ਅੰਮਿ੍ਤਸਰ, 6 ਜੂਨ (ਰੇਸ਼ਮ ਸਿੰਘ)-ਐੱਸ.ਆਈ.ਆਰ. ਤਹਿਤ ਜ਼ਿਲ੍ਹਾ ਅੰਮਿ੍ਤਸਰ ਵਿਚ ਕੁੱਲ 19,71,604 ਵੋਟਰਾਂ ਵਿਚੋਂ ਹੁਣ ਤੱਕ 17,38,253 ਵੋਟਰਾਂ (88.16 ਫ਼ੀਸਦੀ) ਦੀ ਵੋਟਰ ਸੂਚੀ 2003 ਨਾਲ ਮੈਪਿੰਗ ਸਫ਼ਲਤਾ ਪੂਰਵਕ ਕੀਤੀ ਜਾ ਚੁੱਕੀ ਹੈ | ਜ਼ਿਲ੍ਹੇ ਦੇ ਜਿਹੜੇ 2,33,351 ਵੋਟਰ ਮੈਪ ਤੋਂ ਬਿਨਾ ਹਨ, ਉਸ ਨੂੰ ਮੈਪ ਕਰਨ ਲਈ ਯਤਨ ਜਾਰੀ ਹਨ | ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੋਟਰ ਸੂਚੀ 2003 ਦੇ ਮੌਜੂਦਾ ਵੋਟਰਾਂ ਦੀ ਮੈਪਿੰਗ ਦੇ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਜ਼ਿਲ੍ਹੇ ਵਿਚ ਅੱਜ 7 ਜੂਨ, 2026 (ਦਿਨ ਐਤਵਾਰ) ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਇਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ | ਇਸ ਵਿਸ਼ੇਸ਼ ਮੁਹਿੰਮ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਜ਼ਿਲ੍ਹੇ ਦਾ ਕੋਈ ਵੀ ਯੋਗ ਵੋਟਰ ਇਸ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ | ਕੈਂਪ ਵਾਲੇ ਦਿਨ ਸਾਰੇ ਬੂਥ ਲੈਵਲ ਅਫ਼ਸਰ (ਬੀ.ਐੱਲ.ਓ.) ਆਪਣੇ-ਆਪਣੇ ਨਿਰਧਾਰਤ ਪੋਲਿੰਗ ਬੂਥਾਂ 'ਤੇ ਮੌਜੂਦ ਰਹਿਣਗੇ ਅਤੇ ਵੋਟਰਾਂ ਦੀ ਸਹਾਇਤਾ ਕਰਨਗੇ | ਸਾਲ 2003 ਦੀ ਵੋਟਰ ਸੂਚੀ ਦੇ ਆਧਾਰ 'ਤੇ ਵੋਟਰਾਂ ਦੀ ਮੈਪਿੰਗ ਦੀ ਸਹੂਲਤ ਲਈ ਨਾਗਰਿਕ ਆਪਣੇ ਬੂਥ 'ਤੇ ਜਾ ਕੇ ਇਸ ਦਾ ਲਾਭ ਉਠਾ ਸਕਦੇ ਹਨ |