ਛੇਹਰਟਾ, 6 ਜੂਨ (ਪੱਤਰ ਪ੍ਰੇਰਕ)-ਗੁਰਦੁਆਰਾ ਸਰਕਾਰ ਪੱਤੀ ਕੋਟ ਖਾਲਸਾ ਵਿਖੇ ਪ੍ਰਧਾਨ ਮੇਜਰ ਸਿੰਘ ਸਰਕਾਰੀਆ ਦੀ ਦੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਏ ਗਏ | ਪਰਸੋਂ ਤੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਜੁਗੋ ਜੁਗ ਅਟੱਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਜੇ ਧਾਰਮਿਕ ਦੀਵਾਨਾਂ ਦੌਰਾਨ ਪੰਥ ਪ੍ਰਸਿੱਧ ਰਾਗੀ ਜਥਿਆਂ ਵਲੋਂ ਅੰਮਿ੍ਤਮਈ ਬਾਣੀ ਦਾ ਕੀਰਤਨ ਕਰਕੇ ਢਾਡੀ ਤੇ ਕਵੀਸ਼ਰੀ ਜਥਿਆਂ ਵਲੋਂ ਸੰਗਤਾਂ ਨੂੰ ਸ਼ਹੀਦਾਂ ਦੀਆਂ ਵਾਰਾਂ ਗਾ ਕੇ ਤੇ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ | ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੇਜਰ ਸਿੰਘ ਸਰਕਾਰੀਆ ਨੇ ਕਿਹਾ ਕਿ ਭਾਰਤੀ ਹਕੂਮਤ ਵਲੋਂ ਜੂਨ 1984 ਦੌਰਾਨ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਹਜ਼ਾਰਾਂ ਹੀ ਬੇਦੋਸ਼ੇ ਸਿੰਘ ਸਿੰਘਣੀਆਂ ਤੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ | ਉਨ੍ਹਾਂ ਕਿਹਾ ਕਿ ਉਸ ਵਕਤ ਭਾਰਤੀ ਫੌਜ ਤੇ ਕੇਂਦਰ ਸਰਕਾਰ ਵਲੋਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਤੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਹ ਖ਼ਤਮ ਹੋ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਸਾਨੂੰ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਇਹੋ ਜਿਹੇ ਸ਼ਹੀਦੀ ਦਿਹਾੜੇ ਜ਼ਰੂਰ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡੇ ਸਿੱਖ ਹੀ ਇਤਿਹਾਸ ਤੇ ਕੌਮੀ ਸ਼ਹੀਦਾਂ ਬਾਰੇ ਸਾਡੇ ਬੱਚਿਆਂ ਤੇ ਨੌਜਵਾਨ ਪੀੜੀ ਜਾਣੂ ਹੋ ਸਕੇ ਕਿ ਕਿਸ ਤਰ੍ਹਾਂ ਸਾਡੇ ਵੱਡ ਵਡੇਰਿਆਂ ਨੇ ਆਪਣੇ ਧਰਮ ਤੇ ਕੌਮ ਲਈ ਕੁਰਬਾਨੀਆਂ ਦਿੱਤੀਆਂ ਸਨ | ਧਾਰਮਿਕ ਸਮਾਗਮ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਏ ਹੋਏ ਜਥਿਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਬੋਹੜੀ ਸਾਹਿਬ ਦੇ ਪ੍ਰਧਾਨ ਸਵਿੰਦਰ ਸਿੰਘ ਕੋਟ ਖਾਲਸਾ, ਮੇਜਰ ਸਿੰਘ ਸਰਕਾਰੀਆ, ਕੁਲਵੰਤ ਸਿੰਘ ਸਰਕਾਰੀਆ, ਹਰਸਿਮਰਨਜੀਤ ਸਿੰਘ ਸੰਧੂ, ਪ੍ਰਧਾਨ ਜਸਪਾਲ ਸਿੰਘ, ਮੰਗਲ ਸਿੰਘ ਸਰਕਾਰੀਆ, ਜਸਪਾਲ ਸਿੰਘ ਸਰਕਾਰੀਆ, ਹੈੱਡ ਗ੍ਰੰਥੀ ਬਾਬਾ ਰਛਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |