚੱਲ ਰਹੇ ਗ਼ੈਰ-ਅਧਿਕਾਰਤ ਪਸ਼ੂ ਡੇਰਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ | ਮੁਹਿੰਮ ਦੌਰਾਨ ਦੋ ਗ਼ੈਰ-ਅਧਿਕਾਰਤ ਪਸ਼ੂ ਡੇਰਿਆਂ ਦੀ ਪਛਾਣ ਕੀਤੀ ਗਈ ਅਤੇ ਉੱਥੋਂ ਪਸ਼ੂਆਂ ਨੂੰ ਹਟਾਉਣ ਲਈ ਕਾਰਵਾਈ ਕੀਤੀ ਗਈ ਤੇ 7 ਪਸ਼ੂ ਕਾਬੂ ਕਰਕੇ ਸੁਰੱਖਿਅਤ ਤਰੀਕੇ ਨਾਲ ਗਊਸ਼ਾਲਾ ਵਿਚ ਭੇਜੇ ਗਏ | ਇਹ ਕਾਰਵਾਈ ਸ਼ਹਿਰ ਦੀ ਹੱਦ ਅੰਦਰ ਆਵਾਰਾ ਅਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਰੱਖੇ ਜਾ ਰਹੇ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਨਿਗਮ ਵਲੋਂ ਚਲਾਈ ਜਾ ਰਹੀ ਲਗਾਤਾਰ ਮੁਹਿੰਮ ਦਾ ਹਿੱਸਾ ਹੈ | ਇਸ ਕਾਰਵਾਈ ਡਾ. ਰਮਾ, ਐੱਮ. ਓ. ਐੱਚ. ਜੇ. ਪੀ. ਬੱਬਰ, ਸੀ. ਐੱਸ. ਓ. ਸਰਬਜੀਤ ਸਿੰਘ, ਅਨਿਲ ਕੁਮਾਰ ਤੇ ਰਵਿੰਦਰ ਕੁਮਾਰ ਦੀ ਹਾਜ਼ਰੀ ਵਿੱਚ ਕੀਤੀ ਗਈ | ਇਸ ਦੌਰਾਨ ਨਗਰ ਨਿਗਮ ਅੰਮਿ੍ਤਸਰ ਦੇ ਇਨਫੋਰਸਮੈਂਟ ਸਟਾਫ ਅਤੇ ਪੰਜਾਬ ਪੁਲਿਸ ਵਲੋਂ ਵੀ ਸਹਿਯੋਗ ਦਿੱਤਾ ਗਿਆ | ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੁਹਰਾਇਆ ਕਿ ਨਿਗਮ ਜਨਤਕ ਸਫ਼ਾਈ, ਸੜਕ ਸੁਰੱਖਿਆ ਅਤੇ ਸੁਚੱਜੇ ਸ਼ਹਿਰੀ ਜੀਵਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕਿਆਂ ਵਿਚ ਚੱਲ ਰਹੇ ਗ਼ੈਰ-ਅਧਿਕਾਰਤ ਡੇਰੇ ਅਤੇ ਪਸ਼ੂ ਬਾੜੇ ਸਫ਼ਾਈ ਸੰਬੰਧੀ ਸਮੱਸਿਆਵਾਂ ਪੈਦਾ ਕਰਦੇ ਹਨ, ਆਵਾਜਾਈ ਵਿਚ ਰੁਕਾਵਟ ਬਣਦੇ ਹਨ ਅਤੇ ਸਥਾਨਕ ਵਸਨੀਕਾਂ ਲਈ ਅਸੁਵਿਧਾ ਦਾ ਕਾਰਨ ਬਣਦੇ ਹਨ | ਅਜਿਹੀਆਂ ਕਾਰਵਾਈਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਅੱਗੇ ਵੀ ਜਾਰੀ ਰਹਿਣਗੀਆਂ | ਨਗਰ ਨਿਗਮ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗ਼ੈਰ-ਅਧਿਕਾਰਤ ਥਾਵਾਂ 'ਤੇ ਪਸ਼ੂ ਨਾ ਰੱਖਣ ਅਤੇ ਅੰਮਿ੍ਤਸਰ ਨੂੰ ਸਾਫ਼-ਸੁਥਰਾ, ਸੁਰੱਖਿਅਤ ਤੇ ਸੁਚੱਜਾ ਬਣਾਈ ਰੱਖਣ ਵਿਚ ਨਿਗਮ ਦਾ ਸਹਿਯੋਗ ਕਰਨ |