ਅੰਮਿ੍ਤਸਰ, 2 ਜੂਨ (ਹਰਮਿੰਦਰ ਸਿੰਘ)-ਸਥਾਨਕ 100 ਫੁੱਟੀ ਸੜਕ ਵਿਖੇ ਇਕ ਰੈਸਟੋਰੈਂਟ ਦੀ ਰਸੋਈ 'ਚ ਅਚਾਨਕ ਅੱਗ ਲੱਗ ਗਈ, ਜਿਸ ਦੇ ਕਾਰਨ ਰੈਸਟੋਰੈਂਟ ਵਿਚ ਇਕ ਦਮ ਭੱਜਦੌੜ ਮੱਚ ਗਈ ਤੇ ਉੱਥੇ ਮੌਜੂਦ ਗਾਹਕਾਂ ਅਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਤਰੁੰਤ ਬਾਹਰ ਕੱਢਿਆ ਗਿਆ | ਇਸ ਘਟਨਾ ਦੀ ਇਤਲਾਹ ਮਿਲਦੇ ਹੀ ਫਾਇਰ ਬਿ੍ਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਉਨ੍ਹਾਂ ਨੇ ਅੱਗ 'ਤੇ ਕਾਬੂ ਪਾ ਕੇ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ | ਇਸ ਸਬੰਧ ਵਿਚ ਨਗਰ ਨਿਗਮ ਦੇ ਜ਼ਿਲ੍ਹਾ ਫਾਇਰ ਅਫਸਰ ਦਿਲਬਾਗ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਦਫ਼ਤਰ ਵਿਖੇ 7 ਵਜੇ ਇਤਲਾਹ ਆਈ ਕਿ 100 ਫੁੱਟੀ ਸੜਕ 'ਤੇ ਸਥਿਤ ਨਾਵਲਟੀ ਰੈਸਟੋਰੈਂਟ ਵਿਖੇ ਅਚਾਨਕ ਅੱਗ ਲੱਗ ਗਈ ਹੈ, ਜਿਸ 'ਤੇ ਨਗਰ ਨਿਗਮ ਦੀਆਂ ਚਾਰ ਤੇ ਇਕ ਢਾਬ ਬਸਤੀ ਰਾਮ ਫਾਇਰ ਸਟੇਸ਼ਨ ਤੋਂ ਗੱਡੀਆਂ ਘਟਨਾ ਸਥਾਨ 'ਤੇ ਪਹੁੰਚ ਗਈਆਂ ਜਿੱਥੇ ਉਕਤ ਰੈਸਟੋਰੈਂਟ ਦੀ ਰਸੋਈ ਵਿਚ ਅੱਗ ਲੱਗੀ ਹੋਈ ਤੇ ਅੰਦਰ ਪੂਰੀ ਤਰ੍ਹਾਂ ਨਾਲ ਧੂੰਆ ਹੋਇਆ ਪਿਆ ਸੀ | ਉਨ੍ਹਾਂ ਦੱਸਿਆ ਕਿ ਫਾਇਰ ਬਿ੍ਗੇਡ ਦੀਆਂ ਟੀਮਾਂ ਵਲੋਂ ਭਾਰੀ ਜਦੋ ਜਹਿਦ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚਲ ਸਕਿਆ |